- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਹਿਮ ਖ਼ਬਰ:ਪੀਐਮ ਸ੍ਰੀ ਜਵਾਹਰ ਨਵੋਦਿਆ ਵਿਦਿਆਲਿਆ ਧਨਾਨਸੂ ਵਿਖੇ 28ਵੀਂ ਯੁਵਾ ਸੰਸਦ ਕਰਵਾਈ

ਰਵੀ ਭਾਟੀਆ, ਪੰਜਾਬੀ ਜਾਗਰਣ, ਲੁਧਿਆਣਾ/ਸਾਹਨੇਵਾਲ : ਪੀਐੱਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਧਨਾਨਸੂ ਵਿਖੇ ਸਕੂਲ ਦੀ ਪ੍ਰਿੰਸੀਪਲ ਨਿਸ਼ੀ ਗੋਇਲ ਦੀ ਅਗਵਾਈ ਹੇਠ 28ਵੀਂ ਯੁਵਾ ਸੰਸਦ ਕਰਵਾਈ ਗਈ। ਇਸ ਸਮਾਗਮ ਨੂੰ ਸਫ਼ਲ ਬਣਾਉਣ ਵਿੱਚ ਉਪ-ਪ੍ਰਿੰਸੀਪਲ ਸੋਨੂੰ ਸ਼ਰਮਾ, ਮੁਕੇਸ਼ ਸ਼ਰਮਾ ਅਤੇ ਸਮੂਹ ਸਟਾਫ਼ ਮੈਂਬਰਾਂ ਨੇ ਅਹਿਮ ਯੋਗਦਾਨ ਪਾਇਆ। ਯੁਵਾ ਸੰਸਦ ਦੀ ਤਿਆਰੀ ਵਿੱਚ ਜੋਗਿੰਦਰ ਭਾਰਦਵਾਜ ਅਤੇ ਕੰਵਲਜੀਤ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ।
ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਲੋਕਤੰਤਰ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ ਅਤੇ ਅਧਿਆਪਕਾਂ ਤੇ ਮਾਪਿਆਂ ਦਾ ਸਤਿਕਾਰ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਸਕੂਲ ਦੀ ਪ੍ਰਿੰਸੀਪਲ ਨੂੰ ਭਰੋਸਾ ਦਿੱਤਾ ਕਿ ਵਿਦਿਆਲਿਆ ਦੀਆਂ ਲੋੜਾਂ ਪੂਰੀਆਂ ਕਰਨ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਸਮਾਗਮ ਵਿੱਚ ਬਲਾਕ ਸੰਮਤੀ ਮੈਂਬਰ ਅਮਰਦੀਪ ਸਿੰਘ ਗਿੱਲ, ਧਨਾਨਸੂ ਦੇ ਪ੍ਰਿੰਸੀਪਲ ਧਰਮਜੀਤ ਸਿੰਘ, ਪੰਚਾਇਤ ਮੈਂਬਰ ਹਰਗੋਬਿੰਦ ਸਿੰਘ, ਪਿੰਡ ਭੁੱਖੜੀ ਖੁਰਦ ਦੇ ਸਰਪੰਚ ਸਤਪਾਲ ਸਿੰਘ ਗਰੇਵਾਲ ਅਤੇ ਨੰਬਰਦਾਰ ਸੁਖਵਿੰਦਰ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ। ਇਸ ਮੌਕੇ ਧਰਮਜੀਤ ਸਿੰਘ ਢਿੱਲੋਂ ਨੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਅਨੁਸ਼ਾਸਨ ਵਿੱਚ ਰਹਿਣ ਅਤੇ ਸਵੈ-ਮੁਲਾਂਕਣ ਕਰਨ ਦੀ ਮਹੱਤਤਾ ਬਾਰੇ ਦੱਸਿਆ।
ਯੁਵਾ ਸੰਸਦ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਵੱਖ-ਵੱਖ ਸੰਸਦੀ ਭੂਮਿਕਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਇਆ। ਨਿਰਣਾਇਕ ਮੰਡਲ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਯੁਵਾ ਸੰਸਦ ਮੈਂਬਰਾਂ ਦੀ ਚੋਣ ਕੀਤੀ ਗਈ ਅਤੇ ਜੇਤੂ ਵਿਦਿਆਰਥੀਆਂ ਨੂੰ ਯਾਦਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਸਕੂਲ ਵੱਲੋਂ ਸਾਰੇ ਮਹਿਮਾਨਾਂ ਨੂੰ ਵੀ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ। ਇਸ ਮੌਕੇ ਤੇਜਿੰਦਰ ਸਿੰਘ ਮਿੱਠੂ, ਇਕਬਾਲ ਸਿੰਘ ਜੰਡਿਆਲੀ, ਪ੍ਰਿੰਸ ਸੈਣੀ ਤੇ ਬੱਬੂ ਮੁੰਡੀਆਂ ਵੀ ਮੌਜੂਦ ਸਨ। ਅੰਤ ਵਿੱਚ ਪ੍ਰਿੰਸੀਪਲ ਨਿਸ਼ੀ ਗੋਇਲ ਨੇ ਸਮਾਗਮ ਵਿੱਚ ਸ਼ਾਮਲ ਹੋਏ ਮਹਿਮਾਨਾਂ, ਨਿਰਣਾਇਕ ਮੰਡਲ ਅਤੇ ਸਮੂਹ ਸਟਾਫ਼ ਮੈਂਬਰਾਂ ਦਾ ਧੰਨਵਾਦ ਕੀਤਾ।