- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਹਿਮ ਖ਼ਬਰ-ਗਿੱਲ-2 ਪਟਵਾਰਖਾਨਾ ਪਿਛਲੇ 15 ਦਿਨਾਂ ਤੋਂ ਬੰਦ, ਲੋਕਾਂ ਦੇ ਜ਼ਰੂਰੀ ਕੰਮ ਲਟਕੇ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੁਧਿਆਣਾ : ਗਿੱਲ-2 ਪਟਵਾਰਖਾਨਾ ਪਿਛਲੇ ਕਰੀਬ 15 ਦਿਨਾਂ ਤੋਂ ਬੰਦ ਹੋਣ ਕਾਰਨ ਇਲਾਕੇ ਦੇ ਲੋਕਾਂ ਨੂੰ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਪ੍ਰਾਪਰਟੀ ਨਾਲ ਸਬੰਧਤ ਫ਼ਰਦ, ਇੰਤਕਾਲ, ਰਿਕਾਰਡ ਦੀ ਤਸਦੀਕ ਅਤੇ ਹੋਰ ਮਾਲ ਵਿਭਾਗ ਦੇ ਕੰਮ ਠੱਪ ਪਏ ਹਨ, ਜਿਸ ਨਾਲ ਆਮ ਲੋਕਾਂ ਦੇ ਨਾਲ-ਨਾਲ ਬੈਂਕਾਂ, ਵਕੀਲਾਂ, ਆੜ੍ਹਤੀਆਂ ਅਤੇ ਪ੍ਰਾਪਰਟੀ ਨਾਲ ਜੁੜੇ ਹੋਰ ਕਾਰੋਬਾਰ ਵੀ ਪ੍ਰਭਾਵਿਤ ਹੋ ਰਹੇ ਹਨ। ਇਲਾਕਾ ਵਾਸੀਆਂ ਨੇ ਕਿਹਾ ਕਿ ਉਹ ਰੋਜ਼ਾਨਾ ਪਟਵਾਰਖਾਨੇ ਦੇ ਚੱਕਰ ਲਗਾ ਰਹੇ ਹਨ, ਪਰ ਦਫ਼ਤਰ ਬੰਦ ਹੋਣ ਕਾਰਨ ਬਿਨਾਂ ਕੰਮ ਕਰਵਾਏ ਵਾਪਸ ਪਰਤਣਾ ਪੈਂਦਾ ਹੈ। ਕਈ ਲੋਕਾਂ ਨੇ ਦੱਸਿਆ ਕਿ ਫ਼ਰਦ ਨਾ ਮਿਲਣ ਕਾਰਨ ਜ਼ਮੀਨਾਂ ਦੀ ਖਰੀਦ-ਫ਼ਰੋਖ਼ਤ ਦੇ ਸੌਦੇ ਰੁਕੇ ਹੋਏ ਹਨ, ਜਦਕਿ ਰਜਿਸਟਰੀ, ਬੈਂਕ ਲੋਨ, ਲੋਨ ਅਗੇਂਸਟ ਪ੍ਰਾਪਰਟੀ ਤੇ ਹੋਰ ਸਰਕਾਰੀ ਕਾਰਵਾਈਆਂ ਵੀ ਬਕਾਇਆ ਪਈਆਂ ਹਨ।
ਲੋਕਾਂ ਨੇ ਦੱਸਿਆ ਕਿ ਪਟਵਾਰਖਾਨਾ ਬੰਦ ਹੋਣ ਸਬੰਧੀ ਨਾ ਤਾਂ ਕੋਈ ਅਧਿਕਾਰਤ ਸੂਚਨਾ ਲਗਾਈ ਗਈ ਹੈ ਤੇ ਨਾ ਹੀ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਲੋਕ ਆਪਣੇ ਕੰਮ ਕਿਸ ਦਫ਼ਤਰ ਵਿੱਚ ਕਰਵਾਉਣ। ਇਸ ਕਾਰਨ ਹਰ ਰੋਜ਼ ਵੱਡੀ ਗਿਣਤੀ ਵਿੱਚ ਲੋਕ ਖੱਜਲ-ਖੁਆਰ ਹੋ ਰਹੇ ਹਨ। ਸਭ ਤੋਂ ਵੱਧ ਦਿੱਕਤ ਬਜ਼ੁਰਗਾਂ, ਮਹਿਲਾਵਾਂ ਅਤੇ ਦੂਰ-ਦੁਰਾਡੇ ਦੇ ਪਿੰਡਾਂ ਤੋਂ ਆਉਣ ਵਾਲੇ ਲੋਕਾਂ ਨੂੰ ਆ ਰਹੀ ਹੈ, ਜਿਨ੍ਹਾਂ ਦਾ ਸਮਾਂ ਅਤੇ ਪੈਸਾ ਦੋਵੇਂ ਬਰਬਾਦ ਹੋ ਰਹੇ ਹਨ। ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਜਦੋਂ ਉਨ੍ਹਾਂ ਨੇ ਸੰਬੰਧਿਤ ਪਟਵਾਰੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਅੱਜ ਸਰਕਾਰੀ ਛੁੱਟੀ ਹੈ।
ਹਾਲਾਂਕਿ, ਉਸੇ ਇਮਾਰਤ ਵਿੱਚ ਸਥਿਤ ਗਿੱਲ-1 ਪਟਵਾਰਖਾਨਾ ਖੁੱਲ੍ਹਾ ਸੀ ਅਤੇ ਉੱਥੇ ਆਮ ਵਾਂਗ ਕੰਮ-ਕਾਜ ਚੱਲ ਰਿਹਾ ਸੀ। ਇਸ ਕਾਰਨ ਲੋਕਾਂ ਵਿੱਚ ਭੰਬਲਭੂਸਾ ਬਣਿਆ ਹੋਇਆ ਹੈ। ਲੋਕਾਂ ਦਾ ਸਵਾਲ ਹੈ ਕਿ ਜੇਕਰ ਇੱਕੋ ਥਾਂ 'ਤੇ ਸਥਿਤ ਇਕ ਪਟਵਾਰਖਾਨੇ ਵਿੱਚ ਕੰਮ ਹੋ ਸਕਦਾ ਹੈ, ਤਾਂ ਦੂਜੇ ਵਿੱਚ ਕੰਮ ਕਿਉਂ ਨਹੀਂ ਹੋ ਰਿਹਾ। ਇਸ ਸਥਿਤੀ ਨੇ ਪ੍ਰਸ਼ਾਸਨਿਕ ਪ੍ਰਬੰਧਾਂ 'ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਜੇਕਰ ਸੰਬੰਧਿਤ ਪਟਵਾਰੀ ਕਿਸੇ ਕਾਰਨ ਕਰਕੇ ਡਿਊਟੀ 'ਤੇ ਹਾਜ਼ਰ ਨਹੀਂ ਹੋ ਸਕਦਾ, ਤਾਂ ਮਾਲ ਵਿਭਾਗ ਤੁਰੰਤ ਕਿਸੇ ਹੋਰ ਅਧਿਕਾਰੀ ਦੀ ਅਸਥਾਈ ਡਿਊਟੀ ਲਗਾ ਕੇ ਲੋਕਾਂ ਦੇ ਬਕਾਇਆ ਕੰਮ ਨੇਪਰੇ ਚਾੜ੍ਹੇ। ਸਰਕਾਰੀ ਦਫ਼ਤਰਾਂ ਦਾ ਮਕਸਦ ਲੋਕਾਂ ਨੂੰ ਸਮੇਂ ਸਿਰ ਸੇਵਾਵਾਂ ਮੁਹੱਈਆ ਕਰਵਾਉਣਾ ਹੈ, ਪਰ ਗਿੱਲ-2 ਪਟਵਾਰਖਾਨੇ ਦੀ ਬੰਦਸ਼ ਕਾਰਨ ਲੋਕਾਂ ਦਾ ਪ੍ਰਸ਼ਾਸਨ 'ਤੇ ਭਰੋਸਾ ਪ੍ਰਭਾਵਿਤ ਹੋ ਰਿਹਾ ਹੈ। ਇਲਾਕਾ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ, ਡਿਪਟੀ ਕਮਿਸ਼ਨਰ ਅਤੇ ਮਾਲ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਮਾਮਲੇ ਦਾ ਤੁਰੰਤ ਨੋਟਿਸ ਲੈ ਕੇ ਗਿੱਲ-2 ਪਟਵਾਰਖਾਨੇ ਵਿੱਚ ਕੰਮ-ਕਾਜ ਬਹਾਲ ਕੀਤਾ ਜਾਵੇ, ਤਾਂ ਜੋ ਲੋਕਾਂ ਨੂੰ ਹੋ ਰਹੀ ਖੱਜਲ-ਖੁਆਰੀ ਤੋਂ ਰਾਹਤ ਮਿਲ ਸਕੇ ਅਤੇ ਸਰਕਾਰੀ ਸੇਵਾਵਾਂ ਮੁੜ ਸੁਚਾਰੂ ਢੰਗ ਨਾਲ ਸ਼ੁਰੂ ਹੋ ਸਕਣ।