- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਹਿਮ ਖ਼ਬਰ-ਮਹਾਨਗਰ 'ਚ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਦਾ ਅਸਰ, ਸੜਕਾਂ ਬਣੀਆਂ ਕੂੜੇ ਦੇ ਡੰਪ

-ਲੋਕਾਂ ਨੂੰ ਬਦਬੂ ਤੇ ਗੰਦਗੀ ਦਾ ਕਰਨਾ ਪੈ ਰਿਹਾ ਸਾਹਮਣਾ, ਸਮਾਰਟ ਸਿਟੀ ’ਚ ਬਿਮਾਰੀਆਂ ਫੈਲਣ ਦਾ ਖ਼ਦਸ਼ਾ
ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ ਲੁਧਿਆਣਾ
ਬੀਤੇ ਦਿਨੀਂ ਬਰਨਾਲਾ ਵਿਖੇ ਸਫ਼ਾਈ ਕਰਮਚਾਰੀਆਂ ਉੱਤੇ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਦੇ ਵਿਰੋਧ ਵਿੱਚ ਲੁਧਿਆਣਾ ਨਿਗਮ ਦੇ ਸਫਾਈ ਮੁਲਾਜ਼ਮਾਂ, ਸੀਵਰਮੈਨਾਂ, ਮਾਲੀਆਂ, ਬੇਲਦਾਰਾਂ ਤੇ ਡਰਾਈਵਰਾਂ ਪਿਛਲੇ ਕਈ ਦਿਨਾਂ ਤੋਂ ਸ਼ਹਿਰ ਦੀ ਸਫ਼ਾਈ ਦਾ ਕੰਮ ਬੰਦ ਕਰਕੇ ਉਨ੍ਹਾਂ ਦੇ ਸਾਥੀਆਂ ਨਾਲ ਅਣਮਨੁੱਖੀ ਕਾਰਾ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਹੜਤਾਲ 'ਤੇ ਬੈਠ ਗਏ ਹਨ, ਜਿਸ ਨਾਲ ਸ਼ਹਿਰ ਦੀ ਸਫ਼ਾਈ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ ਤੇ ਸ਼ਹਿਰ ਦੇ ਕਈ ਚੌਕ ਤੇ ਸੜਕਾਂ ਕੁੜੇ ਦੇ ਡੰਪ ’ਚ ਤਬਦੀਲ ਹੋ ਗਈਆਂ ਹਨ। ਨਿਗਮ ਦੇ ਸਫ਼ਾਈ ਮੁਲਾਜ਼ਮਾਂ ਦੀ ਹੜਤਾਲ ਦਾ ਅਸਰ ਹੁਣ ਸ਼ਹਿਰ ਦੀ ਸਫ਼ਾਈ ਵਿਵਸਥਾ 'ਤੇ ਸਪੱਸ਼ਟ ਤੌਰ 'ਤੇ ਨਜ਼ਰ ਆਉਣ ਲੱਗਾ ਹੈ। ਸ਼ਹਿਰ ਦੇ ਵਾਰਡ ਨੰਬਰ 72 ਦੇ ਇਲਾਕਾ ਜਵਾਹਰ ਨਗਰ, ਸਰਕਾਰੀ ਹਾਈ ਸਕੂਲ ਲੜਕੀਆਂ ਤੋਂ 100 ਮੀਟਰ ਦੂਰ ਸੜਕ, ਪ੍ਰਤਾਪ ਚੌਕ ਤੋਂ ਇਲਾਵਾ ਬਾਜ਼ਾਰਾਂ, ਰਿਹਾਇਸ਼ੀ ਇਲਾਕਿਆਂ ਅਤੇ ਸੜਕਾਂ ਦੇ ਕਿਨਾਰਿਆਂ 'ਤੇ ਕੂੜੇ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ। ਦੂਜੇ ਪਾਸੇ ਘਰਾਂ ਵਿੱਚੋਂ ਵੀ ਸਮੇਂ ਸਿਰ ਕੂੜਾ ਨਾ ਚੁੱਕੇ ਜਾਣ ਕਾਰਨ ਲੋਕਾਂ ਨੂੰ ਬਦਬੂ ਤੇ ਗੰਦਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦੂਜੇ ਪਾਸੇ ਹੜਤਾਲ ’ਤੇ ਬੈਠੇ ਸਫ਼ਾਈ ਸੇਵਕ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਸ਼ਹਿਰ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਨਿਗਮ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਸਫ਼ਾਈ ਸੇਵਕਾਂ ਨਾਲ ਜਲਦ ਗੱਲਬਾਤ ਕਰਕੇ ਮਾਮਲੇ ਦਾ ਹੱਲ ਕੱਢਿਆ ਜਾਵੇ, ਤਾਂ ਜੋ ਸ਼ਹਿਰ ਨੂੰ ਗੰਦਗੀ ਤੋਂ ਬਚਾਇਆ ਜਾ ਸਕੇ ਅਤੇ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ ਦਾ ਅੰਤ ਹੋਵੇ।
-ਲੋਕ ਇਲਾਕਾ ਕੌਂਸਲਰਾਂ ਨੂੰ ਕਰ ਰਹੇ ਨੇ ਸ਼ਿਕਾਇਤਾਂ
ਕੌਂਸਲਰ ਕਪਿਲ ਕੁਮਾਰ ਸੋਨੂੰ ਅਤੇ ਕੌਂਸਲਰ ਇਕਬਾਲ ਸਿੰਘ ਡੀਕੋ ਨੇ ਦੱਸਿਆ ਕਿ ਜਵਾਹਰ ਨਗਰ, ਸੀਤਾ ਨਗਰ, ਰਾਮ ਨਗਰ, ਨਿਰੰਕਾਰੀ ਮਹੁੱਲਾ ਦੇ ਰਹਿਣ ਵਾਲੇ ਲੋਕਾਂ ਨੇ ਦੱਸਿਆ ਕੀ ਪਿਛਲੇ ਕਈ ਦਿਨਾਂ ਤੋਂ ਘਰਾਂ ਵਿੱਚ ਕੂੜਾ ਨਾ ਚੁੱਕੇ ਜਾਣ ਕਾਰਨ ਸਾਰੇ ਘਰ ਵਿੱਚ ਬਦਬੂ ਹੀ ਬਦਬੂ ਹੋ ਰਹੀ ਹੈ ਅਤੇ ਇਕ ਬਰਸਾਤ ਦਾ ਮੌਸਮ ਹੋਣ ਕਾਰਣ ਜਮਾ ਕੂੜੇ ਤੋਂ ਮੱਛਰਾਂ ਦੀ ਗਿਣਤੀ ਵੀ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਹੜਤਾਲ ਲੰਬੀ ਚੱਲੀ ਤਾਂ ਸਫ਼ਾਈ ਦੀ ਸਮੱਸਿਆ ਹੋਰ ਗੰਭੀਰ ਹੋ ਸਕਦੀ ਹੈ ਅਤੇ ਬਿਮਾਰੀਆਂ ਫੈਲਣ ਦਾ ਵੀ ਖ਼ਤਰਾ ਬਣ ਸਕਦਾ ਹ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਜਲਦ ਹੱਲ ਕੱਢਣ ਦੀ ਮੰਗ ਕੀਤੀ ਹੈ, ਤਾਂ ਜੋ ਸ਼ਹਿਰ ਦੀ ਸਫ਼ਾਈ ਵਿਵਸਥਾ ਮੁੜ ਪਟੜੀ 'ਤੇ ਆ ਸਕੇ।
-ਸ਼ਹਿਰ ’ਚ ਰੋਜ਼ਾਨਾ 1100 ਟਨ ਕੂੜਾ ਨਿਕਲਦਾ
ਨਿਗਮ ਲੁਧਿਆਣਾ ਦੇ 95 ਵਾਰਡਾਂ ਵਿੱਚੋਂ ਰੋਜ਼ਾਨਾ ਲਗਪਗ 1100 ਟਨ ਕੂੜਾ ਨਿਕਲਦਾ ਹੈ। ਸ਼ਹਿਰ ਦੇ 4.5 ਲੱਖ ਜਾਇਦਾਦਾਂ ਵਿੱਚੋਂ ਕੂੜਾਂ ਚੁੱਕਿਆ ਜਾਂਦਾ ਹੈ, ਇਹ ਕੂੜਾ ਚੁੱਕਣ ਦਾ ਕੰਮ ਨਿੱਜੀ ਹੱਥਾਂ ਵਿੱਚ ਦਿੱਤਾ ਗਿਆ ਹੈ। ਸ਼ਹਿਰ ਵਿੱਚੋਂ ਜੋ 1100 ਟਨ ਕੂੜਾ ਨਿਕਲਦਾ ਹੈ।ਉਹ ਕੂੜਾ ਇਕੱਠਾ ਹੋ ਕੇ ਸ਼ਹਿਰ ਵਿੱਚ ਬਣੇ 32 ਕੂੜਾ ਪੁਆਇੰਟਾਂ ’ਤੇ ਪੱਜਦਾ ਹੈ। ਇੱਥੋਂ ਕੂੜਾ ਕੰਪੈਕਟਰ ਦੇ ਰਾਹੀਂ ਕੰਪੈਕਟ ਕਰਕੇ ਤਾਜਪੁਰ ਰੋਡ ਡੰਪ ’ਤੇ ਭੇਜਿਆ ਜਾਂਦਾ ਹੈ। ਨਿਗਮ ਮੁਲਾਜ਼ਮਾਂ ਦੀ ਹੜਤਾਲ ਕਰਕੇ ਸ਼ਹਿਰ ’ਚ ਕਈ ਥਾਵਾਂ ’ਤੇ ਕੂੜੇ ਦੇ ਢੇਰ ਲੱਗ ਗਏ ਹਨ ਤੇ ਕੂੜੇ ਕਰਕੇ ਕਈ ਸੜਕਾਂ ਵੀ ਬੰਦ ਹੋ ਗਈਆਂ ਹਨ।