
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅਹਿਮ ਖ਼ਬਰ-ਸੀਆਈਸੀਯੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਇਨੋਵੇਸ਼ਨ ਮਿਸ਼ਨ ਪੰਜਾਬ ਦੇ ਸਲਾਹਕਾਰ ਨਿਯੁਕਤ

2
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਆਈਸੀਯੂ) ਦੇ ਪ੍ਰਧਾਨ ਅਤੇ ਨਿਊ ਸਵਾਨ ਗਰੁੱਪ ਦੇ ਸੀਐੱਮਡੀ ਉਪਕਾਰ ਸਿੰਘ ਆਹੂਜਾ ਨੂੰ ਇਨੋਵੇਸ਼ਨ ਮਿਸ਼ਨ ਪੰਜਾਬ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਸੀਆਈਸੀਯੂ ਨੇ ਉਨ੍ਹਾਂ ਦੀ ਇਸ ਨਿਯੁਕਤੀ ਨੂੰ ਪੰਜਾਬ ਦੇ ਉਦਯੋਗ ਤੇ ਸਟਾਰਟਅੱਪ ਖੇਤਰ ਲਈ ਅਹਿਮ ਕਦਮ ਦੱਸਿਆ ਹੈ। ਇਨੋਵੇਸ਼ਨ ਮਿਸ਼ਨ ਪੰਜਾਬ ਸਰਕਾਰੀ-ਨਿੱਜੀ ਭਾਈਵਾਲੀ ਤਹਿਤ ਪੰਜਾਬ ਦੇ ਸਟਾਰਟਅੱਪ ਅਤੇ ਇਨੋਵੇਸ਼ਨ ਈਕੋਸਿਸਟਮ ਨੂੰ ਮਜ਼ਬੂਤ ਕਰਨ ਲਈ ਕੰਮ ਕਰਦਾ ਹੈ। ਇਸ ਤਹਿਤ ਸਟਾਰਟਅੱਪ ਸੰਸਥਾਪਕਾਂ, ਮਾਰਗਦਰਸ਼ਕਾਂ, ਸੰਸਥਾਵਾਂ ਅਤੇ ਉਦਯੋਗ ਜਗਤ ਨੂੰ ਇੱਕ ਮੰਚ ’ਤੇ ਲਿਆਉਣ ਦਾ ਉਦੇਸ਼ ਹੈ। ਮਿਸ਼ਨ ਵੱਲੋਂ ਉੱਦਮੀਆਂ ਨੂੰ ਮਾਰਗਦਰਸ਼ਨ, ਬੁਨਿਆਦੀ ਢਾਂਚਾ, ਪੂੰਜੀ ਤੱਕ ਪਹੁੰਚ ਤੇ ਬਾਜ਼ਾਰ ਦੇ ਮੌਕੇ ਉਪਲਬਧ ਕਰਵਾਉਣ ’ਤੇ ਜ਼ੋਰ ਦਿੱਤਾ ਜਾਂਦਾ ਹੈ। ਸੀਆਈਸੀਯੂ ਮੁਤਾਬਕ ਇਨੋਵੇਸ਼ਨ ਮਿਸ਼ਨ ਪੰਜਾਬ ਦਾ ਟੀਚਾ ਪੰਜਾਬ ਨੂੰ ਦੇਸ਼ ਦੇ ਮੋਹਰੀ ਸਟਾਰਟਅੱਪ ਈਕੋਸਿਸਟਮ ਵਿੱਚ ਸ਼ਾਮਲ ਕਰਨਾ ਹੈ। ਆਹੂਜਾ ਨੂੰ ਉਦਯੋਗਿਕ ਅਗਵਾਈ, ਉੱਦਮਤਾ, ਮੈਨੂਫੈਕਚਰਿੰਗ ਅਤੇ ਐੱਮਐੱਸਐੱਮਈ ਵਿਕਾਸ ਦੇ ਖੇਤਰ ਵਿੱਚ ਲੰਮਾ ਤਜਰਬਾ ਹੈ। ਸੀਆਈਸੀਯੂ ਨੇ ਉਮੀਦ ਜਤਾਈ ਕਿ ਉਨ੍ਹਾਂ ਦੀ ਨਿਯੁਕਤੀ ਨਾਲ ਪੰਜਾਬ ਦੇ ਰਵਾਇਤੀ ਉਦਯੋਗਿਕ ਅਧਾਰ ਅਤੇ ਉੱਭਰ ਰਹੇ ਸਟਾਰਟਅੱਪ ਤੇ ਇਨੋਵੇਸ਼ਨ ਈਕੋਸਿਸਟਮ ਵਿਚਾਲੇ ਤਾਲਮੇਲ ਹੋਰ ਮਜ਼ਬੂਤ ਹੋਵੇਗਾ। ਆਹੂਜਾ ਨੇ ਕਿਹਾ ਕਿ ਪੰਜਾਬ ਨੂੰ ਵਿਸ਼ਵ ਪੱਧਰ ’ਤੇ ਮੁਕਾਬਲੇਯੋਗ ਬਣਾਉਣ ਲਈ ਉਦਯੋਗ-ਸਟਾਰਟਅੱਪ ਸਹਿਯੋਗ, ਨਵੀਂ ਤਕਨੀਕ ਨੂੰ ਅਪਣਾਉਣਾ ਅਤੇ ਇਨੋਵੇਸ਼ਨ ਆਧਾਰਿਤ ਉੱਦਮਤਾ ਬੇਹੱਦ ਜ਼ਰੂਰੀ ਹੈ। ਉਹ ਨੌਜਵਾਨ ਉੱਦਮੀਆਂ ਲਈ ਵਧੇਰੇ ਮੌਕੇ ਪੈਦਾ ਕਰਨ, ਉਦਯੋਗਿਕ ਮਾਹਿਰਾਂ ਦੀ ਮਦਦ ਨਾਲ ਸਟਾਰਟਅੱਪਸ ਨੂੰ ਮਾਰਗਦਰਸ਼ਨ ਦੇਣ ਅਤੇ ਮੈਨੂਫੈਕਚਰਿੰਗ ਖੇਤਰ ਲਈ ਨਵੇਂ ਤੇ ਨਵੀਨਤਮ ਹੱਲਾਂ ਨੂੰ ਉਤਸ਼ਾਹਿਤ ਕਰਨ ਲਈ ਯੋਗਦਾਨ ਪਾਉਣਗੇ। ਆਹੂਜਾ ਨੂੰ ਇਸ ਨਿਯੁਕਤੀ ’ਤੇ ਵਧਾਈ ਦਿੰਦਿਆਂ ਉਮੀਦ ਜਤਾਈ ਕਿ ਉਨ੍ਹਾਂ ਦੇ ਤਜਰਬੇ ਨਾਲ ਪੰਜਾਬ ਵਿੱਚ ਇੱਕ ਹੋਰ ਮਜ਼ਬੂਤ, ਨਵੀਨਤਾਕਾਰੀ ਤੇ ਵਿਸ਼ਵ ਪੱਧਰ ’ਤੇ ਮੁਕਾਬਲੇਯੋਗ ਉਦਯੋਗਿਕ ਤੇ ਸਟਾਰਟਅੱਪ ਮਾਹੌਲ ਤਿਆਰ ਕਰਨ ਵਿੱਚ ਮਦਦ ਮਿਲੇਗੀ।