‘ਆਪ’ ਲੀਗਲ ਵਿੰਗ ਦੇ ਸੂਬਾ ਪ੍ਰਧਾਨ ਮੁੰਗੋ ਨੇ ਲੁਧਿਆਣਾ ਬਾਰ ਦਾ ਕੀਤਾ ਦੌਰਾ ਅਹਿਮ ਖ਼ਬਰ-‘ਆਪ’ ਲੀਗਲ ਵਿੰਗ ਦੇ ਸੂਬਾ ਪ੍ਰਧਾਨ ਮੁੰਗੋ ਵੱਲੋਂ ਲੁਧਿਆਣਾ ਬਾਰ ਦਾ ਕੀਤਾ ਦੌਰਾ
Publish Date: Thu, 24 Sep 2026 08:38 PM (IST)
Updated Date: Thu, 24 Sep 2026 08:39 PM (IST)
-ਸਾਰ ਦੇ ਅਹੁਦੇਦਾਰਾਂ ਸਮੇਤ ਵਕੀਲਾਂ ਨਾਲ ਕੀਤੀ ਵਿਚਾਰ-ਚਰਚਾ -104 ਨਵੇਂ ਚੈਂਬਰਾਂ ਲਈ ਸਰਕਾਰ ਲੋੜੀਂਦੀ ਰਾਸ਼ੀ ਦੇਵੇ : ਸੱਗੜ ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ : ਆਮ ਆਦਮੀ ਪਾਰਟੀ ਲੀਗਲ ਵਿੰਗ ਪੰਜਾਬ ਦੇ ਪ੍ਰਧਾਨ ਤੇ ਨਾਭਾ ਦੇ ਪ੍ਰਧਾਨ ਐਡਵੋਕੇਟ ਗਿਆਨ ਸਿੰਘ ਮੁੰਗੋ ਨੇ ਬੁੱਧਵਾਰ ਨੂੰ ਲੁਧਿਆਣਾ ਬਾਰ ਦਾ ਦੌਰਾ ਕਰ ਕੇ ਵਕੀਲਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਸਬੰਧੀ ਵਿਚਾਰ-ਚਰਚਾ ਕੀਤੀ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਿਪਨ ਸੱਗੜ, ਸਕੱਤਰ ਮਨਿੰਦਰ ਹੀਰ, ਮੀਤ ਪ੍ਰਧਾਨ ਅਨਿਲ ਸੱਗੜ, ‘ਆਪ’ ਲੀਗਲ ਵਿੰਗ ਲੁਧਿਆਣਾ ਦੇ ਪ੍ਰਧਾਨ ਐਡਵੋਕੇਟ ਆਕਾਸ਼ ਬਜਾਜ, ਸਕੱਤਰ ਕਮਲਜੀਤ ਸਿੰਘ ਆਨੰਦ ਸਮੇਤ ਲੀਗਲ ਵਿੰਗ ਦੀ ਟੀਮ ਮੌਜੂਦ ਰਹੀ। ਐਡਵੋਕੇਟ ਮੁੰਗੋ ਨੇ ਕਿਹਾ ਕਿ ਪਾਰਟੀ ਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਉਨ੍ਹਾਂ ਨੂੰ ਸੂਬੇ ਦੀਆਂ 12 ਬਾਰ ਐਸੋਸੀਏਸ਼ਨਾਂ ਦਾ ਦੌਰਾ ਕਰਕੇ ਵਕੀਲਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਬਾਰੇ ਜਾਣਕਾਰੀ ਹਾਸਲ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਮੁਹਿੰਮ ਤਹਿਤ ਉਹ ਸਭ ਤੋਂ ਪਹਿਲਾਂ ਲੁਧਿਆਣਾ ਬਾਰ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਲੁਧਿਆਣਾ ਪੰਜਾਬ ਦੀਆਂ ਵੱਡੀਆਂ ਬਾਰਾਂ ਵਿੱਚੋਂ ਇੱਕ ਹੈ ਅਤੇ ਇੱਥੋਂ ਦੇ ਸੀਨੀਅਰ ਵਕੀਲਾਂ ਦੇ ਤਜਰਬੇ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਮੀਟਿੰਗ ਦੌਰਾਨ ਵਕੀਲਾਂ ਨਾਲ ਸਬੰਧਤ ਕਈ ਅਹਿਮ ਮੰਗਾਂ ’ਤੇ ਚਰਚਾ ਕੀਤੀ ਗਈ। ਮੁੰਗੋ ਨੇ ਦੱਸਿਆ ਕਿ ਐਡਵੋਕੇਟਸ ਐਕਟ ਵਿੱਚ ਸੋਧ ਦੀ ਮੰਗ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਵਕੀਲਾਂ ਦੇ ਵੈਲਫੇਅਰ ਫੰਡ ਸਬੰਧੀ ਵੀ ਵਿਚਾਰ ਹੋਇਆ। ਉਨ੍ਹਾਂ ਅਨੁਸਾਰ ਬਾਰ ਕੌਂਸਲ ਕੋਲ ਇਸ ਸਮੇਂ ਕਰੀਬ ਪੰਜ ਕਰੋੜ ਰੁਪਏ ਦਾ ਫੰਡ ਮੌਜੂਦ ਹੈ ਅਤੇ ਇਸ ਵਿੱਚ ਸਰਕਾਰ ਵੱਲੋਂ 10 ਕਰੋੜ ਰੁਪਏ ਹੋਰ ਪਾਉਣ ਦੀ ਮੰਗ ਕੀਤੀ ਜਾ ਰਹੀ ਹੈ, ਤਾਂ ਜੋ ਵਕੀਲ ਦੀ ਮੌਤ ਤੋਂ ਬਾਅਦ ਪਰਿਵਾਰ ਨੂੰ ਮਿਲਣ ਵਾਲੀ ਰਕਮ ਦੋ ਲੱਖ ਤੋਂ ਵਧਾ ਕੇ ਚਾਰ ਲੱਖ ਰੁਪਏ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਕੇਰਲ ਸਰਕਾਰ ਦੀ ਤਰਜ਼ ’ਤੇ ਵਕੀਲਾਂ ਲਈ 10 ਲੱਖ ਰੁਪਏ ਦੀ ਮੈਡੀਕਲ ਇੰਸ਼ੋਰੈਂਸ ਸਕੀਮ ਲਾਗੂ ਕਰਨ, ਮੈਚਿੰਗ ਗ੍ਰਾਂਟ ਤਹਿਤ ਸਬ-ਡਿਵੀਜ਼ਨ ਬਾਰਾਂ ਨੂੰ 50-50 ਲੱਖ ਰੁਪਏ ਅਤੇ ਜ਼ਿਲ੍ਹਾ ਬਾਰਾਂ ਨੂੰ ਇਕ-ਇਕ ਕਰੋੜ ਰੁਪਏ ਦੇਣ ਦੀ ਮੰਗ ਵੀ ਵਿਚਾਰ ਅਧੀਨ ਹੈ। ਇਸ ਦੇ ਨਾਲ ਲੈਂਡ ਰੈਵਨਿਊ ਐਕਟ ਵਿੱਚ ਸੋਧ ਅਤੇ ਵਕੀਲਾਂ ਦੇ ਚੈਂਬਰਾਂ ਦੇ ਬਿਜਲੀ ਕੁਨੈਕਸ਼ਨਾਂ ਨੂੰ ਕਮਰਸ਼ੀਅਲ ਤੋਂ ਘਰੇਲੂ ਸ਼੍ਰੇਣੀ ਵਿੱਚ ਕਰਨ ਦੇ ਫੈਸਲੇ ਨੂੰ ਜਲਦ ਲਾਗੂ ਕਰਨ ਦੀ ਮੰਗ ਵੀ ਰੱਖੀ ਗਈ। ਮੀਟਿੰਗ ਦੌਰਾਨ ਲੁਧਿਆਣਾ ਬਾਰ ਦੀਆਂ ਸਥਾਨਕ ਮੰਗਾਂ ’ਤੇ ਵੀ ਵਿਚਾਰ ਕੀਤਾ ਗਿਆ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਿਪਨ ਸੱਗੜ ਨੇ ਕਿਹਾ ਕਿ ਲੁਧਿਆਣਾ ਬਾਰ ਵਿੱਚ 104 ਨਵੇਂ ਚੈਂਬਰਾਂ ਦੇ ਨਿਰਮਾਣ ਲਈ ਮਨਜ਼ੂਰੀ ਮਿਲ ਚੁੱਕੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਚੈਂਬਰਾਂ ਦੀ ਉਸਾਰੀ ਲਈ ਲੋੜੀਂਦੀ ਰਾਸ਼ੀ ਜਲਦ ਤੋਂ ਜਲਦ ਮੁਹੱਈਆ ਕਰਵਾਈ ਜਾਵੇ, ਤਾਂ ਜੋ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਜਾ ਸਕੇ। ਆਮ ਆਦਮੀ ਪਾਰਟੀ ਲੀਗਲ ਵਿੰਗ ਲੁਧਿਆਣਾ ਦੇ ਪ੍ਰਧਾਨ ਐਡਵੋਕੇਟ ਆਕਾਸ਼ ਬਜਾਜ ਨੇ ਵੀ 104 ਨਵੇਂ ਚੈਂਬਰਾਂ ਲਈ ਲੋੜੀਂਦੀ ਰਾਸ਼ੀ ਜਲਦ ਜਾਰੀ ਕਰਨ ਦੀ ਮੰਗ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ। ਐਡਵੋਕੇਟ ਗਿਆਨ ਸਿੰਘ ਮੁੰਗੋ ਨੇ ਕਿਹਾ ਕਿ ਲੁਧਿਆਣਾ ਬਾਰ ਦੀਆਂ ਸਥਾਨਕ ਮੰਗਾਂ ਨੂੰ ਵੀ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਅਤੇ ਉਨ੍ਹਾਂ ਦੇ ਹੱਲ ਲਈ ਯਤਨ ਕੀਤੇ ਜਾਣਗੇ। ਮੀਟਿੰਗ ਵਿੱਚ ਐਡਵੋਕੇਟ ਕੁਲਵੰਤ ਸਿੰਘ ਸਿੱਧੂ ਵਿਧਾਇਕ ਹਲਕਾ ਆਤਮ ਨਗਰ, ਐਡਵੋਕੇਟ ਪ੍ਰਭਾਕਰਨ ਸਿੰਘ, ਵਰੁਣ ਗੁਪਤਾ, ਸਰਤਾਜ ਸਿੱਧੂ, ਰਜਤ ਸ਼ਰਮਾ, ਗੁਰਪ੍ਰੀਤ ਸੈਣੀ, ਕੇਕੇ ਐੱਸ ਬਜਾਜ, ਰਾਣਾ ਚੰਦ, ਅਮਰਵੀਰ ਸਿੰਘ ਰਾਏ, ਚੇਤਨ ਵਰਮਾ, ਵਿਜੈ ਬੀ ਵਰਮਾ, ਗੁਰਕਿਰਪਾਲ ਸਿੰਘ ਗਿੱਲ, ਹਰੀਸ਼ ਰਾਏ ਢਾਂਡਾ, ਰਾਹੁਲ ਕੁਮਾਰ, ਗਗਨਦੀਪ ਸਿੰਘ ਸੈਣੀ, ਰਮੇਸ਼ ਕਪੂਰ, ਹਨੀ ਵਰਮਾ, ਵਰਿੰਦਰ ਖਾਰਾ, ਅਬਦੁਲ ਕਾਦਿਰ, ਨਿਪੁਣ ਡੋਗਰਾ, ਮਮਤਾ ਕੌੜਾ, ਸਿੱਧਾਰਥ ਸ਼ਾਰਦਾ, ਗੌਰਵ ਸਿੰਘ, ਹਰਸ਼ਰਨਜੀਤ ਕੌਰ, ਦੀਪਿਕਾ ਮੌਦਗਿਲ, ਸ਼ਾਲਿਨੀ ਸ਼ਰਮਾ, ਜਤਿੰਦਰ ਅਰੋੜਾ, ਜਤਿੰਦਰ ਜੈੱਟੀ, ਵਰੁਣ ਜੈਨ, ਮਨਨ ਬੇਰੀ ਅਤੇ ਕੋਣਾਰਕ ਸ਼ਰਮਾ ਸਮੇਤ ਕਈ ਵਕੀਲ ਹਾਜ਼ਰ ਸਨ।