‘ਏਕ ਸ਼ਾਮ ਸ਼ਿਵ ਕੇ ਨਾਮ’ ਲਈ ਪੁਲਿਸ ਦਾ ਮੈਗਾ ਟ੍ਰੈਫਿਕ ਪਲਾਨ ਜਾਰੀ ਅਹਿਮ ਖ਼ਬਰ-ਲੁਧਿਆਣਾ ’ਚ ਅੱਜ ਹੋਣ ਵਾਲੀ ਏਕ ਸ਼ਾਮ ਸ਼ਿਵ ਕੇ ਨਾਮ’ ਲਈ ਪੁਲਿਸ ਦਾ ਮੈਗਾ ਟ੍ਰੈਫਿਕ ਪਲਾਨ
Publish Date: Thu, 13 Aug 2026 08:03 PM (IST)
Updated Date: Fri, 14 Aug 2026 04:05 AM (IST)
ਦਰੇਸੀ ਗਰਾਊਂਡ ਦੇ ਆਲੇ-ਦੁਆਲੇ ਨੋ-ਵ੍ਹੀਕਲ ਜ਼ੋਨ ਵੱਖ-ਵੱਖ ਪਾਰਕਿੰਗਾਂ ਤੇ ਕਈ ਥਾਵਾਂ ’ਤੇ ਟ੍ਰੈਫਿਕ ਡਾਇਵਰਸ਼ਨ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ 14 ਅਗਸਤ ਦੀ ਸ਼ਾਮ ਦਰੇਸੀ ਗਰਾਊਂਡ ਵਿਖੇ ਹੋਣ ਵਾਲੇ ਧਾਰਮਿਕ ਸਮਾਗਮ ‘ਏਕ ਸ਼ਾਮ ਸ਼ਿਵ ਕੇ ਨਾਮ’ ਨੂੰ ਲੈ ਕੇ ਲੁਧਿਆਣਾ ਪੁਲਿਸ ਵੱਲੋਂ ਟ੍ਰੈਫਿਕ ਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਦੇ ਪਹੁੰਚਣ ਦੀ ਸੰਭਾਵਨਾ ਦੇ ਮੱਦੇਨਜ਼ਰ ਪੁਲਿਸ ਵੱਲੋਂ ਆਵਾਜਾਈ ਨੂੰ ਸੁਚਾਰੂ ਬਣਾਈ ਰੱਖਣ, ਵਾਹਨਾਂ ਦੀ ਪਾਰਕਿੰਗ ਅਤੇ ਆਮ ਰਾਹਗੀਰਾਂ ਨੂੰ ਕਿਸੇ ਤਰ੍ਹਾਂ ਦੀ ਵੱਡੀ ਦਿੱਕਤ ਤੋਂ ਬਚਾਉਣ ਲਈ ਵਿਸ਼ੇਸ਼ ਟ੍ਰੈਫਿਕ ਪਲਾਨ ਤਿਆਰ ਕੀਤਾ ਗਿਆ ਹੈ। ਏਸੀਪੀ ਟ੍ਰੈਫਿਕ ਜਤਿਨ ਬਾਂਸਲ ਨੇ ਦੱਸਿਆ ਕਿ ਦਰੇਸੀ ਗਰਾਊਂਡ ਦੇ ਆਲੇ-ਦੁਆਲੇ ਦੇ ਕੁੱਝ ਇਲਾਕਿਆਂ ਵਿੱਚ ਸਮਾਗਮ ਦੌਰਾਨ ਵਾਹਨਾਂ ਦੀ ਆਵਾਜਾਈ ’ਤੇ ਪਾਬੰਦੀ ਲਗਾ ਕੇ ਨੋ-ਵਹੀਕਲ ਜ਼ੋਨ ਬਣਾਇਆ ਜਾਵੇਗਾ। ਇਸ ਦਾ ਮਕਸਦ ਸਮਾਗਮ ਵਾਲੀ ਥਾਂ ’ਤੇ ਆਉਣ ਵਾਲੀ ਸੰਗਤ ਦੀ ਆਵਾਜਾਈ ਨੂੰ ਸੁਚਾਰੂ ਰੱਖਣ ਦੇ ਨਾਲ-ਨਾਲ ਕਿਸੇ ਵੀ ਤਰ੍ਹਾਂ ਦੀ ਭੀੜ ਜਾਂ ਟ੍ਰੈਫਿਕ ਜਾਮ ਦੀ ਸਥਿਤੀ ਪੈਦਾ ਹੋਣ ਤੋਂ ਰੋਕਣਾ ਹੈ। ਉਨ੍ਹਾਂ ਦੱਸਿਆ ਕਿ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਦੇ ਵਾਹਨਾਂ ਲਈ ਵੱਖ-ਵੱਖ ਥਾਵਾਂ ’ਤੇ ਪਾਰਕਿੰਗ ਬਣਾਈਆਂ ਗਈਆਂ ਹਨ। ਬੱਸਾਂ ਅਤੇ ਕਾਰਾਂ ਲਈ ਵੱਖ-ਵੱਖ ਪਾਰਕਿੰਗ ਸਥਾਨ ਨਿਰਧਾਰਤ ਕੀਤੇ ਗਏ ਹਨ। ਪੁਲਿਸ ਵੱਲੋਂ ਤਿਆਰ ਕੀਤਾ ਗਿਆ ਪਾਰਕਿੰਗ ਮੈਪ ਵੀ ਤਿਆਰ ਕੀਤਾ ਗਿਆ ਹੈ, ਤਾਂ ਜੋ ਸੰਗਤ ਘਰੋਂ ਨਿਕਲਣ ਤੋਂ ਪਹਿਲਾਂ ਹੀ ਆਪਣੀ ਪਾਰਕਿੰਗ ਵਾਲੀ ਥਾਂ ਦੀ ਜਾਣਕਾਰੀ ਹਾਸਲ ਕਰ ਸਕੇ ਅਤੇ ਉਸੇ ਅਨੁਸਾਰ ਆਪਣਾ ਰੂਟ ਤੈਅ ਕਰੇ। ਏਸੀਪੀ ਟ੍ਰੈਫਿਕ ਨੇ ਦੱਸਿਆ ਕਿ ਸਮਾਗਮ ਦੇ ਸਮੇਂ ਸ਼ਹਿਰ ਦੇ ਕੁਝ ਪ੍ਰਮੁੱਖ ਮਾਰਗਾਂ ’ਤੇ ਟ੍ਰੈਫਿਕ ਦਾ ਦਬਾਅ ਵਧਣ ਦੀ ਸੰਭਾਵਨਾ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਜਲੰਧਰ ਬਾਈਪਾਸ ਅਤੇ ਵਿਸ਼ਵਕਰਮਾ ਚੌਕ ਸਮੇਤ ਹੋਰ ਪ੍ਰਮੁੱਖ ਪੁਆਇੰਟਾਂ ’ਤੇ ਹੈਵੀ ਟ੍ਰੈਫਿਕ ਨੂੰ ਡਾਇਵਰਟ ਕਰਨ ਦੇ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਟ੍ਰੈਫਿਕ ਪੁਲਿਸ ਦੀਆਂ ਟੀਮਾਂ ਵੱਖ-ਵੱਖ ਪੁਆਇੰਟਾਂ ’ਤੇ ਤਾਇਨਾਤ ਰਹਿਣਗੀਆਂ ਅਤੇ ਸਥਿਤੀ ਅਨੁਸਾਰ ਟ੍ਰੈਫਿਕ ਨੂੰ ਬਦਲਵੇਂ ਰਸਤਿਆਂ ਵੱਲ ਮੋੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚੋਂ ਆਮ ਤੌਰ ’ਤੇ ਲੰਘਣ ਵਾਲੇ ਰਾਹਗੀਰਾਂ ਨੂੰ ਵੀ ਸਮਾਗਮ ਦੇ ਸਮੇਂ ਟ੍ਰੈਫਿਕ ਪਲਾਨ ਦਾ ਧਿਆਨ ਰੱਖਣ ਦੀ ਅਪੀਲ ਕੀਤੀ ਗਈ ਹੈ। ਜਿਹੜੇ ਰੂਟ ਡਾਇਵਰਟ ਕੀਤੇ ਜਾਣਗੇ, ਉਨ੍ਹਾਂ ’ਤੇ ਪੁਲਿਸ ਮੁਲਾਜ਼ਮ ਤਾਇਨਾਤ ਰਹਿ ਕੇ ਵਾਹਨ ਚਾਲਕਾਂ ਨੂੰ ਬਦਲਵੇਂ ਰਸਤਿਆਂ ਬਾਰੇ ਜਾਣਕਾਰੀ ਦੇਣਗੇ। ਪੁਲਿਸ ਵੱਲੋਂ ਸਮਾਗਮ ਵਿੱਚ ਆਉਣ ਵਾਲੀ ਸੰਗਤ ਨੂੰ ਖਾਸ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਵਾਹਨ ਸਮਾਗਮ ਵਾਲੀ ਥਾਂ ਦੇ ਨੇੜੇ ਸੜਕਾਂ ’ਤੇ ਖੜ੍ਹੇ ਕਰਨ ਤੋਂ ਗੁਰੇਜ਼ ਕਰਨ ਅਤੇ ਸਿਰਫ਼ ਨਿਰਧਾਰਤ ਪਾਰਕਿੰਗ ਸਥਾਨਾਂ ਦੀ ਵਰਤੋਂ ਕਰਨ। ਇਸ ਨਾਲ ਜਿੱਥੇ ਸੰਗਤ ਨੂੰ ਆਪਣੇ ਵਾਹਨ ਸੁਰੱਖਿਅਤ ਢੰਗ ਨਾਲ ਪਾਰਕ ਕਰਨ ਵਿੱਚ ਸਹੂਲਤ ਮਿਲੇਗੀ, ਉੱਥੇ ਹੀ ਐਮਰਜੈਂਸੀ ਵਾਹਨਾਂ ਅਤੇ ਆਮ ਟ੍ਰੈਫਿਕ ਦੀ ਆਵਾਜਾਈ ਵੀ ਪ੍ਰਭਾਵਿਤ ਨਹੀਂ ਹੋਵੇਗੀ। ਖ਼ਬਰ ਦਾ ਬਾਕਸ: ਗਾਇਕ ਕੈਲਾਸ਼ ਖੇਰ ਕਰਨਗੇ ਗੁਣਗਾਨ, ਕੇਜਰੀਵਾਲ ਤੇ ਮੁੱਖ ਮੰਤਰੀ ਪੁੱਜਣਗੇ ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ ਏਕ ਸ਼ਾਮ ਸ਼ਿਵ ਕੇ ਨਾਮ ਵਿੱਚ ਵਿਸ਼ਵ ਪ੍ਰਸਿੱਧ ਗਾਇਕ ਕੈਲਾਸ਼ ਖੇਰ ਆਪਣੇ ਭਜਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਸਮੇਤ ਪੰਜਾਬ ਸਰਕਾਰ ਦੇ ਮੰਤਰੀ, ਵਿਧਾਇਕ ਤੇ ਹੋਰ ਪਤਵੰਤੇ ਸੱਜਣ ਪੁੱਜਣਗੇ।