- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਹਿਮ ਖ਼ਬਰ-ਸਫਾਈ ਸੇਵਕਾਂ ਦੀ ਡਿਊਟੀ 'ਚ ਲਾਪਰਵਾਹੀ ਤੇ ਸੈਨੇਟਰੀ ਇੰਸਪੈਕਟਰ ਦੀ ਨਿਗਰਾਨੀ ਦੀ ਘਾਟ ਕਾਰਨ ਲੋਕ ਪ੍ਰੇਸ਼ਾਨ

ਜ਼ਰੂਰੀ)
-ਵਾਰਡ-84 ਦੀ ਰੂਪਾ ਮਿਸਤਰੀ ਗਲੀ 'ਚ ਗੰਦਗੀ ਦੇ ਢੇਰ, ਬਿਮਾਰੀਆਂ ਦਾ ਖ਼ਦਸ਼ਾ: ਸੁਸ਼ਮਾ ਮਹਿਤਾ
ਸੁਰੇਸ਼ ਕੁਮਾਰ, ਪੰਜਾਬੀ ਜਾਗਰਣ, ਲੁਧਿਆਣਾ
ਮਹਾਂਨਗਰ ਵਿੱਚ ਸਫਾਈ ਵਿਵਸਥਾ ਨੂੰ ਲੈ ਕੇ ਨਗਰ ਨਿਗਮ ਦੇ ਦਾਅਵਿਆਂ ਦੀ ਪੋਲ ਵਾਰਡ-84 ਦੀ ਰੂਪਾ ਮਿਸਤਰੀ ਗਲੀ ਵਿੱਚ ਖੁੱਲ੍ਹਦੀ ਨਜ਼ਰ ਆ ਰਹੀ ਹੈ। ਸ਼ਹਿਰ ਦੇ ਪ੍ਰਮੁੱਖ ਵਪਾਰਕ ਖੇਤਰ ਵਿੱਚ ਸ਼ੁਮਾਰ ਇਸ ਇਲਾਕੇ ਵਿੱਚ ਥਾਂ-ਥਾਂ ਕੂੜੇ ਦੇ ਢੇਰ ਲੱਗੇ ਹੋਏ ਹਨ। ਕਈ ਦਿਨਾਂ ਤੱਕ ਸਫਾਈ ਨਾ ਹੋਣ ਅਤੇ ਕੂੜੇ ਨਾਲ ਭਰੀਆਂ ਰੇਹੜੀਆਂ ਸੜਕਾਂ ਕੰਢੇ ਖੜ੍ਹੀਆਂ ਰਹਿਣ ਕਾਰਨ ਇਲਾਕੇ ਦੇ ਲੋਕਾਂ ਨੂੰ ਗੰਦਗੀ ਅਤੇ ਬਦਬੂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਹਾਲਾਤ ਵਿੱਚ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਵਧ ਗਿਆ ਹੈ। ਸਾਬਕਾ ਕੌਂਸਲਰ ਸੁਸ਼ਮਾ ਮਹਿਤਾ ਨੇ ਇਲਾਕੇ ਦਾ ਦੌਰਾ ਕਰਕੇ ਸਫਾਈ ਵਿਵਸਥਾ ਦੀ ਮਾੜੀ ਹਾਲਤ 'ਤੇ ਗੰਭੀਰ ਚਿੰਤਾ ਪ੍ਰਗਟਾਈ। ਉਨ੍ਹਾਂ ਦੋਸ਼ ਲਾਇਆ ਕਿ ਸਫਾਈ ਸੇਵਕਾਂ ਵੱਲੋਂ ਨਿਯਮਿਤ ਤੌਰ 'ਤੇ ਡਿਊਟੀ ਨਾ ਨਿਭਾਉਣ ਕਾਰਨ ਕੂੜਾ ਇਕੱਠਾ ਹੋ ਰਿਹਾ ਹੈ। ਕੂੜਾ ਚੁੱਕਣ ਦੀ ਬਜਾਏ ਰੇਹੜੀਆਂ ਵਿੱਚ ਭਰ ਕੇ ਖਾਲੀ ਪਲਾਟਾਂ ਵਿੱਚ ਸੁੱਟਿਆ ਜਾ ਰਿਹਾ ਹੈ, ਜਿਸ ਨਾਲ ਇਹ ਪਲਾਟ ਕੂੜੇ ਦੇ ਡੰਪ ਵਿੱਚ ਤਬਦੀਲ ਹੋ ਰਹੇ ਹਨ।
ਮਹਿਤਾ ਨੇ ਕਿਹਾ ਕਿ ਨਿਗਮ ਵੱਲੋਂ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ ਲਈ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ, ਪਰ ਜ਼ਮੀਨੀ ਪੱਧਰ 'ਤੇ ਸਫਾਈ ਪ੍ਰਬੰਧਾਂ ਦੀ ਨਿਗਰਾਨੀ ਨਾ ਹੋਣ ਕਾਰਨ ਅਜਿਹੇ ਦਾਅਵੇ ਬੇਅਸਰ ਸਾਬਤ ਹੋ ਰਹੇ ਹਨ। ਉਨ੍ਹਾਂ ਸੈਨੇਟਰੀ ਇੰਸਪੈਕਟਰ ਦੀ ਕਾਰਜ ਪ੍ਰਣਾਲੀ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਜੇਕਰ ਅਧਿਕਾਰੀ ਆਪਣੇ ਇਲਾਕੇ ਦੀ ਨਿਯਮਿਤ ਜਾਂਚ ਕਰਨ ਤਾਂ ਸਫਾਈ ਸੇਵਕਾਂ ਦੀ ਲਾਪਰਵਾਹੀ 'ਤੇ ਰੋਕ ਲੱਗ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਲਾਕੇ ਦੀਆਂ ਸਮੱਸਿਆਵਾਂ ਸਬੰਧੀ ਨਿਗਮ ਕਮਿਸ਼ਨਰ ਨੂੰ ਵੀ ਜਾਣੂ ਕਰਵਾਇਆ ਹੈ। ਮਹਿਤਾ ਨੇ ਮੰਗ ਕੀਤੀ ਕਿ ਰੂਪਾ ਮਿਸਤਰੀ ਗਲੀ ਵਿੱਚ ਤੁਰੰਤ ਸਫਾਈ ਕਰਵਾਈ ਜਾਵੇ, ਖਾਲੀ ਪਲਾਟਾਂ ਵਿੱਚ ਕੂੜਾ ਸੁੱਟਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਸਫਾਈ ਸੇਵਕਾਂ ਦੀ ਡਿਊਟੀ ਦੀ ਜਵਾਬਦੇਹੀ ਤੈਅ ਕੀਤੀ ਜਾਵੇ, ਤਾਂ ਜੋ ਇਲਾਕਾ ਵਾਸੀਆਂ ਨੂੰ ਗੰਦਗੀ ਤੋਂ ਰਾਹਤ ਮਿਲ ਸਕੇ।