- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਰੂਰੀ ਖ਼ਬਰ:ਬ੍ਰੇਨ ਸਟ੍ਰੋਕ ਤੋਂ ਪੀੜਤ ਦਾ ਆਧੁਨਿਕ ਡਾਕਟਰੀ ਤਕਨੀਕ ਨਾਲ ਕੀਤਾ ਇਲਾਜ

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ
ਵਿਸ਼ਵ ਸਟ੍ਰੋਕ ਦਿਵਸ ਮੌਕੇ ਮਾਹਿਰ ਡਾਕਟਰਾਂ ਨੇ ਬ੍ਰੇਨ ਸਟ੍ਰੋਕ ਦੇ ਸ਼ੁਰੂਆਤੀ ਸੰਕੇਤਾਂ ਦੀ ਪਛਾਣ ਕਰਨ ਤੇ ਤੁਰੰਤ ਡਾਕਟਰੀ ਸਹਾਇਤਾ ਲੈਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਵਿਗੜੇ ਦਿਮਾਗੀ ਤੰਤਰ ਨਾਲ ਸਬੰਧਤ ਲੱਛਣਾਂ ਦੀ ਸਮੇਂ ਸਿਰ ਪਛਾਣ ਕਰਨ ਤੇ ਤੁਰੰਤ ਐਮਰਜੈਂਸੀ ਡਾਕਟਰੀ ਜਾਂਚ ਕਰਵਾਉਣ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਫੋਰਟਿਸ ਹਸਪਤਾਲ ਲੁਧਿਆਣਾ ਦੇ ਮਾਹਿਰ ਡਾਕਟਰਾਂ ਨੇ ਦੱਸਿਆ ਪਿਛਲੇ ਦਿਨੀ 44 ਸਾਲਾ ਇਕ ਮਰੀਜ਼ ਇਲਾਜ ਲਈ ਹਸਪਤਾਲ ਆਇਆ ਅਤੇ ਜਦੋਂ ਉਸ ਦੇ ਸਰੀਰ ਦੀ ਜਾਂਚ ਕੀਤੀ, ਤਾਂ ਪਤਾ ਲੱਗਾ ਕਿ ਉਸ ਨੂੰ ਐਕਿਊਟ ਇਸਕੀਮਿਕ ਸਟ੍ਰੋਕ (ਦਿਮਾਗ ਵਿੱਚ ਖ਼ੂਨ ਦਾ ਵਹਾਅ ਰੁਕਣ ਕਾਰਨ ਹੋਣ ਵਾਲਾ ਅਚਾਨਕ ਸਟ੍ਰੋਕ) ਹੋਇਆ ਸੀ ਤੇ ਉਸ ਦੇ ਦੋਵੇਂ ਫੇਫੜਿਆਂ ਵਿੱਚ ਖ਼ੂਨ ਦੇ ਥੱਕੇ ਵੀ ਪਾਏ ਗਏ ਸਨ। ਲੱਛਣ ਸ਼ੁਰੂ ਹੋਣ ਤੋਂ ਲਗਭਗ ਤਿੰਨ ਘੰਟਿਆਂ ਬਾਅਦ ਮਰੀਜ਼ ਨੂੰ ਹਸਪਤਾਲ ਲਿਆਂਦਾ ਗਿਆ। ਉਸ ਦੇ ਲੱਛਣਾਂ ’ਚ ਹੋਸ਼ ਦੀ ਸਥਿਤੀ ਵਿੱਚ ਬਦਲਾਅ, ਉਲਟੀਆਂ ਅਤੇ ਸਰੀਰ ਦੇ ਖੱਬੇ ਪਾਸੇ ਅਚਾਨਕ ਗੰਭੀਰ ਕਮਜ਼ੋਰੀ ਸ਼ਾਮਲ ਸੀ। ਮਰੀਜ਼ ਦੇ ਦਿਮਾਗ ਦੀ ਇਮੇਜਿੰਗ ਜਾਂਚ ਦੌਰਾਨ ਸੱਜੇ ਪਾਸੇ ਦੀ ਧਮਣੀ ਪੂਰੀ ਤਰ੍ਹਾਂ ਬੰਦ ਪਾਈ ਗਈ, ਜਿਸ ਕਾਰਨ ਦਿਮਾਗ ਦੇ ਇੱਕ ਮਹੱਤਵਪੂਰਨ ਹਿੱਸੇ ਤੱਕ ਖ਼ੂਨ ਦੀ ਸਪਲਾਈ ਰੁਕ ਗਈ ਸੀ। ਦੋਵੇਂ ਫੇਫੜਿਆਂ ਵਿੱਚ ਖ਼ੂਨ ਦੇ ਥੱਕੇ ਹੋਣ ਕਾਰਨ ਮਰੀਜ਼ ਦੀ ਸਥਿਤੀ ਹੋਰ ਗੁੰਝਲਦਾਰ ਹੋ ਗਈ ਸੀ ਅਤੇ ਇਲਾਜ ਨਾਲ ਜੁੜੇ ਜੋਖਮ ਵੀ ਵਧ ਗਏ ਸਨ। ਮਰੀਜ਼ ਦਾ ਇਲਾਜ ਕਰਨ ਲਈ ਡਾ. ਵਿਸ਼ਨੂੰ ਗੁਪਤਾ, ਡਾਇਰੈਕਟਰ, ਨਿਊਰੋਸਰਜਰੀ ਨੇ ਟੀਮ ਵਿੱਚ ਡਾ. ਸ਼ੁਭਮ ਵਾਸੁਦੇਵਾ, ਐਸੋਸੀਏਟ ਕੰਸਲਟੈਂਟ, ਨਿਊਰੋਸਰਜਰੀ; ਡਾ. ਸੌਰਵ ਅਗਰਵਾਲ, ਕੰਸਲਟੈਂਟ ਨਿਊਰੋਲੋਜਿਸਟ; ਡਾ. ਵੈਭਵ ਟੰਡਨ, ਕੰਸਲਟੈਂਟ ਨਿਊਰੋਲੋਜਿਸਟ ਅਤੇ ਡਾ. ਕੀਰਤ ਸਿੰਘ ਗਰੇਵਾਲ, ਕੰਸਲਟੈਂਟ ਨਿਊਰੋਲੋਜੀ ਨੂੰ ਸ਼ਾਮਲ ਕੀਤਾ। ਡਾ. ਗੁਪਤਾ ਨੇ ਦੱਸਿਆ ਕਿ ਸੱਭ ਤੋਂ ਪਹਿਲਾਂ ਮਰੀਜ਼ ਨੂੰ ਖ਼ੂਨ ਦੇ ਥੱਕੇ ਘੋਲਣ ਵਾਲੀ ਦਵਾਈ ਦਿੱਤੀ। ਡਾ. ਵਿਸ਼ਨੂੰ ਗੁਪਤਾ ਨੇ ਦੱਸਿਆ ਕਿ “ਇਸਕੀਮਿਕ ਸਟ੍ਰੋਕ ਵਿੱਚ ਹਰ ਮਿੰਟ ਦੀ ਦੇਰੀ ਨਾਲ ਦਿਮਾਗ ਦੇ ਟਿਸ਼ੂਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ, ਜਿਸ ਨਾਲ ਲੰਬੇ ਸਮੇਂ ਤੱਕ ਅੰਗਹੀਣਤਾ ਜਾਂ ਮੌਤ ਦਾ ਖ਼ਤਰਾ ਵਧ ਜਾਂਦਾ ਹੈ। ਡਾ. ਗੁਪਤਾ ਨੇ ਦੱਸਿਆ ਕਿ ਚਿਹਰੇ ਦਾ ਅਚਾਨਕ ਇੱਕ ਪਾਸੇ ਲਟਕ ਜਾਣਾ, ਬਾਂਹ ਜਾਂ ਲੱਤ ਵਿੱਚ ਕਮਜ਼ੋਰੀ ਜਾਂ ਸੁੰਨਪਣ, ਬੋਲਣ ਵਿੱਚ ਮੁਸ਼ਕਲ, ਸੰਤੁਲਨ ਵਿਗੜਨਾ ਜਾਂ ਅਚਾਨਕ ਦੇਖਣ ਵਿੱਚ ਦਿੱਕਤ ਵਰਗੇ ਲੱਛਣ ਹੋਣ 'ਤੇ ਤੁਰੰਤ ਡਾਕਟਰੀ ਸਹਾਇਤਾ ਲੈਣੀ ਬੇਹੱਦ ਜ਼ਰੂਰੀ ਹੈ। ਡਾਇਰੈਕਟਰ ਗੁਰਦਰਸ਼ਨ ਸਿੰਘ ਮਾਂਗਟ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਹਸਪਤਾਲ ਵੱਲੋਂ ਸਮਾਜ ਵਿੱਚ ਸਿਹਤ ਜਾਗਰੂਕਤਾ ਪੈਦਾ ਕਰਨ ਲਈ ਡਾਕਟਰੀ ਟੀਮਾਂ ਵੱਲੋਂ ਸੈਮੀਨਾਰਾਂ ਦਾ ਸਿਲਸਿਲਾ ਵੀ ਸ਼ੁਰੂ ਕੀਤਾ ਹੈ, ਦਾ ਲੋਕਾਂ ਨੂੰ ਲਾਭ ਲੈਣਾ ਚਾਹੀਦਾ ਹੈ ।