ਫਿਕੋ ਨੇ 13ਵਾਂ ਸਥਾਪਨਾ ਦਿਵਸ ਮਨਾਇਆ ਅਹਿਮ ਤੇ ਜ਼ਰੂਰੀ ਖ਼ਬਰ:ਫਿਕੋ ਨੇ 13ਵਾਂ ਸਥਾਪਨਾ ਦਿਵਸ ਮਨਾਇਆ
Publish Date: Sat, 10 Oct 2026 08:24 PM (IST)
Updated Date: Sun, 11 Oct 2026 04:06 AM (IST)
-13 ਦੋਸਤਾਂ ਦੇ ਸਮੂਹ ਵੱਲੋਂ ਬਣਾਈ ਸੰਸਥਾ ਦੇ ਅੱਜ 2800 ਮੈਂਬਰ ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਫੈੱਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ (ਫਿਕੋ ਆਈਐੱਮ ਐੱਮਐੱਸਐੱਮਈ ਆਫ਼ ਇੰਡੀਆ) ਨੇ ਆਪਣੇ 13 ਸਾਲ ਪੂਰੇ ਕਰ ਲਏ ਹਨ। 7 ਅਕਤੂਬਰ 2013 ਨੂੰ 13 ਦੋਸਤਾਂ ਦੇ ਸਮੂਹ ਵੱਲੋਂ ਸਥਾਪਿਤ ਕੀਤੀ ਗਈ ਫਿਕੋ ਦੇ ਅੱਜ 2,800 ਤੋਂ ਵੱਧ ਮੈਂਬਰਾਂ ਦੇ ਇੱਕ ਵਿਸ਼ਾਲ ਪਰਿਵਾਰ ਵਜੋਂ ਲਗਾਤਾਰ ਤਰੱਕੀ ਕਰ ਰਹੀ ਹੈ। ਫਿਕੋ ਦਾ 13ਵਾਂ ਸਥਾਪਨਾ ਦਿਵਸ ਹੋਟਲ ਮਹਾਰਾਜਾ ਰੀਜੈਂਸੀ, ਫਿਰੋਜ਼ਪੁਰ ਰੋਡ, ਲੁਧਿਆਣਾ ਵਿਖੇ ਮਨਾਇਆ ਗਿਆ। ਇਸ ਸਾਲ ਸਮਾਗਮ ਦਾ ਮੁੱਖ ਵਿਸ਼ਾ “ਆਤਮਨਿਰਭਰ ਭਾਰਤ ਫੰਡ ਦਾ ਲਾਭ ਪ੍ਰਾਪਤ ਕਰਨਾ ਰਿਹਾ। ਇਸ ਮੌਕੇ ਨੈਸ਼ਨਲ ਸਮਾਲ ਇੰਡਸਟਰੀਜ਼ ਕਾਰਪੋਰੇਸ਼ਨ ਲਿਮਟਿਡ (ਐੱਨਐੱਸਆਈਸੀ) ਦੇ ਡਾਇਰੈਕਟਰ (ਵਿੱਤ) ਗੌਰਵ ਗੁਲਾਟੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜਦਕਿ ਪੰਕਜ ਝਾਅ ਸੰਯੁਕਤ ਨਿਰਦੇਸ਼ਕ ਐਮਐਸਐਮਈ ਵਿਕਾਸ ਕੇਂਦਰ ਲੁਧਿਆਣਾ ਅਤੇ ਮਨਿੰਦਰ ਸਿੰਘ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਲੁਧਿਆਣਾ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ। ਫਿਕੋ ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਨੇ ਸੰਸਥਾ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ। ਉਨ੍ਹਾਂ ਨੇ ਬੀਤੇ ਸਾਲ ਦੌਰਾਨ ਫਿਕੋ ਵੱਲੋਂ ਹਾਸਲ ਕੀਤੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਆਉਣ ਵਾਲੇ ਸਾਲ ਲਈ ਆਪਣਾ ਦ੍ਰਿਸ਼ਟੀਕੋਣ ਸਾਂਝਾ ਕੀਤਾ। ਉਨ੍ਹਾਂ ਨੇ ਮੈਂਬਰਾਂ ਦੇ ਤਕਨੀਕੀ ਵਿਕਾਸ ਅਤੇ ਕਾਰੋਬਾਰੀ ਤਰੱਕੀ ਨੂੰ ਉਤਸ਼ਾਹਿਤ ਕਰਨ ਲਈ ਐਪਲ ਆਈਫੋਨ 18 ’ਤੇ 10,000 ਦੀ ਛੋਟ ਅਤੇ ਮੈਂਬਰਾਂ ਨੂੰ ਮੁਫ਼ਤ ਕਸਟਮਾਈਜ਼ਡ ਕਸਟਮਰ ਰਿਲੇਸ਼ਨਸ਼ਿਪ ਮੈਨੇਜਮੈਂਟ (ਸੀਆਰਐੱਮ) ਸਾਫਟਵੇਅਰ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ। ਫਿਕੋ ਦੇ ਚੇਅਰਮੈਨ ਕੇਕੇ ਸੇਠ ਨੇ ਮੌਜੂਦਾ ਬਾਜ਼ਾਰ ਦੀ ਸਥਿਤੀ, ਖਾਸ ਕਰਕੇ ਉਦਯੋਗਿਕ ਖੇਤਰ ਸਾਹਮਣੇ ਆ ਰਹੀਆਂ ਚੁਣੌਤੀਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਉਦਯੋਗਪਤੀਆਂ ਲਈ ਮੁਸ਼ਕਲਾਂ ਲਗਾਤਾਰ ਵਧ ਰਹੀਆਂ ਹਨ, ਪਰ ਇਸ ਦੇ ਬਾਵਜੂਦ ਸਾਨੂੰ ਸਕਾਰਾਤਮਕ ਸੋਚ ਨਾਲ ਅੱਗੇ ਵਧਣਾ ਚਾਹੀਦਾ ਹੈ, ਇਨ੍ਹਾਂ ਮੁਸ਼ਕਲਾਂ ਦਾ ਡਟ ਕੇ ਸਾਹਮਣਾ ਕਰਨਾ ਚਾਹੀਦਾ ਹੈ ਅਤੇ ਨਿਰੰਤਰ ਯਤਨਾਂ ਨਾਲ ਨਵੀਆਂ ਉਚਾਈਆਂ ਹਾਸਲ ਕਰਨੀਆਂ ਚਾਹੀਦੀਆਂ ਹਨ। ਐੱਨਐੱਸਆਈਈਸੀ ਦੇ ਐਸਆਰਆਈ ਫੰਡ ਦੇ ਡਾਇਰੈਕਟਰ (ਵਿੱਤ) ਗੌਰਵ ਗੁਲਾਟੀ ਨੇ ਕਿਹਾ ਕਿ ਡਾਇਰੈਕਟਰ (ਵਿੱਤ) ਫੰਡ ਉੱਚ ਵਿਕਾਸ ਸਮਰੱਥਾ ਵਾਲੇ ਸੂਖਮ, ਛੋਟੇ ਤੇ ਦਰਮਿਆਨੇ ਉਦਯੋਗਾਂ (ਐਮਐਸਐਮਈ) ਨੂੰ ਮਹਿੰਗੇ ਕਰਜ਼ੇ ਦੀ ਬਜਾਏ ਲੋੜੀਂਦੀ ਇਕਵਿਟੀ ਪੂੰਜੀ ਮੁਹੱਈਆ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਨਾਲ ਉਦਯੋਗਾਂ ਨੂੰ ਆਪਣੇ ਕਾਰੋਬਾਰ ਦਾ ਵਿਸਥਾਰ ਕਰਨ ਅਤੇ ਭਵਿੱਖ ਵਿੱਚ ਸ਼ੇਅਰ ਬਾਜ਼ਾਰ ਵਿੱਚ ਸੂਚੀਬੱਧ ਹੋਣ ਤੇ ਆਈਪੀਓ ਲਿਆਉਣ ਦੀ ਦਿਸ਼ਾ ਵਿੱਚ ਅੱਗੇ ਵਧਣ ਵਿੱਚ ਮਦਦ ਮਿਲਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਆਰਥਿਕ ਪੱਖੋਂ ਇਹ ਫੰਡ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਕੇ, ਕਾਰੋਬਾਰਾਂ ਨੂੰ ਰਸਮੀ ਅਰਥਵਿਵਸਥਾ ਨਾਲ ਜੋੜ ਕੇ ਅਤੇ ਦਰਾਮਦ ’ਤੇ ਨਿਰਭਰਤਾ ਘਟਾ ਕੇ ਆਤਮਨਿਰਭਰ ਭਾਰਤ ਦੇ ਸੁਪਨੇ ਨੂੰ ਮਜ਼ਬੂਤ ਕਰਦਾ ਹੈ ਅਤੇ ਦੇਸ਼ ਦੀ ਜੀਡੀਪੀ ਦੇ ਵਿਕਾਸ ਵਿੱਚ ਯੋਗਦਾਨ ਪਾਉਂਦਾ ਹੈ। ਸਮਾਗਮ ਵਿੱਚ ਫਿਕੋ ਦੇ ਸਾਰੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਕੇਕ ਕੱਟ ਕੇ ਸਥਾਪਨਾ ਦਿਵਸ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ। ਇਸ ਮੌਕੇ ਸੁਖਦਿਆਲ ਸਿੰਘ ਬਸੰਤ, ਮਨਜਿੰਦਰ ਸਿੰਘ ਸਚਦੇਵਾ, ਰਾਜੀਵ ਜੈਨ, ਸਤਨਾਮ ਸਿੰਘ ਮੱਕੜ, ਅਵਤਾਰ ਸਿੰਘ ਭੋਗਲ, ਰਾਜਿੰਦਰ ਚੌਧਰੀ ਜੇਬੀਆਰ, ਮਨਦੀਪ ਚੌਧਰੀ, ਜੀਐਸ ਢਿੱਲੋਂ, ਅਸ਼ਪ੍ਰੀਤ ਸਿੰਘ ਸਾਹਨੀ, ਡਾ.ਮਾਨਕਰ ਗਰਗ, ਸੰਜੇ ਗੋਇਲ,ਜਗਦੇਵ ਸਿੰਘ ਵਿੱਕੀ ਕੁਲਾਰ ਆਦਿ ਹਾਜ਼ਰ ਸਨ।