ਕੈਟੇਗਰੀ-2 ਤੇ 3 ਉਦਯੋਗਾਂ ’ਤੇ ਮੁੜ ਬਿਜਲੀ ਕੱਟ ਦੀ ਮਾਰ ਅਹਿਮ ਖ਼ਬਰ-ਕੈਟੇਗਰੀ-2 ਤੇ 3 ਉਦਯੋਗਾਂ ’ਤੇ ਮੁੜ ਬਿਜਲੀ ਕੱਟ ਦੀ ਮਾਰ, ਰਾਤ 9 ਤੋਂ 12 ਵਜੇ ਤੱਕ ਬਿਜਲੀ ਬੰਦ
Publish Date: Sat, 29 Aug 2026 09:49 PM (IST)
Updated Date: Sat, 29 Aug 2026 09:52 PM (IST)
ਰਾਤ 9 ਤੋਂ 12 ਵਜੇ ਤੱਕ ਬਿਜਲੀ ਬੰਦ, ਉਦਯੋਗਪਤੀਆਂ ’ਚ ਰੋਸ ਸਰਕਾਰ ਤੋਂ ਫ਼ੈਸਲਾ ਤੁਰੰਤ ਵਾਪਸ ਲੈਣ ਦੀ ਕੀਤੀ ਮੰਗ ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਪੰਜਾਬ ਵਿੱਚ ਉਦਯੋਗਿਕ ਖੇਤਰ ਦੀਆਂ ਮੁਸ਼ਕਲਾਂ ਘਟਣ ਦਾ ਨਾਂ ਨਹੀਂ ਲੈ ਰਹੀਆਂ। ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪੀਐੱਸਪੀਸੀਐੱਲ) ਵੱਲੋਂ ਕੈਟੇਗਰੀ-2 ਤੇ 3 ਦੇ ਉਦਯੋਗਾਂ ਲਈ ਮੁੜ ਰਾਤ ਦੇ ਸਮੇਂ ਬਿਜਲੀ ਕੱਟ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਤਹਿਤ ਰਾਤ 9 ਵਜੇ ਤੋਂ 12 ਵਜੇ ਤੱਕ ਉਦਯੋਗਿਕ ਫੀਡਰਾਂ ’ਤੇ ਬਿਜਲੀ ਸਪਲਾਈ ਬੰਦ ਰਹੇਗੀ। ਇਸ ਦੌਰਾਨ ਸਬੰਧਤ ਉਦਯੋਗਿਕ ਇਲਾਕਿਆਂ ਵਿੱਚ ਪੂਰੀ ਤਰ੍ਹਾਂ ਬਿਜਲੀ ਬੰਦ ਰਹਿਣ ਦੀ ਗੱਲ ਕਹੀ ਗਈ ਹੈ। ਬਿਜਲੀ ਵਿਭਾਗ ਵੱਲੋਂ ਉਦਯੋਗਾਂ ਨੂੰ ਇਸ ਅਨੁਸਾਰ ਪ੍ਰਬੰਧ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ। ਪੰਜਾਬ ਦਾ ਉਦਯੋਗ ਪਹਿਲਾਂ ਹੀ ਮੁਸ਼ਕਲ ਦੌਰ ਵਿੱਚੋਂ ਲੰਘ ਰਿਹਾ ਹੈ। ਲਗਾਤਾਰ ਬਿਜਲੀ ਕੱਟਾਂ ਕਾਰਨ ਕਾਰਖ਼ਾਨਿਆਂ ਦੀ ਉਤਪਾਦਨ ਪ੍ਰਕਿਰਿਆ ਪ੍ਰਭਾਵਿਤ ਹੁੰਦੀ ਹੈ। ਰਾਤ 9 ਤੋਂ 12 ਵਜੇ ਤੱਕ ਬਿਜਲੀ ਬੰਦ ਰਹਿਣ ਨਾਲ ਨਾ ਸਿਰਫ਼ ਉਤਪਾਦਨ ਰੁਕੇਗਾ, ਸਗੋਂ ਮਸ਼ੀਨਰੀ ਮੁੜ ਚਾਲੂ ਕਰਨ ਵਿੱਚ ਸਮਾਂ ਅਤੇ ਵਾਧੂ ਖਰਚਾ ਵੀ ਆਵੇਗਾ। ਉਦਯੋਗਪਤੀਆਂ ਨੇ ਸਰਕਾਰ ਤੇ ਬਿਜਲੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਰਾਤ ਦੇ ਸਮੇਂ ਬਿਜਲੀ ਕੱਟ ਦੇ ਹੁਕਮ ਤੁਰੰਤ ਵਾਪਸ ਲਏ ਜਾਣ, ਉਦਯੋਗਾਂ ਦੀ ਸੁਰੱਖਿਆ ਤੇ ਉਤਪਾਦਨ ਨੂੰ ਧਿਆਨ ਵਿੱਚ ਰੱਖਿਆ ਜਾਵੇ, ਲੋਡ ਸ਼ੈਡਿੰਗ ਦਾ ਕੋਈ ਵਿਕਲਪਿਕ ਹੱਲ ਕੱਢਿਆ ਜਾਵੇ, ਪੰਜਾਬ ਸਰਕਾਰ ਤੇ ਬਿਜਲੀ ਵਿਭਾਗ ਇਸ ਮਾਮਲੇ ’ਤੇ ਮੁੜ ਵਿਚਾਰ ਕਰਕੇ ਉਦਯੋਗਿਕ ਇਕਾਈਆਂ ਨੂੰ ਰਾਹਤ ਦੇਣ। ਉਦਯੋਗਿਕ ਖੇਤਰਾਂ ਵਿੱਚ ਰਾਤ ਦੇ ਸਮੇਂ ਪੂਰੀ ਤਰ੍ਹਾਂ ਹਨੇਰਾ ਹੋਣ ਕਾਰਨ ਸੁਰੱਖਿਆ ਸਬੰਧੀ ਖ਼ਤਰੇ ਵੀ ਵਧਣ ਦਾ ਖਦਸ਼ਾ ਪ੍ਰਗਟਾਇਆ ਗਿਆ ਹੈ। ਕਾਰਖ਼ਾਨਿਆਂ ਵਿੱਚ ਸੁਰੱਖਿਆ ਗਾਰਡਾਂ ਅਤੇ ਹੋਰ ਸਟਾਫ਼ ਦੀ ਮੌਜੂਦਗੀ ਦੇ ਬਾਵਜੂਦ ਲੋੜੀਂਦੀ ਲਾਈਟਿੰਗ ਨਾ ਹੋਣ ਕਾਰਨ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ। ਜਦੋਂ ਉਦਯੋਗ ਪਹਿਲਾਂ ਹੀ ਆਰਥਿਕ ਦਬਾਅ ਹੇਠ ਹਨ ਤਾਂ ਵਾਰ-ਵਾਰ ਰਾਤ ਦੇ ਸਮੇਂ ਬਿਜਲੀ ਬੰਦ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਹੋਰ ਨਹੀਂ ਵਧਾਈਆਂ ਜਾਣੀਆਂ ਚਾਹੀਦੀਆਂ। ਉਨ੍ਹਾਂ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਤੋਂ ਇਸ ਫੈਸਲੇ ’ਤੇ ਤੁਰੰਤ ਪੁਨਰਵਿਚਾਰ ਕਰਕੇ ਉਦਯੋਗਾਂ ਨੂੰ ਰਾਹਤ ਦੇਣ ਦੀ ਮੰਗ ਕੀਤੀ। ਰਾਤ ਸਮੇਂ ਬਿਜਲੀ ਦੇ ਕੱਟ ਲਗਾਉਣੇ ਉਦਯੋਗਪਤੀਆਂ ਨਾਲ ਧੱਕਾ : ਜਿੰਦਲ ਪੰਜਾਬ ਡਾਇਰਜ਼ ਐਸੋਸੀਏਸ਼ਨ ਦੇ ਸਕੱਤਰ ਤੇ ਕਾਰੋਬਾਰੀ ਬੌਬੀ ਜਿੰਦਲ ਨੇ ਬਿਜਲੀ ਕੱਟ ਦੇ ਫੈਸਲੇ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਉਦਯੋਗ ਪਹਿਲਾਂ ਹੀ ਆਰਥਿਕ ਦਬਾਅ ਵਿੱਚੋਂ ਲੰਘ ਰਹੇ ਹਨ। ਅਜਿਹੇ ਸਮੇਂ ਰਾਤ ਨੂੰ ਬਿਜਲੀ ਬੰਦ ਕਰਨ ਨਾਲ ਫੈਕਟਰੀਆਂ ਦੀ ਉਤਪਾਦਨ ਪ੍ਰਕਿਰਿਆ ਪ੍ਰਭਾਵਿਤ ਹੋਵੇਗੀ ਅਤੇ ਉਦਯੋਗਾਂ ਨੂੰ ਵਾਧੂ ਆਰਥਿਕ ਨੁਕਸਾਨ ਝੱਲਣਾ ਪਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਦੋ ਵਾਰ ਇਸੇ ਤਰ੍ਹਾਂ ਰਾਤ ਸਮੇਂ ਬਿਜਲੀ ਕੱਟ ਦਾ ਸਾਹਮਣਾ ਕਰਨਾ ਪਿਆ ਸੀ। ਉਸ ਸਮੇਂ ਮੀਂਹ ਪੈਣ ਕਾਰਨ ਕੁਝ ਰਾਹਤ ਮਿਲ ਗਈ ਸੀ ਅਤੇ ਹਾਲਾਤ ਸੁਧਰ ਗਏ ਸਨ। ਪਰ ਹੁਣ ਮੀਂਹ ਪੂਰਾ ਹੋਣ ਦੇ ਬਾਵਜੂਦ ਉਦਯੋਗਾਂ ’ਤੇ ਮੁੜ ਪਾਵਰ ਕੱਟ ਲਗਾਇਆ ਜਾ ਰਿਹਾ ਹੈ।