ਈਰਾਨ-ਅਮਰੀਕਾ ਟਕਰਾਅ ਦਾ ਕੌਮਾਂਤਰੀ ਵਪਾਰ 'ਤੇ ਅਸਰ: ਕੰਟੇਨਰ ਭਾੜੇ 'ਚ ਭਾਰੀ ਉਛਾਲ, ਮੁਸੀਬਤ 'ਚ ਫਸੇ ਭਾਰਤੀ ਨਿਰਯਾਤਕ ਈਰਾਨ-ਅਮਰੀਕਾ ਤਣਾਅ ਕਾਰਨ ਪੱਛਮੀ ਏਸ਼ੀਆ ਦੇ ਸਮੁੰਦਰੀ ਰੂਟ ਪ੍ਰਭਾਵਿਤ ਹੋਣ ਨਾਲ ਕੰਟੇਨਰ ਭਾੜੇ ਵਿੱਚ ਭਾਰੀ ਵਾਧਾ ਹੋ ਗਿਆ ਹੈ। ਇਸ ਨਾਲ ਨਿਰਯਾਤਕਾਂ 'ਤੇ ਵਾਧੂ ਆਰਥਿਕ ਬੋਝ ਪੈ ਰਿਹਾ ਹੈ ਅਤੇ ਸਮੇਂ ਸਿਰ ਵਿਦੇਸ਼ਾਂ ਤੱਕ ਮਾਲ ਪਹੁੰਚਾਉਣਾ ਵੀ ਮੁਸ਼ਕਲ ਹੋ ਗਿਆ ਹੈ। ਹੋਰਮੁਜ਼ ਜਲਡਮਰੂਮੱਧ ਵਿੱਚ ਬਣੀ ਅਨਿਸ਼ਚਿਤਤਾ ਦਾ ਸਿੱਧਾ ਅਸਰ ਭਾਰਤ ਦੀ ਊਰਜਾ ਸੁਰੱਖਿਆ, ਨਿਰਯਾਤ ਅਤੇ ਉਦਯੋਗਿਕ ਉਤਪਾਦਨ 'ਤੇ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
Publish Date: Sun, 12 Jul 2026 09:23 AM (IST)
Updated Date: Sun, 12 Jul 2026 09:24 AM (IST)
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ - ਈਰਾਨ-ਅਮਰੀਕਾ ਤਣਾਅ ਕਾਰਨ ਪੱਛਮੀ ਏਸ਼ੀਆ ਦੇ ਸਮੁੰਦਰੀ ਰੂਟ ਪ੍ਰਭਾਵਿਤ ਹੋਣ ਨਾਲ ਕੰਟੇਨਰ ਭਾੜੇ ਵਿੱਚ ਭਾਰੀ ਵਾਧਾ ਹੋ ਗਿਆ ਹੈ। ਇਸ ਨਾਲ ਨਿਰਯਾਤਕਾਂ 'ਤੇ ਵਾਧੂ ਆਰਥਿਕ ਬੋਝ ਪੈ ਰਿਹਾ ਹੈ ਅਤੇ ਸਮੇਂ ਸਿਰ ਵਿਦੇਸ਼ਾਂ ਤੱਕ ਮਾਲ ਪਹੁੰਚਾਉਣਾ ਵੀ ਮੁਸ਼ਕਲ ਹੋ ਗਿਆ ਹੈ। ਹੋਰਮੁਜ਼ ਜਲਡਮਰੂਮੱਧ ਵਿੱਚ ਬਣੀ ਅਨਿਸ਼ਚਿਤਤਾ ਦਾ ਸਿੱਧਾ ਅਸਰ ਭਾਰਤ ਦੀ ਊਰਜਾ ਸੁਰੱਖਿਆ, ਨਿਰਯਾਤ ਅਤੇ ਉਦਯੋਗਿਕ ਉਤਪਾਦਨ 'ਤੇ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਭਾਰਤ ਆਪਣੀਆਂ ਤੇਲ ਲੋੜਾਂ ਦਾ ਕਰੀਬ 85 ਫੀਸਦੀ ਹਿੱਸਾ ਆਯਾਤ ਰਾਹੀਂ ਪੂਰਾ ਕਰਦਾ ਹੈ, ਜਿਸ ਵਿੱਚੋਂ ਲਗਭਗ 40 ਫੀਸਦੀ ਤੇਲ ਖਾੜੀ ਦੇਸ਼ਾਂ ਤੋਂ ਆਉਂਦਾ ਹੈ ਅਤੇ ਇਸ ਦਾ ਵੱਡਾ ਹਿੱਸਾ ਹੋਰਮੁਜ਼ ਜਲਡਮਰੂਮੱਧ ਰਾਹੀਂ ਲੰਘਦਾ ਹੈ। ਜੇਕਰ ਇਸ ਰਸਤੇ ਵਿੱਚ ਲੰਬੇ ਸਮੇਂ ਤੱਕ ਰੁਕਾਵਟ ਰਹਿੰਦੀ ਹੈ ਤਾਂ ਕੱਚੇ ਤੇਲ ਦੀਆਂ ਅੰਤਰਰਾਸ਼ਟਰੀ ਕੀਮਤਾਂ ਵਿੱਚ 20 ਤੋਂ 30 ਫੀਸਦੀ ਜਾਂ ਇਸ ਤੋਂ ਵੱਧ ਦਾ ਉਛਾਲ ਆ ਸਕਦਾ ਹੈ। ਇਸ ਨਾਲ ਆਯਾਤ ਬਿੱਲ, ਉਤਪਾਦਨ ਲਾਗਤ ਅਤੇ ਮਹਿੰਗਾਈ 'ਤੇ ਵੀ ਦਬਾਅ ਵਧੇਗਾ।
ਇਸ ਦਾ ਸਿੱਧਾ ਅਸਰ ਕੱਪੜਾ, ਸਾਈਕਲ, ਮਸ਼ੀਨਰੀ, ਰਸਾਇਣ ਅਤੇ ਖੇਤੀ ਉਤਪਾਦਾਂ ਦੇ ਨਿਰਯਾਤ 'ਤੇ ਪਵੇਗਾ। ਜਹਾਜ਼ਰਾਨੀ ਭਾੜੇ ਅਤੇ ਬੀਮਾ ਪ੍ਰੀਮੀਅਮ ਵਿੱਚ ਵਾਧੇ ਕਾਰਨ ਭਾਰਤੀ ਉਤਪਾਦਾਂ ਦੀ ਮੁਕਾਬਲੇ ਦੀ ਸਮਰੱਥਾ ਘਟ ਸਕਦੀ ਹੈ। ਲੁਧਿਆਣਾ ਅਤੇ ਮੰਡੀ ਗੋਬਿੰਦਗੜ੍ਹ ਵਰਗੇ ਉਦਯੋਗਿਕ ਕੇਂਦਰ ਵੀ ਇਸ ਤੋਂ ਪ੍ਰਭਾਵਿਤ ਹੋਣਗੇ, ਕਿਉਂਕਿ ਇੱਥੋਂ ਦਾ ਉਦਯੋਗ ਆਵਾਜਾਈ ਅਤੇ ਊਰਜਾ 'ਤੇ ਕਾਫ਼ੀ ਨਿਰਭਰ ਹੈ।
ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਜੇਕਰ ਇਹ ਸਥਿਤੀ ਲੰਬੇ ਸਮੇਂ ਤੱਕ ਬਣੀ ਰਹੀ ਤਾਂ ਮਹਿੰਗਾਈ ਵਧਣ ਦੇ ਨਾਲ ਆਰਥਿਕ ਵਿਕਾਸ ਦੀ ਰਫ਼ਤਾਰ ਵੀ ਪ੍ਰਭਾਵਿਤ ਹੋ ਸਕਦੀ ਹੈ। ਅਜਿਹੇ ਹਾਲਾਤ ਵਿੱਚ ਊਰਜਾ ਸਰੋਤਾਂ ਦੀ ਵਿਭਿੰਨਤਾ, ਰਣਨੀਤਕ ਭੰਡਾਰਾਂ ਦੀ ਵਰਤੋਂ ਅਤੇ ਨਵੇਂ ਵਪਾਰਕ ਮਾਰਗਾਂ ਦਾ ਵਿਕਾਸ ਜ਼ਰੂਰੀ ਹੋ ਜਾਵੇਗਾ।
ਕੰਟੇਨਰ ਭਾੜਾ 1,100 ਡਾਲਰ ਤੋਂ 8,000 ਡਾਲਰ ਤੱਕ ਪੁੱਜਿਆ
ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ ਦੇ ਐਕਸਪੋਰਟ ਵਿੰਗ ਦੇ ਕਨਵੀਨਰ ਸਰਵਜੀਤ ਸਿੰਘ ਨੇ ਦੱਸਿਆ ਕਿ ਪਹਿਲਾਂ 24 ਫੁੱਟ ਦਾ ਕੰਟੇਨਰ 900 ਤੋਂ 1,100 ਡਾਲਰ ਵਿੱਚ ਮਿਲ ਜਾਂਦਾ ਸੀ, ਜਦਕਿ ਹੁਣ ਇਸ ਦਾ ਭਾੜਾ ਵਧ ਕੇ 7,000 ਤੋਂ 8,000 ਡਾਲਰ ਤੱਕ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਕੰਟੇਨਰਾਂ ਦੀ ਘਾਟ ਕਾਰਨ ਨਵੀਂ ਬੁਕਿੰਗ ਤੋਂ ਬਾਅਦ ਵੀ ਕਰੀਬ ਇੱਕ ਮਹੀਨੇ ਬਾਅਦ ਕੰਟੇਨਰ ਮਿਲ ਰਿਹਾ ਹੈ, ਜਿਸ ਨਾਲ ਨਿਰਯਾਤਕਾਂ ਨੂੰ ਆਰਡਰ ਸਮੇਂ ਸਿਰ ਪੂਰੇ ਕਰਨ ਵਿੱਚ ਦਿੱਕਤ ਆ ਰਹੀ ਹੈ।