- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਹਿਮ ਤੇ ਜ਼ਰੂਰੀ ਖ਼ਬਰ-84 ਕਰੋੜ ਰੁਪਏ ਦਾ ਮਕੈਨੀਕਲ ਸਵੀਪਿੰਗ ਟੈਂਡਰ ਦਾ ਮਮਤਾ ਆਸ਼ੂ ਵੱਲੋਂ ਵਿਰੋਧ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ
ਸਾਬਕਾ ਕੌਂਸਲਰ ਮਮਤਾ ਆਸ਼ੂ ਨੇ ਨਿਗਮ ਲੁਧਿਆਣਾ ਦੀ ਕਾਰਗੁਜ਼ਾਰੀ ’ਤੇ ਉਂਗਲ ਚੁੱਕਦਿਆਂ ਕਿਹਾ ਕਿ 84 ਕਰੋੜ ਰੁਪਏ ਦਾ ਮਕੈਨੀਕਲ ਸਵੀਪਿੰਗ ਟੈਂਡਰ ਲਾਉਣਾ ਲੋਕਾਂ ਦੇ ਪੈਸੇ ਦੀ ਲੁੱਟ ਹੈ। ਕਿਉਂਕਿ ਲੁਧਿਆਣਾ ਸ਼ਹਿਰ ਵਿੱਚ ਸਫ਼ਾਈ ਵਿਵਸਥਾ ਪਹਿਲਾਂ ਹੀ ਸਵਾਲਾਂ ਵਿੱਚ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਟੈਂਡਰ ਪਾਸ ਕਰਵਾਉਣ ਲਈ ਮੇਅਰ ਲੁਧਿਆਣਾ, ਕਮਿਸ਼ਨਰ ਲੁਧਿਆਣਾ ਅਤੇ ਪੰਜਾਬ ਸਰਕਾਰ ਦੀ ਕੀ ਮਜਬੂਰੀ ਹੈ। ਕਾਂਗਰਸ ਪਾਰਟੀ ਲੁਧਿਆਣਾ ਦੇ ਵਸਨੀਕਾਂ ਦੇ ਪੈਸੇ ਦੀ ਲੁੱਟ ਨਹੀਂ ਹੋਣ ਦੇਵੇਗੀ ਅਤੇ ਲੋਕਾਂ ਨੂੰ ਪੈਸੇ ਦਾ ਹਿਸਾਬ ਦੇਣਾ ਹੀ ਪਵੇਗਾ। ਮਮਤਾ ਆਸ਼ੂ ਨੇ ਕਿਹਾ ਕਿ ਉਨ੍ਹਾਂ ਨੂੰ ਤਾਂ ਇਹ ਵੀ ਪਤਾ ਲੱਗਾ ਹੈ ਕਿ ਟੈਂਡਰ ਲਈ ਦਿੱਲੀ ਵਾਲਿਆਂ ਨੇ ਮੋਟੀ ਰਕਮ ਵਸੂਲ ਕਰ ਲਈ ਹੈ। ਜੇਕਰ ਇਹ ਟੈਂਡਰ ਪਾਸ ਨਾ ਹੋਇਆ, ਤਾਂ ਦਿੱਲੀ ਵਾਲਿਆਂ ਨੂੰ ਪੈਸੇ ਵਾਪਸ ਕਰਨੇ ਪੈਣਗੇ। ਇਸ ਟੈਂਡਰ ਨੂੰ ਕਿਸੇ ਵੀ ਕੀਮਤ ’ਤੇ ਪਾਸ ਨਹੀਂ ਹੋਣ ਦਿੱਤਾ ਜਾਵੇਗਾ ਤੇ ਨਿਗਮ ਲੁਧਿਆਣਾ ਵਿੱਚ ਲੋਕਾਂ ਦੇ ਪੈਸੇ ਦੀ ਲੁੱਟ ਰੋਕਣ ਲਈ ਕਾਂਗਰਸ ਪਾਰਟੀ ਹਰ ਪੱਧਰ ’ਤੇ ਸੰਘਰਸ਼ ਵਿੱਢੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਅਧਿਕਾਰੀ ਜਾਂ ਆਗੂ ਨੂੰ ਲੋਕਾਂ ਦੇ ਟੈਕਸਾਂ ਦੇ ਇਕੱਠੇ ਕੀਤੇ ਪੈਸਿਆਂ ਦੀ ਲੁੱਟ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।