ਸੀਆਈਸੀਯੂ ਬੀਐੱਨਜੀ ਮੈਂਬਰਾਂ ਵੱਲੋਂ ਕੁੱਡੂ ਨਿੱਟ ਪ੍ਰੋਸੈੱਸ ਦਾ ਸਨਅਤੀ ਦੌਰਾ ਜ਼ਰੂਰੀ ਖ਼ਬਰ-ਸੀਆਈਸੀਯੂ ਬੀਐੱਨਜੀ ਮੈਂਬਰਾਂ ਵੱਲੋਂ ਕੁੱੱਡੂ ਨਿੱਟ ਪ੍ਰੋਸੈੱਸ ਦਾ ਉਦਯੋਗਿਕ ਦੌਰਾ
Publish Date: Mon, 02 Nov 2026 07:23 PM (IST)
Updated Date: Tue, 03 Nov 2026 04:02 AM (IST)
12) ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ ਚੈਂਬਰ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਆਈਸੀਯੂ) ਦੇ ਬਿਜ਼ਨਸ ਨੈੱਟਵਰਕਿੰਗ ਗਰੁੱਪ (ਬੀਐੱਨਜੀ) ਵੱਲੋਂ ਕੁੱਡੂ ਨਿੱਟ ਪ੍ਰੋਸੈੱਸ ਪ੍ਰਾਈਵੇਟ ਲਿਮਟਿਡ ਦਾ ਸਨਅਤੀ ਦੌਰਾ ਕੀਤਾ। ਇਸ ਦੌਰਾਨ ਸੀਆਈਸੀਯੂ ਦੇ ਮੈਂਬਰਾਂ ਨੇ ਆਧੁਨਿਕ ਟੈਕਸਟਾਈਲ ਪ੍ਰੋਸੈਸਿੰਗ, ਕੱਪੜਿਆਂ ਦੀ ਰੰਗਾਈ ਅਤੇ ਗਾਰਮੈਂਟ ਨਿਰਮਾਣ ਦੀਆਂ ਪ੍ਰਕਿਰਿਆਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ। ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਵਰੁਣ ਮਿੱਤਲ ਨੇ ਵਫ਼ਦ ਦਾ ਸਵਾਗਤ ਕੀਤਾ ਅਤੇ ਖ਼ੁਦ ਫੈਕਟਰੀ ਦੇ ਵੱਖ-ਵੱਖ ਉਤਪਾਦਨ ਵਿਭਾਗਾਂ ਦਾ ਦੌਰਾ ਕਰਵਾਇਆ। ਤੀਜੀ ਪੀੜ੍ਹੀ ਦੇ ਉਦਯੋਗਪਤੀ ਵਰੁਣ ਮਿੱਤਲ ਨੇ ਕੰਪਨੀ ਦੇ ਕਾਰੋਬਾਰੀ ਸਫ਼ਰ, ਉਤਪਾਦਨ ਸਮਰੱਥਾ ਅਤੇ ਆਧੁਨਿਕ ਨਿਰਮਾਣ ਪ੍ਰਣਾਲੀ ਬਾਰੇ ਜਾਣਕਾਰੀ ਸਾਂਝੀ ਕੀਤੀ। ਦੌਰੇ ਦੌਰਾਨ ਮੈਂਬਰਾਂ ਨੇ ਕੰਪਨੀ ਦੇ ਏਕੀਕ੍ਰਿਤ ਓਈਐੱਮ ਨਿਰਮਾਣ ਮਾਡਲ ਨੂੰ ਸਮਝਿਆ, ਜਿਸ ਤਹਿਤ ਕੱਪੜੇ ਦੀ ਪ੍ਰੋਸੈਸਿੰਗ, ਰੰਗਾਈ ਤੋਂ ਲੈ ਕੇ ਤਿਆਰ ਗਾਰਮੈਂਟ ਬਣਾਉਣ ਤੱਕ ਦੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਮੈਂਬਰਾਂ ਨੇ ਕੱਚੇ ਕੱਪੜੇ ਤੋਂ ਤਿਆਰ ਉਤਪਾਦ ਬਣਨ ਤੱਕ ਦੇ ਵੱਖ-ਵੱਖ ਪੜਾਵਾਂ ਦਾ ਨਿਰੀਖਣ ਕੀਤਾ ਤੇ ਇਸ ਪ੍ਰਕਿਰਿਆ ਵਿੱਚ ਵਰਤੀ ਜਾਂਦੀ ਤਕਨੀਕ, ਗੁਣਵੱਤਾ, ਸਹੀ ਤਾਲਮੇਲ ਤੇ ਮਿਹਨਤ ਬਾਰੇ ਜਾਣਿਆ। ਵਫ਼ਦ ਨੇ ਫੈਕਟਰੀ ਦੀ ਸੁਚੱਜੀ ਵਿਵਸਥਾ, ਸਾਫ਼-ਸਫ਼ਾਈ, ਉਤਪਾਦਨ ਖੇਤਰ ਦੀ ਯੋਜਨਾਬੱਧ ਬਣਤਰ, ਥਾਂ ਦੀ ਸੁਚੱਜੀ ਵਰਤੋਂ ਅਤੇ ਹਵਾਦਾਰੀ ਦੀ ਵਿਸ਼ੇਸ਼ ਤੌਰ ਤੇ ਸ਼ਲਾਘਾ ਕੀਤੀ। ਇਸ ਦੌਰਾਨ ਵਰੁਣ ਮਿੱਤਲ ਦਾ ਆਪਣੇ ਕਰਮਚਾਰੀਆਂ ਨਾਲ ਨਿੱਜੀ ਜੁੜਾਅ ਵੀ ਮੈਂਬਰਾਂ ਲਈ ਪ੍ਰੇਰਣਾਦਾਇਕ ਰਿਹਾ। ਉਨ੍ਹਾਂ ਵੱਲੋਂ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨਾਲ ਜਾਣ-ਪਛਾਣ ਤੇ ਉਨ੍ਹਾਂ ਦੀ ਮਿਹਨਤ ਦੀ ਸ਼ਲਾਘਾ ਕਰਨ ਲਈ ਵਫ਼ਦ ਨੂੰ ਤਾੜੀਆਂ ਵਜਾਉਣ ਦੀ ਅਪੀਲ ਨੇ ਟੀਮ ਵਰਕ ਤੇ ਮੁਲਾਜ਼ਮਾਂ ਦੇ ਯੋਗਦਾਨ ਦੀ ਮਹੱਤਤਾ ਨੂੰ ਉਜਾਗਰ ਕੀਤਾ। ਸੀਆਈਸੀਯੂ ਦੇ ਜਨਰਲ ਸਕੱਤਰ ਤੇ ਬੀਐੱਨਜੀ ਦੇ ਕੈਪਟਨ ਹਨੀ ਸੇਠੀ ਨੇ ਕਿਹਾ ਕਿ ਬੀਐੱਨਜੀ ਦਾ ਮੁੱਖ ਉਦੇਸ਼ ਨਿਯਮਤ ਨੈੱਟਵਰਕਿੰਗ ਮੀਟਿੰਗਾਂ, ਗਿਆਨ ਸਾਂਝਾ ਕਰਨ ਵਾਲੇ ਸੈਸ਼ਨਾਂ ਤੇ ਸਨਅਤੀ ਦੌਰਿਆਂ ਰਾਹੀਂ ਸਨਅਤਕਾਰਾਂ ਵਿਚਾਲੇ ਮਜ਼ਬੂਤ ਕਾਰੋਬਾਰੀ ਸਬੰਧ ਸਥਾਪਤ ਕਰਨਾ ਹੈ। ਸੀਆਈਸੀਯੂ ਦੇ ਵਿੱਤ ਸਕੱਤਰ ਅਜੇ ਭਾਰਤੀ ਨੇ ਕੁੱਡੂ ਨਿਟ ਵੱਲੋਂ ਅਪਣਾਈ ਗਈ ਉਤਪਾਦਨ ਪ੍ਰਣਾਲੀ, ਕਾਰਜਕੁਸ਼ਲਤਾ ਅਤੇ ਯੋਜਨਾਬੱਧ ਪ੍ਰਬੰਧਨ ਦੀ ਸ਼ਲਾਘਾ ਕੀਤੀ। ਸੀਆਈਸੀਯੂ ਦੀ ਬੀਐੱਨਜੀ ਮੈਨੇਜਰ ਰਚਨਾ ਜੈਨ ਨੇ ਕਿਹਾ ਕਿ ਸੰਸਥਾ ਸਨਅਤਕਾਰਾਂ ਨੂੰ ਇੱਕ-ਦੂਜੇ ਦੇ ਤਜਰਬਿਆਂ ਤੋਂ ਸਿੱਖਣ, ਨਵੇਂ ਕਾਰੋਬਾਰੀ ਮੌਕੇ ਤਲਾਸ਼ਣ ਤੇ ਆਪਸੀ ਸਹਿਯੋਗ ਵਧਾਉਣ ਲਈ ਲਗਾਤਾਰ ਯਤਨਸ਼ੀਲ ਹੈ।