ਭਾਜਪਾ ਮਿਸ਼ਨ 2027 ਦੀ ਸ਼ੁਰੂਆਤ, ਸੁਨੀਲ ਮੌਦਗਿੱਲ ਨੂੰ ਬਣਾਇਆ ਪ੍ਰਧਾਨ ਅਹਿਮ ਖ਼ਬਰ-ਲੁਧਿਆਣਾ ਸ਼ਹਿਰ ’ਚ ਭਾਜਪਾ ਵੱਲੋਂ ਮਿਸ਼ਨ 2027 ਦੀ ਸ਼ੁਰੂਆਤ, ਸੁਨੀਲ ਮੌਦਗਿੱਲ ਨੂੰ ਬਣਾਇਆ ਪ੍ਰਧਾਨ
Publish Date: Sat, 18 Jul 2026 07:40 PM (IST)
Updated Date: Sun, 19 Jul 2026 04:04 AM (IST)
ਭਾਜਪਾ ਦੀਆਂ ਨੀਤੀਆ ਘਰ-ਘਰ ਪਹੁੰਚਾ ਕੇ 2027 ਦੀਆਂ ਚੋਣਾਂ ਲਈ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਾਂਗੇ : ਮੌਦਗਿੱਲ ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਅਤੇ ਮਿਸ਼ਨ 2027 ਨੂੰ ਸਰ ਕਰਨ ਲਈ ਸ਼ੁਰੂਆਤ ਕਰ ਦਿੱਤੀ ਹੈ। ਜਿਸ ਦੇ ਤਹਿਤ ਹੀ ਨਗਰ ਨਿਗਮ ਲੁਧਿਆਣਾ ਦੇ ਕੌਂਸਲਰ ਤੇ ਪਾਰਟੀ ਦੇ ਟਕਸਾਲੀ ਆਗੂ ਸੁਨੀਲ ਮੌਦਗਿੱਲ ਨੂੰ ਲੁਧਿਆਣਾ ਸ਼ਹਿਰੀ ਭਾਜਪਾ ਦੇ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫ਼ੇਰੀ ਤੋਂ ਬਾਅਦ ਭਾਜਪਾ ਨੇ ਜ਼ਮੀਨੀ ਪੱਧਰ ’ਤੇ ਆਪਣੇ ਆਪ ਨੂੰ ਮਜ਼ਬੂਤ ਕਰਨ ਲਈ ਕਾਰਵਾਈ ਆਰੰਭ ਕਰ ਦਿੱਤੀ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੱਲੋਂ ਅੱਜ ਪੰਜਾਬ ਦੇ 16 ਜ਼ਿਲ੍ਹਾ ਪ੍ਰਧਾਨ ਦੀ ਨਿਯੁਕਤੀ ਕੀਤੀ ਗਈ ਹੈ,ਜਿਸ ਵਿੱਚ ਲੁਧਿਆਣਾ ਸ਼ਹਿਰ ਦਾ ਸੁਨੀਲ ਮੌਦਗਿੱਲ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਮੌਦਗਿੱਲ ਭਾਜਪਾ ਦੇ ਮੌਜੂਦਾ ਸ਼ਹਿਰੀ ਪ੍ਰਧਾਨ ਰਜਨੀਸ਼ ਧੀਮਾਨ ਦੀ ਥਾਂ ਲੈਣਗੇ। ਸਿਆਸੀ ਮਾਹਿਰ ਵੱਲੋਂ ਫੈਸਲੇ ਨੂੰ ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਸੰਗਠਨ ਨੂੰ ਜ਼ਮੀਨੀ ਪੱਧਰ ਤੇ ਹੋਰ ਸਰਗਰਮ ਬਣਾਉਣ ਦੀ ਰਣਨੀਤੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ। ਮੌਦਗਿੱਲ ਲੁਧਿਆਣਾ ਨਗਰ ਨਿਗਮ ਦੇ ਕੌਂਸਲਰ ਹਨ ਅਤੇ ਪਾਰਟੀ ਦੇ ਸੰਗਠਨਾਤਮਕ ਕੰਮਾਂ ਵਿੱਚ ਲੰਮੇ ਸਮੇਂ ਤੋਂ ਸਰਗਰਮ ਰਹੇ ਹਨ। ਉਹ ਸ਼ਹਿਰ ਦੇ ਵੱਖ-ਵੱਖ ਜਨਤਕ ਮੁੱਦਿਆਂ, ਨਗਰ ਨਿਗਮ ਦੀ ਕਾਰਗੁਜ਼ਾਰੀ ਤੇ ਵਿਕਾਸ ਨਾਲ ਜੁੜੇ ਮਸਲਿਆਂ ਨੂੰ ਲੈ ਕੇ ਪਾਰਟੀ ਦੀ ਆਵਾਜ਼ ਉਠਾਉਂਦੇ ਰਹੇ ਹਨ। ਪਾਰਟੀ ਆਗੂਆਂ ਨੇ ਕਿਹਾ ਕਿ ਸੁਨੀਲ ਮੌਦਗਿੱਲ ਦੀ ਨਿਯੁਕਤੀ ਨਾਲ ਲੁਧਿਆਣਾ ਸ਼ਹਿਰ ਵਿੱਚ ਭਾਜਪਾ ਦੇ ਸੰਗਠਨ ਨੂੰ ਨਵੀਂ ਤਾਕਤ ਮਿਲੇਗੀ ਅਤੇ ਬੂਥ ਪੱਧਰ ਤੱਕ ਪਾਰਟੀ ਨੂੰ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ। ਨਵੇਂ ਪ੍ਰਧਾਨ ਵਜੋਂ ਉਨ੍ਹਾਂ ਸਾਹਮਣੇ ਮੈਂਬਰਸ਼ਿਪ ਮੁਹਿੰਮ ਨੂੰ ਤੇਜ਼ ਕਰਨਾ, ਸ਼ਹਿਰੀ ਵੋਟਰਾਂ ਨਾਲ ਸੰਪਰਕ ਵਧਾਉਣਾ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਨੂੰ ਮਜ਼ਬੂਤ ਢੰਗ ਨਾਲ ਤਿਆਰ ਕਰਨਾ ਮੁੱਖ ਚੁਣੌਤੀਆਂ ਹੋਣਗੀਆਂ। ਨਿਯੁਕਤੀ ਤੋਂ ਬਾਅਦ ਭਾਜਪਾ ਵਰਕਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ। ਪਾਰਟੀ ਦੇ ਸੀਨੀਅਰ ਆਗੂਆਂ ਤੇ ਸਮਰਥਕਾਂ ਨੇ ਸੁਨੀਲ ਮੌਦਗਿੱਲ ਨੂੰ ਵਧਾਈ ਦਿੰਦਿਆਂ ਉਮੀਦ ਜਤਾਈ ਕਿ ਉਨ੍ਹਾਂ ਦੀ ਅਗਵਾਈ ਹੇਠ ਲੁਧਿਆਣਾ ਸ਼ਹਿਰੀ ਇਕਾਈ ਹੋਰ ਮਜ਼ਬੂਤ ਹੋਵੇਗੀ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਇਆ ਜਾਵੇਗਾ। ਆਪਣੀ ਨਿਯੁਕਤੀ ਤੇ ਸੁਨੀਲ ਮੌਦਗਿੱਲ ਨੇ ਕਿਹਾ ਕਿ ਉਹ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ, ਪਾਰਟੀ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦੇ ਧੰਨਵਾਦੀ ਹਨ। ਜਿੰਨ੍ਹਾਂ ਨੇ ਉਨ੍ਹਾਂ ਨੂੰ ਪ੍ਰਧਾਨ ਬਣਾ ਕੇ ਪਾਰਟੀ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਨਵੀਂ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ,ਤਨਦੇਹੀ ਤੇ ਸਖ਼ਤ ਮਿਹਨਤ ਨਾਲ ਨੇਪਰ੍ਹੇ ਚਾੜ੍ਹਨ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡਣਗੇ। ਮੌਦਗਿੱਲ ਨੇ ਕਿਹਾ ਕਿ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ ਲਈ ਵੱਧ ਤੋਂ ਵੱਧ ਲੋਕਾਂ ਨੂੰ ਪਾਰਟੀ ਨਾਲ ਜੋੜਿਆ ਜਾਵੇਗਾ ਅਤੇ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਨਾਲ ਲੈ ਕੇ ਜਿੱਥੇ ਕੇਂਦਰ ਸਰਕਾਰ ਦੀਆਂ ਲੋਕ ਪੱਖੀ ਯੋਜਨਾਵਾਂ ਬਾਰੇ ਜਾਣਕਾਰੀ ਦੇ ਕੇ ਉਨ੍ਹਾਂ ਨੂੰ 2027 ਦੀਆਂ ਵਿਧਾਨ ਸਭਾ ਚੋਣਾ ਵਿੱਚ ਭਾਜਪਾ ਉਮੀਦਵਾਰਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਜਾਵੇਗੀ, ਉੱਥੇ ਹੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦਾ ਪ੍ਰਚਾਰ ਕਰਕੇ ਇਸ ਸਰਕਾਰ ਨੂੰ ਚੱਲਦਾ ਕਰਨ ਲਈ ਪ੍ਰਚਾਰ ਕੀਤਾ ਜਾਵੇਗਾ। ਖ਼ਬਰ ਦਾ ਬਾਸਕ- ਕੌਣ ਹਨ ਸੁਨੀਲ ਮੌਦਗਿੱਲ ਭਾਜਪਾ ਦੇ ਨਵੇਂ ਜ਼ਿਲ੍ਹਾ ਪ੍ਰਧਾਨ ਸੁਨੀਲ ਮੌਦਗਿੱਲ ਦਾ ਜਨਮ 7 ਨਵੰਬਰ 1969 ਨੂੰ ਲੁਧਿਆਣਾ ਵਿਖੇ ਹੋਇਆ। ਉਹ ਬਚਪਨ ਤੋਂ ਹੀ ਭਾਰਤੀ ਸਵੈਮ ਸੇਵਕ ਸੰਘ ਦੇ ਮੈਂਬਰ ਵਜੋਂ ਕੰਮ ਕਰਨ ਲੱਗ ਪਏ ਸਨ। 18 ਸਾਲ ਦੀ ਉਮਰ ਵਿੱਚ ਉਹ ਭਾਜਪਾ ਦੇ ਨਾਲ ਜੁੜ ਗਏ। ਐਮਏ ਅੰਗਰੇਜ਼ੀ ਪਾਸ ਸੁਨੀਲ ਮੌਦਗਿੱਲ 2 ਵਾਰ ਜ਼ਿਲ੍ਹਾ ਭਾਜਪਾ ਦੇ ਮੀਤ ਪ੍ਰਧਾਨ, 2 ਵਾਰ ਜ਼ਿਲ੍ਹਾ ਭਾਜਪਾ ਦੇ ਜਨਰਲ ਸਕੱਤਰ, 1 ਵਾਰ ਕੁੱਝ ਸਮੇਂ ਲਈ ਕਾਰਜਕਾਰੀ ਪ੍ਰਧਾਨ ਬਣੇ ਅਤੇ 2024 ਵਿੱਚ ਉਹ ਨਗਰ ਨਿਗਮ ਲੁਧਿਆਣਾ ਦੀ ਚੋਣ ਲੜ ਕੇ ਕੌਂਸਲਰ ਬਣੇ। ਪਾਰਟੀ ਵੱਲੋਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਦੇਖਦਿਆਂ ਲੁਧਿਆਣਾ ਸ਼ਹਿਰੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਖ਼ਬਰ ਦਾ ਬਾਕਸ- ਨਵੇਂ ਪ੍ਰਧਾਨ ਦੇ ਅੱਗੇ ਇਹ ਹਨ ਚੁਣੌਤੀਆਂ ਭਾਜਪਾ ਦੇ ਨਵੇਂ ਜ਼ਿਲ੍ਹਾ ਪ੍ਰਧਾਨ ਸੁਨੀਲ ਮੌਦਗਿੱਲ ਦੇ ਸਾਹਮਣੇ ਲੁਧਿਆਣਾ ਦੇ 1200 ਬੂਥਾਂ ’ਤੇ ਪ੍ਰਧਾਨਾਂ ਦੀ ਨਿਯੁਕਤੀ, ਨਵੀਂ ਕਾਰਜਕਾਰਨੀ ਕਮੇਟੀ ਦਾ ਗਠਨ ਕਰਨਾ, 32 ਸਰਕਲ ਪ੍ਰਧਾਨਾਂ ਤੇ ਉਨ੍ਹਾਂ ਦੀ ਟੀਮ ਦਾ ਗਠਨ ਕਰਨਾ, ਯੁਵਾ ਮੋਰਚਾ, ਮਹਿਲਾ ਮੋਰਚਾ, ਐਸਸੀ ਮੋਰਚਾ, ਬੀਸੀ ਮੋਰਚਾ ਸਮੇਤ ਹੋਰ ਮੋਰਚਿਆਂ ਦਾ ਗਠਨ ਕਰਨਾ ਵੱਡੀ ਚੁਣੌਤੀ ਹੈ। ਚੋਣਾਂ ਵਿੱਚ ਲਗਪਗ 6 ਮਹੀਨੇ ਦਾ ਸਮਾਂ ਰਹਿ ਗਿਆ ਹੈ। ਇਸ ਸਮੇਂ ਵਿੱਚ ਏਨਾ ਵੱਡਾ ਸੰਗਠਨ ਖੜ੍ਹਾ ਕਰਨਾ ਖਾਲਾ ਜੀ ਦਾ ਵਾੜਾ ਨਹੀਂ ਹੋਵੇਗਾ। ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਨਵਾਂ ਪ੍ਰਧਾਨ ਚੁਣੌਤੀਆਂ ਵਿੱਚੋਂ ਪਾਰ ਲੰਘਦੇ ਹਨ ਜਾਂ ਨਹੀਂ ਲੰਘਦੇ ਹਨ।