ਅਹਿਮ ਖ਼ਬਰ-ਦੋ ਮਹੀਨਿਆਂ ਤੋਂ ਗੰਦੇ ਪਾਣੀ ਦੀ ਸਪਲਾਈ, ਲੋਕਾਂ ਨੇ ਨਗਰ ਨਿਗਮ ਖ਼ਿਲਾਫ਼ ਲਾਇਆ ਧਰਨਾ ਅਹਿਮ ਖ਼ਬਰ-ਦੋ ਮਹੀਨਿਆਂ ਤੋਂ ਗੰਦੇ ਪਾਣੀ ਦੀ ਸਪਲਾਈ, ਲੋਕਾਂ ਨੇ ਨਗਰ ਨਿਗਮ ਖ਼ਿਲਾਫ਼ ਲਾਇਆ ਧਰਨਾ
Publish Date: Sat, 10 Oct 2026 08:33 PM (IST)
Updated Date: Sun, 11 Oct 2026 04:06 AM (IST)
ਪੀਣ ਵਾਲੇ ਪਾਣੀ |ਚ ਸੀਵਰੇਜ ਦਾ ਪਾਣੀ ਮਿਲਣ ਕਾਰਨ ਬੱਚੇ ਤੇ ਬਜ਼ੁਰਗ ਹੋ ਰਹੇ ਬਿਮਾਰ, ਵਿਧਾਇਕ ਦੇ ਭਰੋਸੇ ਦੇ ਬਾਵਜੂਦ ਸਮੱਸਿਆ ਦਾ ਨਹੀਂ ਹੋਇਆ ਹੱਲ, ਲੋਕਾਂ ਵੱਲੋਂ ਜ਼ੋਨ-ਸੀ ਦਾ ਘਿਰਾਓ ਕਰਨ ਦੀ ਚਿਤਾਵਨੀ ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਵਾਰਡ ਨੰਬਰ 43 ਦੇ ਕਬੀਰ ਨਗਰ ਦੀ ਗਲੀ ਨੰਬਰ 8-ਏ ’ਚ ਪਿਛਲੇ ਦੋ ਮਹੀਨਿਆਂ ਤੋਂ ਗੰਦੇ ਪਾਣੀ ਦੀ ਸਪਲਾਈ ਹੋਣ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ। ਸਮੱਸਿਆ ਦਾ ਹੱਲ ਨਾ ਹੋਣ ਤੋਂ ਨਾਰਾਜ਼ ਇਲਾਕਾ ਨਿਵਾਸੀਆਂ ਨੇ ਨਗਰ ਨਿਗਮ ਅਤੇ ਸਰਕਾਰ ਖ਼ਿਲਾਫ਼ ਧਰਨਾ ਦੇ ਕੇ ਪ੍ਰਦਰਸ਼ਨ ਕੀਤਾ। ਲੋਕਾਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਘਰਾਂ ਵਿੱਚ ਪੀਣ ਵਾਲੇ ਪਾਣੀ ਨਾਲ ਸੀਵਰੇਜ ਦਾ ਗੰਦਾ ਪਾਣੀ ਮਿਲ ਕੇ ਆ ਰਿਹਾ ਹੈ। ਇਸ ਕਾਰਨ ਇਲਾਕੇ ਦੇ ਬੱਚੇ ਅਤੇ ਬਜ਼ੁਰਗ ਬਿਮਾਰ ਹੋ ਰਹੇ ਹਨ। ਇਸ ਦੇ ਬਾਵਜੂਦ ਸਬੰਧਤ ਅਧਿਕਾਰੀਆਂ ਵੱਲੋਂ ਸਮੱਸਿਆ ਦਾ ਪੱਕਾ ਹੱਲ ਨਹੀਂ ਕੀਤਾ ਜਾ ਰਿਹਾ। ਪ੍ਰਦਰਸ਼ਨਕਾਰੀ ਸ਼ਮਸ਼ੇਰ ਸਿੰਘ ਸ਼ੇਰਾ ਨੇ ਦੱਸਿਆ ਕਿ ਕਰੀਬ ਦੋ ਮਹੀਨੇ ਪਹਿਲਾਂ ਇਲਾਕੇ ਵਿੱਚ ਪੀਣ ਵਾਲੇ ਪਾਣੀ ਵਿੱਚ ਸੀਵਰੇਜ ਦਾ ਪਾਣੀ ਮਿਲ ਕੇ ਆਉਣਾ ਸ਼ੁਰੂ ਹੋ ਗਿਆ ਸੀ। ਇਸ ਸਬੰਧੀ ਉਨ੍ਹਾਂ ਨੇ ਇਲਾਕੇ ਦੇ ਕੌਂਸਲਰ ਨਾਲ ਗੱਲ ਕੀਤੀ ਸੀ। ਉਸ ਸਮੇਂ ਸਮੱਸਿਆ ਦਾ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ, ਪਰ ਹਾਲਾਤ ਵਿੱਚ ਕੋਈ ਸੁਧਾਰ ਨਹੀਂ ਹੋਇਆ। ਇਸ ਤੋਂ ਬਾਅਦ ਇਲਾਕਾ ਨਿਵਾਸੀਆਂ ਨੇ ਇਕੱਠੇ ਹੋ ਕੇ ਮੀਟਿੰਗ ਕੀਤੀ ਅਤੇ ਮਾਮਲਾ ਵਿਧਾਇਕ ਦੇ ਧਿਆਨ ਵਿੱਚ ਲਿਆਉਣ ਦਾ ਫ਼ੈਸਲਾ ਕੀਤਾ। ਲੋਕਾਂ ਨੇ ਆਪਣੇ ਪੱਧਰ ਤੇ ਮੀਟਿੰਗ ਕਰਵਾ ਕੇ ਵਿਧਾਇਕ ਨੂੰ ਵੀ ਸੱਦਿਆ ਸੀ। ਲੋਕਾਂ ਅਨੁਸਾਰ ਮੀਟਿੰਗ ਦੌਰਾਨ ਵਿਧਾਇਕ ਨੇ ਦੋ ਦਿਨਾਂ ਵਿੱਚ ਸਮੱਸਿਆ ਦਾ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਸੀ, ਪਰ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਗੰਦੇ ਪਾਣੀ ਦੀ ਸਪਲਾਈ ਬੰਦ ਨਹੀਂ ਹੋਈ। ਲੋਕਾਂ ਦਾ ਕਹਿਣਾ ਹੈ ਕਿ ਸ਼ਿਕਾਇਤਾਂ ਦੇ ਬਾਵਜੂਦ ਉਨ੍ਹਾਂ ਨੂੰ ਸਿਰਫ਼ ਭਰੋਸੇ ਹੀ ਮਿਲ ਰਹੇ ਹਨ। ਇਲਾਕਾ ਨਿਵਾਸੀਆਂ ਨੇ ਚਿਤਾਵਨੀ ਦਿੱਤੀ ਕਿ ਜੇ ਕੁਝ ਦਿਨਾਂ ਦੇ ਅੰਦਰ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਨਗਰ ਨਿਗਮ ਦੇ ਜ਼ੋਨ-ਸੀ ਦਫ਼ਤਰ ਦਾ ਘਿਰਾਓ ਕਰਨਗੇ। ਲੋੜ ਪੈਣ ਤੇ ਸੜਕ ਜਾਮ ਕਰ ਕੇ ਪ੍ਰਦਰਸ਼ਨ ਵੀ ਕੀਤਾ ਜਾਵੇਗਾ। ਲੋਕਾਂ ਨੇ ਮੰਗ ਕੀਤੀ ਕਿ ਪਾਣੀ ਦੀਆਂ ਪਾਈਪਲਾਈਨਾਂ ਦੀ ਜਾਂਚ ਕਰ ਕੇ ਸੀਵਰੇਜ ਦੇ ਪਾਣੀ ਦੀ ਮਿਲਾਵਟ ਨੂੰ ਤੁਰੰਤ ਰੋਕਿਆ ਜਾਵੇ, ਤਾਂ ਜੋ ਉਨ੍ਹਾਂ ਨੂੰ ਪੀਣ ਲਈ ਸਾਫ਼ ਪਾਣੀ ਮਿਲ ਸਕੇ। ਇਸ ਮੌਕੇ ਪ੍ਰਦੀਪ ਲਾਲਾ, ਕ੍ਰਿਸ਼ਨ ਕੁਮਾਰ, ਪਰਮਪ੍ਰੀਤ ਸਿੰਘ, ਪਰਮਜੀਤ ਸਿੰਘ, ਪਵਨ ਕੁਮਾਰ, ਰਾਜ ਕੁਮਾਰ, ਕੁਲਦੀਪ ਸਿੰਘ, ਸੁਖਦੇਵ ਸਿੰਘ, ਦਲਜੀਤ ਸਿੰਘ, ਸੁਨੀਤਾ ਦੇਵੀ, ਕੁਲਦੀਪ ਕੌਰ, ਹਰਬੰਸ ਕੌਰ, ਸੰਤੋਸ਼ ਕੌਰ, ਮਹਿੰਦਰ ਕੌਰ ਅਤੇ ਊਸ਼ਾ ਰਾਣੀ ਸਮੇਤ ਹੋਰ ਇਲਾਕਾ ਨਿਵਾਸੀ ਮੌਜੂਦ ਸਨ।