ਪ੍ਰਾਪਰਟੀ ਟੈਕਸ ਵਸੂਲੀ ਲਈ ਨਿਗਮ ਨੇ ਅਧਿਕਾਰੀਆਂ ’ਤੇ ਕੱਸਿਆ ਸ਼ਿਕੰਜਾ ਅਹਿਮ ਖ਼ਬਰ-ਪ੍ਰਾਪਰਟੀ ਟੈਕਸ ਵਸੂਲੀ ਲਈ ਨਿਗਮ ਨੇ ਅਧਿਕਾਰੀਆਂ 'ਤੇ ਕੱਸਿਆ ਸ਼ਿਕੰਜਾ
Publish Date: Thu, 24 Sep 2026 07:08 PM (IST)
Updated Date: Thu, 24 Sep 2026 07:09 PM (IST)
ਕਮਿਸ਼ਨਰ ਨੇ ਅਧਿਕਾਰੀਆਂ ਨੂੰ ਰੋਜ਼ਾਨਾ ਟੀਚੇ ਦਿੱਤੇ 30 ਸਤੰਬਰ ਤੱਕ ਟੈਕਸ ਭਰਨ ’ਤੇ 10 ਫ਼ੀਸਦੀ ਛੋਟ ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ ਲੁਧਿਆਣਾ : ਨਗਰ ਨਿਗਮ ਨੇ ਬਕਾਇਆ ਪ੍ਰਾਪਰਟੀ ਟੈਕਸ ਦੀ ਵਸੂਲੀ ਤੇਜ਼ ਕਰਨ ਲਈ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਨਿਗਮ ਕਮਿਸ਼ਨਰ ਓਜਸਵੀ ਅਲੰਕਾਰ ਨੇ ਸਬੰਧਤ ਅਧਿਕਾਰੀਆਂ ਨੂੰ ਬਕਾਇਆ ਰਕਮ ਦੀ ਵਸੂਲੀ ਲਈ ਰੋਜ਼ਾਨਾ ਟੀਚੇ ਪੂਰੇ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ ਹਨ। ਜ਼ੋਨਲ ਕਮਿਸ਼ਨਰਾਂ ਅਤੇ ਸੁਪਰਡੈਂਟਾਂ ਨਾਲ ਹੋਈ ਮੀਟਿੰਗ ਦੌਰਾਨ ਕਮਿਸ਼ਨਰ ਨੇ ਸਬੰਧਤ ਇੰਸਪੈਕਟਰਾਂ ਅਤੇ ਸੁਪਰਡੈਂਟਾਂ ਦੇ ਰੋਜ਼ਾਨਾ ਵਸੂਲੀ ਟੀਚੇ ਤੈਅ ਕੀਤੇ। ਉਨ੍ਹਾਂ ਕਿਹਾ ਕਿ ਟੈਕਸ ਵਸੂਲੀ ਦੀ ਹਰ ਰੋਜ਼ ਸਮੀਖਿਆ ਕੀਤੀ ਜਾਵੇਗੀ। ਟੀਚੇ ਪੂਰੇ ਨਾ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਵਿਭਾਗੀ ਕਾਰਵਾਈ ਵੀ ਕੀਤੀ ਜਾਵੇਗੀ। ਨਿਗਮ ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵਿੱਤੀ ਸਾਲ 2026-27 ਦਾ ਪ੍ਰਾਪਰਟੀ ਟੈਕਸ 30 ਸਤੰਬਰ ਤੱਕ ਜਮ੍ਹਾਂ ਕਰਵਾ ਕੇ 10 ਫੀਸਦੀ ਛੋਟ ਦਾ ਲਾਭ ਲੈਣ। ਸ਼ਨੀਵਾਰ-ਐਤਵਾਰ ਵੀ ਖੁੱਲ੍ਹੇ ਰਹਿਣਗੇ ਸੁਵਿਧਾ ਕੇਂਦਰ ਲੋਕਾਂ ਦੀ ਸਹੂਲਤ ਲਈ ਨਗਰ ਨਿਗਮ ਦੇ ਜ਼ੋਨਲ ਸੁਵਿਧਾ ਕੇਂਦਰ 26 ਅਤੇ 27 ਸਤੰਬਰ ਨੂੰ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਆਮ ਕੰਮਕਾਜੀ ਸਮੇਂ ਦੌਰਾਨ ਖੁੱਲ੍ਹੇ ਰਹਿਣਗੇ। ਲੋਕ ਇੱਥੇ ਆਪਣਾ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾ ਸਕਣਗੇ। ਕਤਾਰਾਂ ਤੋਂ ਬਚੋ, ਆਨਲਾਈਨ ਭਰੋ ਟੈਕਸ ਨਿਗਮ ਨੇ ਲੋਕਾਂ ਨੂੰ ਲੰਬੀਆਂ ਕਤਾਰਾਂ ਤੋਂ ਬਚਣ ਲਈ ਪ੍ਰਾਪਰਟੀ ਟੈਕਸ ਆਨਲਾਈਨ ਜਮ੍ਹਾਂ ਕਰਵਾਉਣ ਦੀ ਸਹੂਲਤ ਵੀ ਦਿੱਤੀ ਹੈ। ਲੋਕ ਨਗਰ ਨਿਗਮ ਦੀ ਵੈੱਬਸਾਈਟ mcludhiana.gov.in ਰਾਹੀਂ ਘਰ ਬੈਠੇ ਟੈਕਸ ਜਮ੍ਹਾਂ ਕਰਵਾ ਸਕਦੇ ਹਨ।