ਕਲਪ ਤੇ ਐੱਨਕਿਊਏਐੱਸ ਨਿਰੀਖਣ ਲਈ ਪਹੁੰਚੀ ਉੱਚ ਪੱਧਰੀ ਤਿੰਨ ਮੈਂਬਰੀ ਟੀਮ ਅਹਿਮ ਖ਼ਬਰ:ਕਾਇਆ-ਕਲਪ ਤੇ ਐਨਕਿਊਏਐਸ ਨਿਰੀਖਣ ਲਈ ਪਹੁੰਚੀ ਉੱਚ ਪੱਧਰੀ ਤਿੰਨ ਮੈਂਬਰੀ ਟੀਮ
Publish Date: Thu, 24 Sep 2026 08:17 PM (IST)
Updated Date: Thu, 24 Sep 2026 08:18 PM (IST)
ਅੱਜ ਵੀ ਸਿਵਲ ਹਸਪਤਾਲ ਦੀ ਦਰਜਾਬੰਦੀ ਲਈ ਟੀਮ ਕਰੇਗੀ ਬਰੀਕੀ ਨਾਲ ਮੁਲਾਂਕਣ ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ ਲੁਧਿਆਣਾ : ਕੌਮੀ ਅਤੇ ਰਾਜ ਪੱਧਰ ’ਤੇ ਦਰਜਾਬੰਦੀ ਲਈ ਸਿਵਲ ਹਸਪਤਾਲ ਦੀ ਔਖੀ ਪ੍ਰੀਖਿਆ ਸ਼ੁਰੂ ਹੋ ਗਈ ਹੈ ਜਿਹੜੀ ਕੱਲ੍ਹ ਵੀ ਵਾਲ ਤੋਂ ਖੱਲ ਲਾਵੇਗੀ। ਅੱਜ ਤਿੰਨ ਮੈਂਬਰੀ ਉੱਚ ਪੱਧਰੀ ਟੀਮ ਦੋ ਦਿਨਾ ਦੌਰੇ ’ਤੇ ਸਿਵਲ ਹਸਪਤਾਲ ਪਹੁੰਚੀ। ਟੀਮ ਵਿੱਚ ਪੰਜਾਬ ਸਿਹਤ ਪ੍ਰਣਾਲੀ ਨਿਗਮ ਦੇ ਸਟੇਟ ਨੋਡਲ ਅਫ਼ਸਰ ਕੁਆਲਿਟੀ ਪੰਜਾਬ ਡਾ. ਵਿਕਰਾਂਤ ਨਾਗਰਾ, ਐਕਸਟਰਨਲ ਅਸੈਸਰ ਅਫਸਰ ਡਾ. ਅੰਮ੍ਰਿਤਪਾਲ ਸਿੰਘ ਅਤੇ ਡਾ. ਨਿਤਿਆ ਅਨੰਦ ਸ਼ਾਮਲ ਹਨ। ਇਹ ਟੀਮ ਕਾਇਆਕਲਪ ਦਰਜਾਬੰਦੀ ਲਈ ਕੌਮੀ ਗੁਣਵੱਤਾ ਭਰੋਸਾ ਮਿਆਰ (ਐੱਨਕਿਊਏਐੱਸ) ਦੀ ਬਾਰੀਕੀ ਨਾਲ ਪੂਰਵ-ਮੁਲਾਂਕਣ ਅਤੇ ਯੋਗਤਾ ਮੁਲਾਂਕਣ ਕਾਇਆਕਲਪ ਯੋਜਨਾ ਤਹਿਤ ਸੂਬੇ ਦੇ ਹਸਪਤਾਲਾਂ ਦੀ ਵੱਖ-ਵੱਖ ਮਾਪਦੰਡਾਂ ’ਤੇ ਜਾਂਚ ਕਰਦੀ ਹੈ। ਟੀਮ ਵੱਲੋਂ ਹਸਪਤਾਲ ਦੇ ਹਰ ਪਹਿਲੂ ‘ਤੇ ਮੁਲਾਂਕਣ ਕੀਤਾ ਜਾਂਦਾ ਹੈ। ਦੱਸਣਯੋਗ ਹੈ ਕਿ ਪਿਛਲੇ ਕਾਇਆਕਲਪ ਮੁਲਾਂਕਣ ਦੌਰਾਨ ਸਿਵਲ ਹਸਪਤਾਲ ਲੁਧਿਆਣਾ ਨੇ ਵਧੀਆ ਕਾਰਗੁਜ਼ਾਰੀ ਵਿਖਾਉਣ ਲਈ ਪਹਿਲਾ ਸਥਾਨ ਪ੍ਰਾਪਤ ਕਰਕੇ ਇਨਾਮ ਜਿੱਤਿਆ ਸੀ। ਹਾਲਾਂਕਿ ਇਹ ਕੌਮੀ ਗੁਣਵੱਤਾ ਭਰੋਸਾ ਮਿਆਰ ਮੁਕਾਬਲੇ ਲਈ ਯੋਗਤਾ ਪੂਰੀ ਨਹੀਂ ਕਰ ਸਕਿਆ। ਸੂਬਾਈ ਹੈੱਡਕੁਆਰਟਰ ਤੋਂ ਆਉਣ ਵਾਲੀ ਟੀਮ ਕਾਇਆਕਲਪ ਅਤੇ ਰਾਸ਼ਟਰੀ ਗੁਣਵੱਤਾ ਭਰੋਸਾ ਮਿਆਰ ਦਾ ਦੋਹਰਾ ਮੁਲਾਂਕਣ ਕਰੇਗੀ। ਟੀਮ ਆਪਣੀ ਰਿਪੋਰਟ ਰਾਜ ਹੈੱਡਕੁਆਰਟਰ ਨੂੰ ਸੌਂਪੇਗੀ। ਕਾਇਆਕਲਪ ਦਰਜਾਬੰਦੀ ਉਸ ਦੇ ਆਧਾਰ ਤੇ ਤੈਅ ਕੀਤੀ ਜਾਵੇਗੀ। ਨਾਲ ਹੀ ਟੀਮ ਦੀ ਰਿਪੋਰਟ ਦੇ ਆਧਾਰ ’ਤੇ ਇਹ ਫੈਸਲਾ ਕੀਤਾ ਜਾਵੇਗਾ ਕਿ ਸਿਵਲ ਹਸਪਤਾਲ ਲੁਧਿਆਣਾ ਕੌਮੀ ਗੁਣਵੱਤਾ ਭਰੋਸਾ ਮਿਆਰ ਲਈ ਯੋਗਤਾ ਪੂਰੀ ਕਰੇਗਾ ਜਾਂ ਨਹੀਂ। ਜੇਕਰ ਇਹ ਯੋਗਤਾ ਪੂਰੀ ਕਰਦਾ ਹੈ, ਤਾਂ ਇਸਦਾ ਨਾਮ ਕੌਮੀ ਦਰਜਾਬੰਦੀ ਲਈ ਭੇਜਿਆ ਜਾਵੇਗਾ। ਅੱਜ ਸਵੇਰ ਤੋਂ ਲੈ ਕੇ ਦੇਰ ਸ਼ਾਮ ਤੱਕ ਨਿਰੀਖਣ ਟੀਮ ਨੇ ਪੂਰਾ ਦਿਨ ਹਸਪਤਾਲ ਵਿੱਚ ਬਿਤਾਇਆ। ਟੀਮ ਨੇ 300 ਤੋਂ ਵੱਧ ਮਾਪਦੰਡਾਂ ਤੇ ਹਸਪਤਾਲ ਦਾ ਮੁਲਾਂਕਣ ਕੀਤਾ।ਇਸ ਦੌਰਾਨ ਟੀਮ ਮੈਂਬਰਾਂ ਨੇ ਹਸਪਤਾਲ ਦੇ ਡਾਕਟਰਾਂ ਸਮੇਤ ਸਮੂਹ ਸਟਾਫ਼ ਨਾਲ ਵੀ ਗੱਲਬਾਤ ਕੀਤੀ ਅਤੇ ਕਈ ਤਰ੍ਹਾਂ ਦੇ ਪ੍ਰਸ਼ਨ ਪੁੱਛੇ। ਟੀਮ ਨੇ ਹਸਪਤਾਲ ਦੇ ਹਿਸਾਬ-ਕਿਤਾਬ ਦੇ ਨਾਲ ਨਾਲ ਸਰਕਾਰੀ ਗਰਾਂਟਾਂ ਦਾ ਰਿਕਾਰਡ ਵੀ ਗਹੁ ਨਾਲ ਦੇਖਿਆ। ਉਨ੍ਹਾਂ ਹਸਪਤਾਲ ਦੀ ਕਾਰਜਸ਼ੈਲੀ ਦੀ ਪ੍ਰਕਿਰਿਆ ਨੂੰ ਜਾਣਨ ਲਈ ਮਰੀਜ਼ਾਂ ਨਾਲ ਗੱਲਬਾਤ ਕੀਤੀ ਅਤੇ ਵਾਰਡਾਂ ਦਾ ਮੁਆਇਨਾ ਵੀ ਕੀਤਾ। ਇਸ ਸਬੰਧੀ ਜਦੋਂ ਸਿਵਲ ਹਸਪਤਾਲ ਦੇ ਐੱਸਐਮਓ ਡਾ: ਅਖਿਲ ਸਰੀਨ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਹਸਪਤਾਲ ਦਾ ਪ੍ਰਸ਼ਾਸਨ ਅਤੇ ਡਾਕਟਰਾਂ ਸਮੇਤ ਸਮੂਹ ਸਟਾਫ਼ ਮਰੀਜ਼ਾਂ ਦੀ ਬਿਹਤਰੀ ਲਈ ਆਪਣੀ ਡਿਊਟੀ ਪੂਰੀ ਤਰ੍ਹਾਂ ਤਨਦੇਹੀ ਨਾਲ ਨਿਭਾ ਰਿਹਾ ਹੈ, ਪਰ ਰਾਜ ਜਾਂ ਕੌਮੀ ਪੱਧਰ ‘ਤੇ ਸਿਵਲ ਹਸਪਤਾਲ ਦੀ ਦਰਜਾਬੰਦੀ ਦਾ ਪੱਧਰ ਕਿੱਥੇ ਖੜ੍ਹਦਾ ਹੈ, ਦੀ ਮੁਲਾਂਕਣ ਰਿਪੋਰਟ ਦਾ ਨਤੀਜਾ ਆਉਣ ’ਤੇ ਪਤਾ ਲੱਗੇਗਾ, ਇਸ ਸਮੇਂ ਕੁੱਝ ਵੀ ਕਹਿਣਾ ਉਚਿਤ ਨਹੀਂ ਹੋਵੇਗਾ।