- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਹਿਮ ਖ਼ਬਰ-ਪੀਐੱਸਆਈਈਸੀ ਪਲਾਟ ਅਲਾਟਮੈਂਟ ਮਾਮਲੇ ਦੀ ਜਾਂਚ ਲਈ ਈਡੀ ਵੱਲੋਂ ਲੁਧਿਆਣਾ ’ਚ ਛਾਪੇਮਾਰੀ

ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਪੰਜਾਬ ਲਘੂ ਉਦਯੋਗ ਤੇ ਨਿਰਯਾਤ ਨਿਗਮ (ਪੀਐੱਸਆਈਈਸੀ) ਦੇ ਉਦਯੋਗਿਕ ਪਲਾਟਾਂ ਦੀ ਅਲਾਟਮੈਂਟ ਅਤੇ ਖਰੀਦ-ਫਰੋਖ਼ਤ ਨਾਲ ਜੁੜੇ ਮਾਮਲੇ ਦੀ ਜਾਂਚ ਹੁਣ ਤੇਜ਼ ਹੋ ਗਈ ਹੈ। ਇਸੇ ਤਹਿਤ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮੰਗਲਵਾਰ ਸਵੇਰੇ ਲੁਧਿਆਣਾ ਵਿੱਚ ਕਾਰਵਾਈ ਕਰਦੇ ਹੋਏ ਕਈ ਥਾਵਾਂ ਤੋਂ ਦਸਤਾਵੇਜ਼ਾਂ ਤੇ ਸਰਕਾਰੀ ਰਿਕਾਰਡ ਦੀ ਜਾਂਚ ਕੀਤੀ। ਸੂਤਰਾਂ ਮੁਤਾਬਕ ਈਡੀ ਦੀ ਇਕ ਟੀਮ ਚੰਡੀਗੜ੍ਹ ਸਥਿਤ ਉਦਯੋਗ ਭਵਨ ਪਹੁੰਚੀ, ਜਿੱਥੇ ਅਧਿਕਾਰੀਆਂ ਨੇ ਪੀਐੱਸਆਈਈਸੀ ਨਾਲ ਸਬੰਧਤ ਫਾਈਲਾਂ ਤੇ ਰਿਕਾਰਡ ਦੀ ਬਾਰੀਕੀ ਨਾਲ ਜਾਂਚ ਕੀਤੀ। ਲੁਧਿਆਣਾ ’ਚ ਵੀ ਟੀਮਾਂ ਨੇ ਮਾਮਲੇ ਨਾਲ ਜੁੜੇ ਦਸਤਾਵੇਜ਼ਾਂ ਅਤੇ ਹੋਰ ਮਹੱਤਵਪੂਰਨ ਰਿਕਾਰਡ ਦੀ ਪੜਤਾਲ ਕੀਤੀ। ਇਹ ਕਾਰਵਾਈ ਪੀਐੱਸਆਈਈਸੀ ਦੇ ਸਨਅਤੀ ਪਲਾਟਾਂ ਦੀ ਅਲਾਟਮੈਂਟ ਤੇ ਬਾਅਦ ਵਿੱਚ ਹੋਈ ਖਰੀਦ-ਫਰੋਖ਼ਤ ਨਾਲ ਜੁੜੀ ਜਾਂਚ ਦਾ ਹਿੱਸਾ ਮੰਨੀ ਜਾ ਰਹੀ ਹੈ। ਜਾਂਚ ’ਚ ਪਤਾ ਲਗਾ ਰਹੀ ਹੈ ਕਿ ਪਲਾਟਾਂ ਦੇ ਲੈਣ-ਦੇਣ ਦੌਰਾਨ ਕਿਸੇ ਤਰ੍ਹਾਂ ਦੀ ਵਿੱਤੀ ਬੇਨਿਯਮਤਾ ਜਾਂ ਮਨੀ ਟ੍ਰੇਲ ਤਾਂ ਨਹੀਂ ਹੋਈ। ਸੂਤਰਾਂ ਅਨੁਸਾਰ ਇਸ ਜਾਂਚ ਵਿੱਚ ਮਾਡਲ ਟਾਊਨ ਲੁਧਿਆਣਾ ਦੇ ਰਹਿਣ ਵਾਲੇ ਅਵਤਾਰ ਸਿੰਘ ਦਾ ਨਾਮ ਵੀ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁਹਾਲੀ ਸਥਿਤ ਇੱਕ ਉਦਯੋਗਿਕ ਪਲਾਟ ਦੀ ਖਰੀਦ-ਫਰੋਖ਼ਤ ਵਿੱਚ ਉਨ੍ਹਾਂ ਦੀ ਕਥਿਤ ਤੌਰ 'ਤੇ ਵਿਚੌਲੇ ਵਜੋਂ ਭੂਮਿਕਾ ਰਹੀ ਸੀ। ਈਡੀ ਇਸ ਪੱਖ ਤੋਂ ਵੀ ਦਸਤਾਵੇਜ਼ਾਂ ਅਤੇ ਵਿੱਤੀ ਲੈਣ-ਦੇਣ ਦੀ ਜਾਂਚ ਕਰ ਰਹੀ ਹੈ। ਹਾਲਾਂਕਿ ਏਜੰਸੀ ਵੱਲੋਂ ਇਸ ਸਬੰਧੀ ਹਾਲੇ ਤੱਕ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ। ਹਾਲ ਦੀ ਘੜੀ ਇਹ ਵੀ ਸਪੱਸ਼ਟ ਨਹੀਂ ਕੀਤਾ ਗਿਆ ਕਿ ਇਹ ਜਾਂਚ ਕਿਸ ਸ਼ਿਕਾਇਤ ਜਾਂ ਕਿਸ ਆਧਾਰ 'ਤੇ ਸ਼ੁਰੂ ਕੀਤੀ ਗਈ ਹੈ। ਈਡੀ ਵੱਲੋਂ ਕਿਸੇ ਵੀ ਵਿਅਕਤੀ ਦੀ ਭੂਮਿਕਾ ਬਾਰੇ ਕੋਈ ਅਧਿਕਾਰਿਕ ਬਿਆਨ ਜਾਰੀ ਨਹੀਂ ਕੀਤਾ। ਜਾਂਚ ਏਜੰਸੀ ਇਸ ਵੇਲੇ ਰਿਕਾਰਡ ਤੇ ਦਸਤਾਵੇਜ਼ਾਂ ਦੀ ਜਾਂਚ ਵਿੱਚ ਜੁਟੀ ਹੋਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਮਾਮਲੇ ਵਿੱਚ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।