- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਹਿਮ ਖ਼ਬਰ-ਬਹਾਦਰ ਕੇ ਰੋਡ ਸਬਜ਼ੀ ਮੰਡੀ ਬਣੀ ਕੂੜੇ ਦਾ ਢੇਰ

-ਮੱਛਰ, ਮੱਖੀਆਂ ਤੇ ਚਿੱਕੜ ਨਾਲ ਸਫਾਈ ਦੇ ਦਾਅਵੇ ਫੇਲ੍ਹ, ਠੇਕੇਦਾਰ ਨੂੰ ਨੋਟਿਸ ਦੇ ਕੇ ਰੋਕੀ ਰਕਮ
ਸੁਰੇਸ਼ ਕੁਮਾਰ, ਪੰਜਾਬੀ ਜਾਗਰਣ, ਲੁਧਿਆਣਾ : ਬਹਾਦਰ ਕੇ ਰੋਡ ਸਥਿਤ ਨਵੀਂ ਸਬਜ਼ੀ ਮੰਡੀ 'ਚ ਕੂੜਾ ਨਾ ਚੁਕੇ ਜਾਣ ਅਤੇ ਥਾਂ-ਥਾਂ ਫੈਲੀ ਗੰਦਗੀ ਕਾਰਨ ਹਾਲਾਤ ਗੰਭੀਰ ਹੋ ਗਏ ਹਨ। ਮੰਡੀ 'ਚ ਹਰ ਪਾਸੇ ਸੜੀਆਂ ਸਬਜ਼ੀਆਂ ਤੇ ਫਲ ਦਿਖਾਈ ਦੇ ਰਹੇ ਹਨ। ਬਾਰਿਸ਼ ਦੇ ਦਿਨਾਂ 'ਚ ਸੜਕਾਂ 'ਤੇ ਪਾਣੀ ਤੇ ਕੂੜਾ ਮਿਲਣ ਨਾਲ ਦਲਦਲ ਵਰਗੇ ਹਾਲਾਤ ਬਣ ਗਏ ਹਨ। ਮੱਖੀਆਂ, ਮੱਛਰਾਂ ਤੇ ਬਦਬੂ ਕਾਰਨ ਸਾਹ ਲੈਣਾ ਵੀ ਔਖਾ ਹੋ ਗਿਆ ਹੈ। ਹਾਲਾਂਕਿ ਮਾਰਕੀਟ ਕਮੇਟੀ ਵੱਲੋਂ ਸਫਾਈ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਜ਼ਮੀਨੀ ਹਕੀਕਤ 'ਚ ਮੰਡੀ ਦੀ ਸਫਾਈ ਵਿਵਸਥਾ ਦਾ ਜਨਾਜ਼ਾ ਨਿਕਲਿਆ ਹੋਇਆ ਹੈ। ਸੂਤਰਾਂ ਮੁਤਾਬਕ ਮੰਡੀ ਬੋਰਡ ਵੱਲੋਂ ਸਫਾਈ ਦਾ ਠੇਕਾ ਨਿੱਜੀ ਹੱਥਾਂ 'ਚ ਹੈ। ਸਫਾਈ ਕਰਮਚਾਰੀ ਸਿਰਫ਼ ਦੌਰਾ ਕਰਕੇ ਦਿਖਾਵਾ ਕਰਦੇ ਹਨ।
ਜ਼ਮੀਨੀ ਹਾਲਾਤਾਂ ਕਾਰਨ ਆਮ ਜਨਤਾ, ਆੜ੍ਹਤੀਆਂ ਤੇ ਦੁਕਾਨਦਾਰਾਂ ਨੂੰ ਭਾਰੀ ਪ੍ਰੇਸ਼ਾਨੀ ਹੋ ਰਹੀ ਹੈ। ਸੜੇ ਟਮਾਟਰ, ਪਿਆਜ਼, ਪੱਤਾ ਗੋਭੀ ਤੇ ਫਲਾਂ ਦੀ ਬਦਬੂ ਕਾਰਨ ਮੰਡੀ 'ਚ ਖੜ੍ਹਾ ਹੋਣਾ ਵੀ ਮੁਸ਼ਕਲ ਹੈ। ਮੰਡੀ ਦੇ ਪਹਿਲੇ ਗੇਟ 'ਤੇ ਚਿੱਕੜ ਕਾਰਨ ਲੋਕਾਂ ਦਾ ਲੰਘਣਾ ਔਖਾ ਹੋ ਗਿਆ ਹੈ। ਸਭ ਤੋਂ ਖ਼ਤਰਨਾਕ ਗੱਲ ਇਹ ਹੈ ਕਿ ਕੂੜੇ ਦੇ ਢੇਰਾਂ 'ਚ ਹੀ ਸਬਜ਼ੀ ਵੇਚਣ ਵਾਲੇ ਕਾਰੋਬਾਰ ਕਰ ਰਹੇ ਹਨ। ਕੂੜੇ 'ਚੋਂ ਸਬਜ਼ੀ ਛਾਂਟ ਕੇ ਲੋਕਾਂ ਨੂੰ ਵੇਚਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾ ਰਿਹਾ। ਪਲਾਸਟਿਕ ਦੇ ਲਿਫਾਫੇ ਵੀ ਕੂੜੇ 'ਚ ਹੀ ਸੁੱਟੇ ਜਾ ਰਹੇ ਹਨ, ਜਿਸ ਨਾਲ ਵਾਤਾਵਰਨ ਦੂਸ਼ਿਤ ਹੋ ਰਿਹਾ ਹੈ।
-ਬਾਕਸ-
-ਸਫ਼ਾਈ ਠੇਕੇਦਾਰ ਦੀ ਰਕਮ ਰੋਕੀ : ਸਕੱਤਰ ਖੰਗੂੜਾ
ਮੰਡੀ 'ਚ ਫੈਲੀ ਗੰਦਗੀ ਬਾਰੇ ਮਾਰਕੀਟ ਕਮੇਟੀ ਸਕੱਤਰ ਗੁਰਦੀਪ ਸਿੰਘ ਖੰਗੂੜਾ ਨੇ ਦੱਸਿਆ ਕਿ ਅੱਜ ਮਾਰਕੀਟ ਕਮੇਟੀ ਚੇਅਰਮੈਨ ਗੁਰਜੀਤ ਸਿੰਘ ਗਿੱਲ ਅਤੇ ਮੇਰੇ ਵੱਲੋਂ ਠੇਕੇਦਾਰ ਤੇ ਨਗਰ ਨਿਗਮ ਦੇ ਮੁਲਾਜ਼ਮਾਂ ਨਾਲ ਦੌਰਾ ਕੀਤਾ ਗਿਆ ਹੈ। ਠੇਕੇਦਾਰ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਹਨ ਕਿ ਹੁਣ ਕੋਈ ਬਹਾਨੇਬਾਜ਼ੀ ਨਹੀਂ ਚੱਲੇਗੀ। ਠੇਕੇਦਾਰ ਦੀ ਰਕਮ ਵੀ ਰੋਕ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਠੇਕੇਦਾਰ ਵੱਲੋਂ ਮਾਰਕੀਟ ਕਮੇਟੀ ਨੂੰ ਕੰਪੈਕਟਰ ਖਰਾਬ ਹੋਣ ਦਾ ਕਾਰਨ ਦੱਸਿਆ ਗਿਆ ਹੈ। ਕੁੱਝ ਦਿਨਾਂ 'ਚ ਸਫਾਈ ਵਿਵਸਥਾ ਦਰੁਸਤ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕੰਪੈਕਟਰ ਖਰਾਬ ਸੀ, ਤਾਂ ਇਸ ਦੀ ਜਾਣਕਾਰੀ ਪਹਿਲਾਂ ਮਾਰਕੀਟ ਅਧਿਕਾਰੀਆਂ ਨੂੰ ਕਿਉਂ ਨਹੀਂ ਦਿੱਤੀ ਗਈ। ਨਵੇਂ ਸਕੱਤਰ ਦੇ ਆਉਣ ਤੋਂ ਪਹਿਲਾਂ ਵੀ ਸਫਾਈ ਵਿਵਸਥਾ ਬਦਤਰ ਰਹੀ ਹੈ, ਜੋ ਸਭ ਦੇ ਸਾਹਮਣੇ ਹੈ।