
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅਹਿਮ ਖ਼ਬਰ-ਮੱਛੀ ਮੰਡੀ 'ਚ ਨਰਕ ਵਰਗੇ ਹਾਲਾਤ, ਗੰਦਗੀ ਦਾ ਅੰਬਾਰ

-ਥਰਮਾਕੋਲ ਦੇ ਬਾਕਸਾਂ ’ਚ ਸੜ ਰਹੀ ਮੱਛੀ, ਸੜਕ ’ਤੇ ਸੜਾਂਦ ਮਾਰਦਾ ਪਾਣੀ
-ਸਕੱਤਰ ਦੇ ਹੁਕਮਾਂ ਦੀਆਂ ਉੱਡ ਰਹੀਆਂ ਧੱਜੀਆਂ, ਸਫਾਈ ਦੇ ਨਾਂ ’ਤੇ ਖਾਨਾਪੂਰਤੀ
ਸੁਰੇਸ਼ ਕੁਮਾਰ, ਪੰਜਾਬੀ ਜਾਗਰਣ
ਲੁਧਿਆਣਾ : ਤਾਜਪੁਰ ਰੋਡ ਸਥਿਤ ਮੱਛੀ ਮੰਡੀ ’ਚ ਹਾਲਾਤ ਨਰਕ ਤੋਂ ਵੀ ਭੈੜੇ ਬਣੇ ਹੋਏ ਹਨ। ਇੱਕ ਪਾਸੇ ਸਰਕਾਰ ਸਵੱਛ ਭਾਰਤ ਅਭਿਆਨ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ, ਦੂਜੇ ਪਾਸੇ ਮੱਛੀ ਮੰਡੀ ’ਚ ਲੱਗੇ ਕੂੜੇ ਦੇ ਢੇਰ ਅਤੇ ਗੰਦੇ ਪਾਣੀ ਦੇ ਛੱਪੜ ਉਨ੍ਹਾਂ ਦਾਅਵਿਆਂ ਦੀ ਪੋਲ ਖੋਲ੍ਹ ਰਹੇ ਹਨ।
ਮੰਡੀ ਦੀ ਸੜਕ ’ਤੇ ਕਾਲਾ-ਹਰਾ ਗੰਦਾ ਪਾਣੀ ਖੜ੍ਹਾ ਹੈ। ਕੂੜਾ-ਕਰਕਟ ਸੜਕ ’ਤੇ ਖਿੱਲਰਿਆ ਪਿਆ ਹੈ। ਬਦਬੂ ਇੰਨੀ ਤੇਜ਼ ਹੈ ਕਿ ਲੋਕਾਂ ਦਾ ਉੱਥੋਂ ਲੰਘਣਾ ਤਾਂ ਦੂਰ, ਸਾਹ ਲੈਣਾ ਵੀ ਮੁਸ਼ਕਲ ਹੋ ਰਿਹਾ ਹੈ। ਥਰਮਾਕੋਲ ਦੇ ਬਾਕਸਾਂ 'ਚ ਮੱਛੀ ਦੀ ਗੰਦਗੀ ਸੜ ਰਹੀ ਹੈ। ਬਾਕਸ ਗੰਦੇ ਪਾਣੀ ’ਚ ਡੁੱਬੇ ਪਏ ਹਨ। ਇੰਟਰਲੌਕ ਟਾਈਲਾਂ ਟੁੱਟੀਆਂ ਪਈਆਂ ਹਨ। ਇਹ ਬਾਕਸ ਸਿੱਧੇ ਤੌਰ 'ਤੇ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ। ਸਵਾਲ ਇਹ ਹੈ ਕਿ ਮੰਡੀ 'ਚ ਖੁੱਲ੍ਹੇਆਮ ਥਰਮਾਕੋਲ ਬਾਕਸਾਂ ’ਚ ਗੰਦਗੀ ਸੁੱਟਣ ਵਾਲਿਆਂ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ। ਜੋ ਇਸ ਦੇ ਜ਼ਿੰਮੇਵਾਰ ਹਨ, ਉਨ੍ਹਾਂ ’ਤੇ ਨਕੇਲ ਕਦੋਂ ਕੱਸੀ ਜਾਵੇਗੀ।
ਮੰਡੀ ਦੇ ਕੋਨੇ ’ਤੇ ਥਰਮਾਕੋਲ, ਪਲਾਸਟਿਕ ਦੀਆਂ ਬੋਰੀਆਂ ਅਤੇ ਮੱਛੀ ਦੀ ਗੰਦਗੀ ਦਾ ਵੱਡਾ ਪਹਾੜ ਸੜਕ ਤੱਕ ਆ ਗਿਆ ਹੈ। ਹਾਲਾਤ ਇਹ ਹਨ ਕਿ ਵਪਾਰੀ ਕਿਤੇ ਕੰਮ ਕਰਦਿਆਂ ਆਪਣੇ ਘਰ ਬਿਮਾਰੀਆਂ ਹੀ ਨਾ ਲੈ ਜਾਣ। ਕੀੜੇ-ਮਕੌੜੇ ਰੇਂਗਣ ਦਾ ਵੀ ਡਰ ਬਣਿਆ ਹੋਇਆ ਹੈ। ਹਾਲਾਕਿ ਸਾਵਣ ਮਹੀਨਾ ਹੋਣ ਕਾਰਨ ਮੰਡੀ ’ਚ 80 ਫ਼ੀਸਦੀ ਕੰਮ ਘੱਟ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਜਦੋਂ ਘੱਟ ਕੰਮ 'ਚ ਇਹ ਹਾਲ ਹੈ ਤਾਂ ਸੀਜ਼ਨ ਤੇਜ਼ ਹੋਣ ’ਤੇ ਇੱਥੇ ਖੜ੍ਹਨਾ ਵੀ ਮੁਸ਼ਕਲ ਹੋ ਜਾਵੇਗਾ। ਜੇਕਰ ਬਾਰਿਸ਼ ਹੋ ਗਈ ਤਾਂ ਗੰਭੀਰ ਨਤੀਜੇ ਭੁਗਤਣੇ ਪੈਣਗੇ।
ਮਾਰਕੀਟ ਕਮੇਟੀ ਸਕੱਤਰ ਦੇ ਹੁਕਮਾਂ ਦੀਆਂ ਉਡਾਈਆਂ ਧੱਜੀਆਂ
ਇਸ ਸਬੰਧੀ ਜਦੋਂ ਮਾਰਕੀਟ ਕਮੇਟੀ ਸਕੱਤਰ ਗੁਰਦੀਪ ਸਿੰਘ ਖੰਗੂੜਾ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪਰਸੋਂ ਹੀ ਸਫਾਈ ਕਰਵਾਈ ਗਈ ਸੀ ਅਤੇ ਗੰਦਗੀ ਫੈਲਾਉਣ ਵਾਲਿਆਂ ਨੂੰ ਝਾੜ ਵੀ ਪਾਈ ਗਈ ਹੈ ਕਿ ਗੰਦਗੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪਰ ਸਵਾਲ ਇਹ ਹੈ ਕਿ ਜੇ ਪਰਸੋਂ ਸਫਾਈ ਹੋਈ ਸੀ ਤਾਂ ਇੱਕ ਦਿਨ ’ਚ ਹੀ ਹਾਲਾਤ ਫਿਰ ਨਰਕ ਵਰਗੇ ਕਿਵੇਂ ਬਣ ਗਏ। ਇਹ ਕਿਤੇ ਨਾ ਕਿਤੇ ਅਧਿਕਾਰੀਆਂ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਣ ਵਾਲੀ ਗੱਲ ਹੈ। ਹੁਣ ਦੇਖਣਾ ਹੋਵੇਗਾ ਕਿ ਸਕੱਤਰ ਖੰਗੂੜਾ ਗੰਦਗੀ ਫੈਲਾਉਣ ਵਾਲੇ ਜ਼ਿੰਮੇਵਾਰ ਲੋਕਾਂ ’ਤੇ ਕੀ ਕਾਰਵਾਈ ਕਰਦੇ ਹਨ।