ਅਕਾਲੀ ਦਲ ਦੇ ਪ੍ਰਧਾਨ ਜੀਕੇ ਵੱਲੋਂ ਭਾਜਪਾ ਆਗੂ ਟਿੱਕਾ ਨਾਲ ਮੁਲਾਕਾਤ ਜ਼ਰੂਰੀ ਖ਼ਬਰ-ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਜੀਕੇ ਵੱਲੋਂ ਭਾਜਪਾ ਆਗੂ ਟਿੱਕਾ ਨਾਲ ਮੁਲਾਕਾਤ
Publish Date: Sun, 01 Nov 2026 10:04 PM (IST)
Updated Date: Mon, 02 Nov 2026 04:08 AM (IST)
47 ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਸ੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਅੱਜ ਭਾਜਪਾ ਦੇ ਸੀਨੀਅਰ ਆਗੂ ਤੇ ਪੰਜਾਬ ਮੀਡੀਅਮ ਉਦਯੋਗ ਤੇ ਵਿਕਾਸ ਬੋਰਡ ਦੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਟਿੱਕਾ ਦੇ ਗ੍ਰਹਿ ਵਿਖੇ ਪਹੁੰਚੇ। ਉੱਥੇ ਉਹਨਾਂ ਟਿੱਕਾ ਨਾਲ ਵਿਸ਼ੇਸ਼ ਮੁਲਾਕਾਤ ਕਰਦਿਆਂ ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਦੋਨਾਂ ਆਗੂਆਂ ਵੱਲੋਂ ਪੰਜਾਬ ਵਿੱਚ ਅਗਲੇ ਸਾਲ ਦੇ ਸ਼ੁਰੂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਬਾਰੇ ਵਿਚਾਰ ਚਰਚਾ ਕੀਤੀ ਗਈ। ਜੀਕੇ ਨੇ ਆਖਿਆ ਕਿ ਅੱਜ ਪੰਜਾਬ ਦੇ ਹਾਲਤ ਬੇਹੱਦ ਬਦਤਰ ਬਣ ਗਏ ਹਨ। ਉਹਨਾਂ ਕਿਹਾ ਕਿ ਪੰਜਾਬ ਇੱਕ ਪਾਸੇ ਕਰਜ਼ੇ ਦੀ ਮਾਰ ਹੇਠ ਦੱਬ ਚੁੱਕਿਆ ਹੈ। ਦੂਸਰੇ ਪਾਸੇ ਨਸ਼ਿਆਂ ਤੇ ਗੈਂਗਸਟਰਵਾਦ ਨੇ ਪੂਰੀ ਦੁਨੀਆਂ ਵਿੱਚ ਪੰਜਾਬ ਨੂੰ ਬਦਨਾਮ ਕਰ ਦਿੱਤਾ ਹੈ। ਇੱਥੋਂ ਦੇ ਲੋਕਾਂ ਦੇ ਨੌਜਵਾਨ ਪੁੱਤਰ ਨਸ਼ਿਆਂ ਕਾਰਨ ਹਰ ਰੋਜ਼ ਦਮ ਤੋੜ ਰਹੇ ਹਨ ਪ੍ਰੰਤੂ ਸਰਕਾਰ ਸੁੱਤੀ ਪਈ ਹੈ ਜਿਸ ਕਾਰਣ ਘਰਾਂ ਦੇ ਘਰ ਬਰਬਾਦ ਹੋ ਰਹੇ ਹਨ ਪ੍ਰੰਤੂ ਸਰਕਾਰ ਨੂੰ ਇਸ ਦੀ ਕੋਈ ਚਿੰਤਾ ਨਹੀਂ। ਉਹਨਾਂ ਇਹ ਵੀ ਆਖਿਆ ਕਿ ਨਸ਼ਿਆਂ ਦੇ ਵਿਰੁੱਧ ਆਵਾਜ਼ ਉਠਾਉਣ ਵਾਲੇ ਨਿਧੜਕ ਲੋਕਾਂ ਨੂੰ ਦਿਨ ਦਿਹਾੜੇ ਗੋਲੀਆਂ ਮਾਰ ਕੇ ਨਸ਼ਿਆਂ ਦੇ ਵਪਾਰੀਆ ਵੱਲੋਂ ਕਤਲ ਕੀਤਾ ਜਾ ਰਿਹਾ ਹੈ। ਉਹਨਾਂ ਆਖਿਆ ਕਿ ਪੰਜਾਬ ਦੀ ਮੌਜੂਦਾ ਹਾਲਤ ਬੇਹੱਦ ਚਿੰਤਾਜਨਕ ਬਣੀ ਹੋਈ ਹੈ। ਟਿੱਕਾ ਨੇ ਇਸ ਮੌਕੇ ਆਖਿਆ ਕਿ ਮੇਰੇ ਜੀਕੇ ਨਾਲ ਬੜੇ ਲੰਬੇ ਅਰਸੇ ਤੋਂ ਗੂੜੇ ਤੇ ਪਰਿਵਾਰਿਕ ਸਬੰਧ ਹਨ। ਅੱਜ ਦੀ ਮਿਲਣੀ ਵੀ ਇਹਨਾਂ ਸੰਬੰਧਾਂ ਦਾ ਹੀ ਇੱਕ ਹਿੱਸਾ ਕਹੀ ਜਾ ਸਕਦੀ ਹੈ। ਇਸ ਮੌਕੇ ਟਿੱਕਾ ਤੇ ਉਹਨਾਂ ਦੇ ਪਰਿਵਾਰ ਵੱਲੋਂ ਜੀਕੇ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ।