ਸ਼ਹਿਰ ’ਚ ਪਟਾਕਿਆਂ ਦੀ ਧੜੱਲੇ ਨਾਲ ਹੋ ਰਹੀ ਬਿਨਾਂ ਲਾਇਸੰਸ ਗੈਰ ਕਾਨੂੰਨੀ ਵਿਕਰੀ ਖੰਨਾ ’ਚ ਪਟਾਕਿਆਂ ਦੀ ਗੈਰ ਕਾਨੂੰਨੀ ਬਿਨਾਂ ਲਾਇਸੰਸ ਤੋਂ ਵਿਕਰੀ ਧੜੱਲੇ ਨਾਲ ਸ਼ਹਿਰ ਬੈਠਾ ਬਰੂਦ ਦੇ ਢੇਰ
Publish Date: Mon, 19 Oct 2026 09:59 PM (IST)
Updated Date: Tue, 20 Oct 2026 04:07 AM (IST)
ਰੇਲਵੇ ਰੋਡ ਤੋਂ ਪੀਰਖਾਨਾ ਰੋਡ ਤੱਕ ਵੱਡੇ ਸਟਾਕ ਜਮ੍ਹਾਂ ਹੋਣ ਦੇ ਦਾਅਵੇ, ਸੰਘਣੀ ਆਬਾਦੀ ’ਚ ਸੁਰੱਖਿਆ ਪ੍ਰਬੰਧਾਂ ’ਤੇ ਉੱਠੇ ਗੰਭੀਰ ਸਵਾਲ, , ਸ਼ਹਿਰ ਬੈਠਾ ਬਰੂਦ ਦੇ ਢੇਰ ਤੇ ਕਦੇ ਵੀ ਹੋ ਸਕਦੀ ਹੈ ਅਣਸੁਖਵੀ ਘਟਨਾ ਡੀਸੀ ਦੇ ਲਾਇਸੈਂਸਾਂ ਤੋਂ ਪਹਿਲਾਂ ਹੀ ਵਿਕਰੀ ਹੋਈ ਸ਼ੁਰੂ, ਫਾਇਰ ਵਿਭਾਗ ਤੇ ਪ੍ਰਸ਼ਾਸਨ ਤੋਂ ਲੋਕਾਂ ਨੇ ਜਾਂਚ ਦੀ ਮੰਗ ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ, ਖੰਨਾ : ਦੁਸਹਿਰਾ, ਦਿਵਾਲੀ ਦਾ ਤਿਉਹਾਰ ਨੇੜੇ ਆਉਂਦਿਆਂ ਹੀ ਖੰਨਾ ਸ਼ਹਿਰ ’ਚ ਪਟਾਕਿਆਂ ਦੇ ਭੰਡਾਰ ਤੇ ਵਿਕਰੀ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੋਣ ਲੱਗੇ ਹਨ। ਇੱਕ ਪਾਸੇ ਸ਼ਹਿਰ ਵਾਸੀ ਸੁਰੱਖਿਅਤ ਤੇ ਸ਼ਾਂਤੀਪੂਰਨ ਦੀਵਾਲੀ ਮਨਾਉਣ ਦੀਆਂ ਤਿਆਰੀਆਂ ਕਰ ਰਹੇ ਹਨ, ਦੂਜੇ ਪਾਸੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਪਟਾਕਿਆਂ ਦੇ ਵੱਡੇ ਸਟਾਕ ਜਮ੍ਹਾਂ ਕੀਤੇ ਜਾਣ ’ਤੇ ਸ਼ਰੇਆਮ ਵਿਕਰੀ ਕੀਤੀ ਜਾ ਰਹੀ ਹੈ। ਰੇਲਵੇ ਰੋਡ ਤੇ ਗੁਰਦੁਆਰਾ ਸਿੰਘ ਸਭਾ ਦੇ ਨੇੜੇ ਘਣੀ ਆਬਾਦੀ ’ਚ ਬਣੇ ਪਟਾਕਿਆਂ ਦੇ ਗੁਦਾਮ ਲੋਕਾਂ ਦੀ ਜਾਨ ਦਾ ਖੌਫ ਬਣਿਆ ਹੋਇਆ ਖੰਨਾ ਦੇ ਰੇਲਵੇ ਰੋਡ ’ਤੇ ਸਥਿਤ ਚਾਰ ਤੋਂ ਪੰਜ ਦੁਕਾਨਾਂ ’ਚ ਪਿਛਲੀਆਂ ਰਾਤਾਂ ਦੌਰਾਨ ਪਟਾਕਿਆਂ ਦੇ ਕਈ ਟਰੱਕ ਉਤਾਰੇ ਜਾਣ ਦੀ ਚਰਚਾ ਹੈ। ਇਨ੍ਹਾਂ ਦੁਕਾਨਾਂ ’ਚ ਵੱਡੀ ਮਾਤਰਾ ’ਚ ਪਟਾਕੇ ਜਮ੍ਹਾਂ ਹੋਣ ਤੇ ਵਿਕਰੀ ਕੀਤੀ ਜਾ ਰਹੀ ਹੈ। ਅਜਿਹੇ ’ਚ ਸਵਾਲ ਉੱਠਦਾ ਹੈ ਕਿ ਜੇਕਰ ਲੋੜੀਂਦੇ ਲਾਇਸੈਂਸ ਤੇ ਮਨਜ਼ੂਰੀਆਂ ਅਜੇ ਜਾਰੀ ਨਹੀਂ ਹੋਈਆਂ ਤਾਂ ਪਟਾਕਿਆਂ ਦੀ ਇੰਨੀ ਵੱਡੀ ਮਾਤਰਾ ’ਚ ਆਮਦ ਤੇ ਵਿਕਰੀ ਕਿਵੇਂ ਹੋ ਰਹੀ ਹੈ? ਇਸ ਦੀ ਸੱਚਾਈ ਸਾਹਮਣੇ ਲਿਆਉਣ ਲਈ ਪ੍ਰਸ਼ਾਸਨਿਕ ਜਾਂਚ ਜ਼ਰੂਰੀ ਹੈ। ਗੁਰਦੁਆਰਾ ਸਿੰਘ ਸਭਾ ਦੇ ਨੇੜੇ ਸੰਘਣੀ ਆਬਾਦੀ ਵਾਲੇ ਖੇਤਰ ’ਚ ਪਟਾਕਿਆਂ ਦਾ ਵੱਡਾ ਗੋਦਾਮ ਹੋਣ ਦੀ ਜਾਣਕਾਰੀ ਵੀ ਸੂਤਰਾਂ ਦੇ ਹਵਾਲੇ ਨਾਲ ਸਾਹਮਣੇ ਆਈ ਹੈ। ਜੇਕਰ ਇੱਥੇ ਵੱਡੀ ਮਾਤਰਾ ’ਚ ਪਟਾਕੇ ਸਟੋਰ ਕੀਤੇ ਗਏ ਹਨ ਤਾਂ ਉਨ੍ਹਾਂ ਦੇ ਭੰਡਾਰ ਲਈ ਲੋੜੀਂਦੀਆਂ ਮਨਜ਼ੂਰੀਆਂ ਤੇ ਅੱਗ ਤੋਂ ਬਚਾਅ ਦੇ ਪ੍ਰਬੰਧਾਂ ਦੀ ਜਾਂਚ ਕਰਨਾ ਬੇਹੱਦ ਅਹਿਮ ਹੈ। ਰਿਹਾਇਸ਼ੀ ਇਲਾਕਿਆਂ ’ਚ ਅਜਿਹੇ ਸਟਾਕ ਦੀ ਮੌਜੂਦਗੀ ਲੋਕਾਂ ’ਚ ਚਿੰਤਾ ਪੈਦਾ ਕਰ ਸਕਦੀ ਹੈ। ਇਸ ਪੂਰੇ ਮਾਮਲੇ ’ਚ ਸਭ ਤੋਂ ਅਹਿਮ ਸਵਾਲ ਪਟਾਕਿਆਂ ਦੇ ਲਾਇਸੰਸਾਂ, ਭੰਡਾਰ ਦੀਆਂ ਮਨਜ਼ੂਰੀਆਂ ਤੇ ਫਾਇਰ ਸੇਫਟੀ ਪ੍ਰਬੰਧਾਂ ਨੂੰ ਲੈ ਕੇ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਡਿਪਟੀ ਕਮਿਸ਼ਨਰ ਵੱਲੋਂ ਅਜੇ ਤੱਕ ਪਟਾਕਿਆਂ ਦੀ ਵਿਕਰੀ ਲਈ ਲਾਇਸੈਂਸ ਜਾਰੀ ਨਹੀਂ ਕੀਤੇ ਗਏ, ਜਦਕਿ ਕੁਝ ਥਾਵਾਂ ’ਤੇ ਵਿਕਰੀ ਸ਼ੁਰੂ ਹੋ ਚੁੱਕੀ ਹੈ। ਲੋਕਾਂ ਦੀ ਮੰਗ ਹੈ ਕਿ ਜੇਕਰ ਬਿਨਾਂ ਲੋੜੀਂਦੀਆਂ ਮਨਜ਼ੂਰੀਆਂ ਦੇ ਪਟਾਕੇ ਵੇਚੇ ਜਾਂ ਸਟੋਰ ਕੀਤੇ ਜਾ ਰਹੇ ਹਨ ਤਾਂ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ। ਨਾਲ ਹੀ ਫਾਇਰ ਵਿਭਾਗ ਵੱਲੋਂ ਸਬੰਧਤ ਥਾਵਾਂ ਦੀ ਜਾਂਚ ਕਰਕੇ ਅੱਗ ਬੁਝਾਉਣ ਵਾਲੇ ਉਪਕਰਨਾਂ, ਸੁਰੱਖਿਅਤ ਭੰਡਾਰ ਤੇ ਐਮਰਜੈਂਸੀ ਪ੍ਰਬੰਧਾਂ ਦੀ ਸਥਿਤੀ ਸਪੱਸ਼ਟ ਕੀਤੀ ਜਾਣੀ ਚਾਹੀਦੀ ਹੈ। ਦੀਵਾਲੀ ਤੋਂ ਪਹਿਲਾਂ ਹੀ ਲੱਖਾਂ ਰੁਪਏ ਦੇ ਪਟਾਕਿਆਂ ਦੀ ਵਿਕਰੀ ਹੋ ਚੁੱਕੀ ਹੈ। ਜੇਕਰ ਅਜਿਹਾ ਹੈ ਤਾਂ ਇਹ ਸਵਾਲ ਹੋਰ ਵੀ ਅਹਿਮ ਹੋ ਜਾਂਦਾ ਹੈ ਕਿ ਪਟਾਕਿਆਂ ਦੀ ਸਪਲਾਈ, ਭੰਡਾਰ ਤੇ ਵਿਕਰੀ ਦੀ ਨਿਗਰਾਨੀ ਕੌਣ ਕਰ ਰਿਹਾ ਹੈ। ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਤੇ ਫਾਇਰ ਵਿਭਾਗ ਨੂੰ ਇਨ੍ਹਾਂ ਦਾਅਵਿਆਂ ਦੀ ਤੁਰੰਤ ਜਾਂਚ ਕਰਨੀ ਚਾਹੀਦੀ ਹੈ। ਜੇਕਰ ਕਿਸੇ ਵੀ ਥਾਂ ’ਤੇ ਨਿਯਮਾਂ ਦੀ ਉਲੰਘਣਾ ਸਾਹਮਣੇ ਆਉਂਦੀ ਹੈ ਤਾਂ ਸਮੇਂ ਸਿਰ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਸੰਬੰਧੀ ਜਦੋਂ ਡੀਐੱਸਪੀ ਵਿਨੋਦ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੇਕਰ ਬਿਨਾਂ ਲਾਇਸੰਸ ਤੋਂ ਪਟਾਕੇ ਵੇਚੇ ਜਾ ਰਹੇ ਹਨ ਤਾਂ ਉਨਾਂ ਲੋਕਾਂ ’ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਖੰਨਾ ਪ੍ਰਸ਼ਾਸਨ ਇਸ ਮਾਮਲੇ ’ਤੇ ਗੰਭੀਰ ਨੋਟਿਸ ਲੈ ਕੇ ਮੌਕੇ ’ਤੇ ਜਾਂਚ ਕਰਦਾ ਹੈ ਜਾਂ ਨਹੀਂ। ਸ਼ਹਿਰ ਵਾਸੀਆਂ ਨੂੰ ਉਮੀਦ ਹੈ ਕਿ ਪ੍ਰਸ਼ਾਸਨ ਦੀਵਾਲੀ ਤੋਂ ਪਹਿਲਾਂ ਹੀ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਏਗਾ, ਤਾਂ ਜੋ ਖੁਸ਼ੀਆਂ ਦਾ ਇਹ ਤਿਉਹਾਰ ਕਿਸੇ ਵੀ ਅਣਸੁਖਾਵੀਂ ਘਟਨਾ ਦਾ ਕਾਰਨ ਨਾ ਬਣੇ।