ਆਈਐਸਆਈ ਦੇ ਜਾਸੂਸੀ ਨੈੱਟਵਰਕ ਦੀਆਂ ਪੰਜਾਬ ’ਚ ਹੋਰ ਸੰਪਰਕ ਖੰਗਾਲ ਰਹੀ ਪੁਲਿਸ ਅਹਿਮ ਖ਼ਬਰ-ਆਈਐਸਆਈ ਦੇ ਜਾਸੂਸੀ ਨੈੱਟਵਰਕ ਦੀਆਂ ਪੰਜਾਬ ’ਚ ਹੋਰ ਸੰਪਰਕ ਖੰਗਾਲ ਰਹੀ ਪੁਲਿਸ
Publish Date: Sat, 29 Aug 2026 09:17 PM (IST)
Updated Date: Sat, 29 Aug 2026 09:19 PM (IST)
-ਰਸ਼ਪਾਲ ਤੋਂ ਪੁੱਛਗਿੱਛ ’ਚ ਸਾਹਮਣੇ ਆ ਸਕਦੇ ਨੇ ਕਈ ਅਹਿਮ ਰਾਜ਼ -ਲੁਧਿਆਣਾ ਪੁਲਿਸ ਤੇ ਕਾਊਂਟਰ ਇੰਟੈਲੀਜੈਂਸ ਦੀ ਸਾਂਝੀ ਜਾਂਚ ਤੇਜ਼, -ਮੁਲਜ਼ਮ ਦੇ ਕਾਲ ਡਿਟੇਲ ’ਚੋਂ ਸ਼ੱਕੀ ਸੰਪਰਕਾਂ ਦੀ ਪਛਾਣ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਵੱਲੋਂ ਪੰਜਾਬ ’ਚ ਕਥਿਤ ਤੌਰ ’ਤੇ ਚਲਾਏ ਜਾ ਰਹੇ ਜਾਸੂਸੀ ਨੈੱਟਵਰਕ ਦਾ ਪਤਾ ਲਗਾਉਣ ਲਈ ਲੁਧਿਆਣਾ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ (ਸੀਆਈ) ਨੇ ਜਾਂਚ ਹੋਰ ਤੇਜ਼ ਕਰ ਦਿੱਤੀ ਹੈ। ਗੁਰਦਾਸਪੁਰ ਦੇ 20 ਸਾਲਾ ਨੌਜਵਾਨ ਰਸ਼ਪਾਲ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਜਾਂਚ ਏਜੰਸੀਆਂ ਨੂੰ ਸ਼ੱਕ ਹੈ ਕਿ ਆਈਐੱਸਆਈ ਨਾਲ ਜੁੜੀਆਂ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਪੰਜਾਬ ਦੇ ਹੋਰ ਹਿੱਸਿਆਂ ਵਿੱਚ ਵੀ ਚੱਲ ਰਹੀਆਂ ਹੋ ਸਕਦੀਆਂ ਹਨ। ਪੁਲਿਸ ਮੁਲਜ਼ਮ ਤੋਂ ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਇਸ ਦੌਰਾਨ ਆਈਐੱਸਆਈ ਦੇ ਨੈੱਟਵਰਕ ਨਾਲ ਜੁੜੇ ਹੋਰ ਲੋਕਾਂ ਬਾਰੇ ਵੀ ਅਹਿਮ ਜਾਣਕਾਰੀਆਂ ਸਾਹਮਣੇ ਆ ਸਕਦੀਆਂ ਹਨ। ਜਾਣਕਾਰੀ ਅਨੁਸਾਰ ਲੁਧਿਆਣਾ ਪੁਲਿਸ ਅਤੇ ਸੀਆਈ ਦੀ ਸਾਂਝੀ ਟੀਮ ਵੱਲੋਂ ਰਸ਼ਪਾਲ ਸਿੰਘ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਸੂਤਰਾਂ ਮੁਤਾਬਕ ਮੁਲਜ਼ਮ ਦੀਆਂ ਕਾਲ ਡਿਟੇਲਾਂ ਦੀ ਜਾਂਚ ਦੌਰਾਨ ਕੁਝ ਸ਼ੱਕੀ ਸੰਪਰਕ ਵੀ ਸਾਹਮਣੇ ਆਏ ਹਨ। ਇਨ੍ਹਾਂ ਸੰਪਰਕਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਇਹ ਲੋਕ ਕਿਸੇ ਵੱਡੇ ਜਾਸੂਸੀ ਨੈੱਟਵਰਕ ਦਾ ਹਿੱਸਾ ਹਨ ਜਾਂ ਨਹੀਂ। ਬੱਦੋਵਾਲ ਕੈਂਟ ਦੇ ਨੇੜੇ ਕਿਰਾਏ ’ਤੇ ਲਈ ਦੁਕਾਨ, ਲਗਾਏ ਸੀਸੀਟੀਵੀ ਕੈਮਰੇ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਰਸ਼ਪਾਲ ਸਿੰਘ ਨੇ ਲੁਧਿਆਣਾ ਦੇ ਨਿਊ ਸੁੰਦਰ ਨਗਰ ਵਿੱਚ ਮੈਡੀਵੇ ਹਸਪਤਾਲ ਦੇ ਸਾਹਮਣੇ, ਫਿਰੋਜ਼ਪੁਰ ਰੋਡ ’ਤੇ ਇੱਕ ਦੁਕਾਨ ਕਿਰਾਏ ’ਤੇ ਲਈ ਹੋਈ ਸੀ। ਇਹ ਥਾਂ ਬੱਦੋਵਾਲ ਕੈਂਟੋਨਮੈਂਟ ਤੋਂ ਕਰੀਬ ਛੇ ਕਿਲੋਮੀਟਰ ਦੀ ਦੂਰੀ ’ਤੇ ਦੱਸੀ ਜਾ ਰਹੀ ਹੈ। ਮੁਲਜ਼ਮ ਨੇ ਦੁਕਾਨ ਦੇ ਬਾਹਰ ਸੀਸੀਟੀਵੀ ਕੈਮਰੇ ਲਗਾਏ ਹੋਏ ਸਨ ਅਤੇ ਇਨ੍ਹਾਂ ਕੈਮਰਿਆਂ ਦੀ ਲਾਈਵ ਸਟ੍ਰੀਮਿੰਗ ਤੱਕ ਪਾਕਿਸਤਾਨੀ ਖੁਫੀਆ ਏਜੰਸੀਆਂ ਨੂੰ ਪਹੁੰਚ ਦਿੱਤੀ ਹੋਈ ਸੀ। ਜਾਂਚ ਅਨੁਸਾਰ ਪਾਕਿਸਤਾਨੀ ਹੈਂਡਲਰ ਇਸ ਲਾਈਵ ਫੀਡ ਰਾਹੀਂ ਲੁਧਿਆਣਾ ਜ਼ਿਲ੍ਹੇ ਵਿੱਚ ਸੁਰੱਖਿਆ ਨਾਲ ਸਬੰਧਤ ਹਲਚਲ ’ਤੇ ਨਜ਼ਰ ਰੱਖਦੇ ਸਨ। ਦੋਸ਼ ਹੈ ਕਿ ਇਸ ਤਰ੍ਹਾਂ ਇਕੱਠੀ ਕੀਤੀ ਜਾਣਕਾਰੀ ਦੀ ਵਰਤੋਂ ਕਰਕੇ ਵੱਖ-ਵੱਖ ਮੋਬਾਈਲ ਨੰਬਰਾਂ ਰਾਹੀਂ ਧਮਕੀਆਂ ਦੇਣ ਦੀਆਂ ਗਤੀਵਿਧੀਆਂ ਵੀ ਕੀਤੀਆਂ ਗਈਆਂ। ਪੁਲਿਸ ਨੂੰ ਸ਼ੱਕ ਹੈ ਕਿ ਮੁਲਜ਼ਮ ਨੇ ਰਾਸ਼ਟਰੀ ਸੁਰੱਖਿਆ, ਰੱਖਿਆ ਅਦਾਰਿਆਂ ਅਤੇ ਰਣਨੀਤਕ ਗਤੀਵਿਧੀਆਂ ਨਾਲ ਸਬੰਧਤ ਸੰਵੇਦਨਸ਼ੀਲ ਜਾਣਕਾਰੀ ਵੀ ਆਪਣੇ ਪਾਕਿਸਤਾਨ ਬੈਠੇ ਹੈਂਡਲਰਾਂ ਨਾਲ ਸਾਂਝੀ ਕੀਤੀ। ਸੀਸੀਟੀਵੀ ਕੈਮਰੇ, ਰਾਊਟਰ ਤੇ ਮੈਮਰੀ ਕਾਰਡ ਬਰਾਮਦ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਕੋਲੋਂ ਦੋ ਸੀਸੀਟੀਵੀ ਕੈਮਰੇ, ਇੱਕ ਵਾਈ-ਫਾਈ ਰਾਊਟਰ, ਇੱਕ ਪਾਵਰ ਅਡੈਪਟਰ ਅਤੇ 64 ਜੀਬੀ ਦਾ ਮੈਮੋਰੀ ਕਾਰਡ ਬਰਾਮਦ ਕੀਤਾ ਹੈ। ਪੁਲਿਸ ਹੁਣ ਇਨ੍ਹਾਂ ਉਪਕਰਨਾਂ ਅਤੇ ਮੈਮਰੀ ਕਾਰਡ ਵਿੱਚ ਮੌਜੂਦ ਡਾਟਾ ਦੀ ਜਾਂਚ ਕਰ ਰਹੀ ਹੈ। ਇਸ ਜਾਂਚ ਤੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਹੜੀਆਂ ਥਾਵਾਂ ਦੀ ਨਿਗਰਾਨੀ ਕੀਤੀ ਗਈ ਅਤੇ ਕਿੰਨੀ ਸੰਵੇਦਨਸ਼ੀਲ ਜਾਣਕਾਰੀ ਬਾਹਰ ਭੇਜੀ ਗਈ। 6 ਦਿਨ ਦੇ ਪੁਲਿਸ ਰਿਮਾਂਡ ’ਤੇ ਹੈ ਮੁਲਜ਼ਮ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਰਸ਼ਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ, ਜਿੱਥੋਂ ਉਸ ਨੂੰ ਛੇ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਿਆ ਗਿਆ। ਇਸ ਸਮੇਂ ਮੁਲਜ਼ਮ ਤੋਂ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ। ਪੁਲਿਸ ਦਾ ਮੁੱਖ ਮਕਸਦ ਇਹ ਪਤਾ ਲਗਾਉਣਾ ਹੈ ਕਿ ਹੁਣ ਤੱਕ ਕਿਹੜੀ ਸੰਵੇਦਨਸ਼ੀਲ ਜਾਣਕਾਰੀ ਪਾਕਿਸਤਾਨੀ ਹੈਂਡਲਰਾਂ ਤੱਕ ਪਹੁੰਚਾਈ ਗਈ, ਇਸ ਪਿੱਛੇ ਹੋਰ ਕੌਣ ਲੋਕ ਸ਼ਾਮਲ ਹਨ ਅਤੇ ਆਉਣ ਵਾਲੇ ਸਮੇਂ ਲਈ ਕਿਸੇ ਹੋਰ ਯੋਜਨਾ ’ਤੇ ਕੰਮ ਤਾਂ ਨਹੀਂ ਕੀਤਾ ਜਾ ਰਿਹਾ ਸੀ। ਹਵਾਲਾ ਰਾਹੀਂ ਕਰੀਬ 3 ਲੱਖ ਰੁਪਏ ਮਿਲਣ ਦਾ ਦਾਅਵਾ ਡੀਸੀਪੀ ਕ੍ਰਾਈਮ ਹਰਪਾਲ ਸਿੰਘ ਨੇ ਦੱਸਿਆ ਕਿ ਰਸ਼ਪਾਲ ਸਿੰਘ ਵੱਖ-ਵੱਖ ਆਨਲਾਈਨ ਸੰਚਾਰ ਸਾਧਨਾਂ ਰਾਹੀਂ ਆਈਐੱਸਆਈ ਦੇ ਹੈਂਡਲਰਾਂ ਦੇ ਸੰਪਰਕ ਵਿੱਚ ਸੀ ਅਤੇ ਉਨ੍ਹਾਂ ਨਾਲ ਲਗਾਤਾਰ ਗੱਲਬਾਤ ਕਰਦਾ ਸੀ। ਪੁਲਿਸ ਮੁਤਾਬਕ ਮੁਲਜ਼ਮ ਨੂੰ ਹਾਲੀਆ ਸਮੇਂ ਦੌਰਾਨ ਹਵਾਲਾ ਨੈੱਟਵਰਕ ਰਾਹੀਂ ਆਈਐੱਸਆਈ ਵੱਲੋਂ ਕਰੀਬ ਤਿੰਨ ਲੱਖ ਰੁਪਏ ਮਿਲੇ ਹਨ। ਇਸ ਮਾਮਲੇ ਵਿੱਚ ਕੁਝ ਹਵਾਲਾ ਆਪਰੇਟਰ ਵੀ ਪੁਲਿਸ ਦੀ ਜਾਂਚ ਦੇ ਘੇਰੇ ਵਿੱਚ ਹਨ ਅਤੇ ਉਨ੍ਹਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਸੰਕੇਤ ਦਿੱਤਾ ਹੈ ਕਿ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਭੂਮਿਕਾ ਸਾਹਮਣੇ ਆਉਣ ’ਤੇ ਉਨ੍ਹਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾ ਸਕਦੀ ਹੈ। ਸੁਰੱਖਿਆ ਅਦਾਰਿਆਂ ਦੇ ਆਲੇ-ਦੁਆਲੇ ਲੱਗੇ ਕੈਮਰਿਆਂ ਦੀ ਹੋਵੇਗੀ ਜਾਂਚ ਡੀਸੀਪੀ ਹਰਪਾਲ ਸਿੰਘ ਨੇ ਖਦਸ਼ਾ ਪ੍ਰਗਟਾਇਆ ਕਿ ਆਈਐੱਸਆਈ ਵੱਲੋਂ ਇਸ ਤਰ੍ਹਾਂ ਦੀਆਂ ਜਾਸੂਸੀ ਗਤੀਵਿਧੀਆਂ ਪੰਜਾਬ ਦੇ ਹੋਰ ਹਿੱਸਿਆਂ ਵਿੱਚ ਵੀ ਚਲਾਈਆਂ ਜਾ ਰਹੀਆਂ ਹੋ ਸਕਦੀਆਂ ਹਨ। ਉਨ੍ਹਾਂ ਮੁਤਾਬਕ ਸੁਰੱਖਿਆ ਅਦਾਰਿਆਂ ਜਾਂ ਹੋਰ ਸੰਵੇਦਨਸ਼ੀਲ ਥਾਵਾਂ ਦੇ ਨੇੜੇ ਲਾਈਵ ਫੀਡ ਮੁਹੱਈਆ ਕਰਵਾਉਣ ਦੇ ਬਦਲੇ ਵੱਡੀ ਰਕਮ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਖਦਸ਼ੇ ਦੇ ਮੱਦੇਨਜ਼ਰ ਲੁਧਿਆਣਾ ਪੁਲਿਸ ਨੇ ਸ਼ਹਿਰ ਵਿੱਚ ਸਥਿਤ ਸੰਵੇਦਨਸ਼ੀਲ ਥਾਵਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਇਹ ਪਤਾ ਲਗਾ ਰਹੀ ਹੈ ਕਿ ਕਿਤੇ ਕਿਸੇ ਵਿਅਕਤੀ ਵੱਲੋਂ ਆਈਐਸਆਈ ਦੇ ਇਸ਼ਾਰੇ ’ਤੇ ਸੁਰੱਖਿਆ ਅਦਾਰਿਆਂ ਦੀ ਨਿਗਰਾਨੀ ਲਈ ਗੈਰ-ਕਾਨੂੰਨੀ ਢੰਗ ਨਾਲ ਕੈਮਰੇ ਤਾਂ ਨਹੀਂ ਲਗਾਏ ਗਏ। ਰਸ਼ਪਾਲ ਤੋਂ ਹੋ ਰਹੀ ਪੁੱਛਗਿੱਛ ਅਤੇ ਇਲੈਕਟ੍ਰਾਨਿਕ ਸਬੂਤਾਂ ਦੀ ਜਾਂਚ ਤੋਂ ਬਾਅਦ ਇਸ ਪੂਰੇ ਨੈੱਟਵਰਕ ਦੀਆਂ ਹੋਰ ਕੜੀਆਂ ਸਾਹਮਣੇ ਆਉਣ ਦੀ ਉਮੀਦ ਹੈ।