- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਹਿਮ ਖ਼ਬਰ-ਮਾਰਕੀਟ ਕਮੇਟੀ ਦੀ ਪਾਰਕਿੰਗ 'ਚ ‘ਮਲਟੀਪਲ’ ਦੀ ਆੜ 'ਚ ਨਜਾਇਜ਼ ਵਸੂਲੀ ਦਾ ਖੇਲ ਜਾਰੀ

-20 ਤੋਂ 40 ਜਾਂ 25 ਤੋਂ 50 ਰੁਪਏ ਦੀ ਹੈ ਪਰਚੀ, ਪਰ ਵਸੂਲੇ ਜਾ ਰਹੇ ਮਨਮਰਜ਼ੀ ਦੇ ਰੇਟ
ਸੁਰੇਸ਼ ਕੁਮਾਰ, ਪੰਜਾਬੀ ਜਾਗਰਣ, ਲੁਧਿਆਣਾ
ਸਥਾਨਕ ਬਹਾਦਰ ਕੇ ਰੋਡ ਸਥਿਤ ਸਬਜ਼ੀ ਮੰਡੀ ਦੀ ਪਾਰਕਿੰਗ ਦਾ ਠੇਕਾ ਖਤਮ ਹੋਇਆਂ ਨੂੰ ਕਾਫੀ ਸਮਾਂ ਹੋ ਗਿਆ। ਲੋਕਾਂ ਨੂੰ ਉਮੀਦ ਸੀ ਕਿ ਪਾਰਕਿੰਗ ਦੇ ਨਾਂ 'ਤੇ ਹੋ ਰਹੀ ਨਾਜਾਇਜ਼ ਵਸੂਲੀ 'ਤੇ ਨੱਥ ਲੱਗੇਗੀ, ਪਰ ਮਾਰਕੀਟ ਕਮੇਟੀ ਦੇ ਹੱਥ ਪਾਰਕਿੰਗ ਆਉਣ ਤੋਂ ਬਾਅਦ ਹਾਲਾਤ ਹੋਰ ਵਿਗੜ ਗਏ ਹਨ।
ਮੰਡੀ 'ਚ ਹੁਣ ਮਾਰਕੀਟ ਕਮੇਟੀ ਦੇ ਕਰਿੰਦਿਆਂ ਵੱਲੋਂ ਸ਼ਰੇਆਮ ਲੁੱਟ ਮਚਾਈ ਜਾ ਰਹੀ ਹੈ। ਸੂਤਰਾਂ ਮੁਤਾਬਕ ਕਰਿੰਦੇ ਪਾਰਕਿੰਗ ਦੀ ਇੱਕ ਹੀ ਪਰਚੀ ਜਾਰੀ ਕਰ ਰਹੇ ਹਨ, ਜਿਸ 'ਤੇ 20 ਤੋਂ 40 ਰੁਪਏ ਅਤੇ 25 ਤੋਂ 50 ਰੁਪਏ ਭਾਅ ਛਪਿਆ ਹੈ। ਪਰਚੀ 'ਤੇ ‘ਮਲਟੀਪਲ’ ਵੀ ਲਿਖਿਆ ਹੋਇਆ ਹੈ। ਇਸ ‘ਮਲਟੀਪਲ’ ਸ਼ਬਦ ਦੀ ਆੜ 'ਚ ਕਰਿੰਦੇ ਮਨਮਰਜ਼ੀ ਰੇਟ ਵਸੂਲ ਰਹੇ ਹਨ। ਨਿਯਮ ਅਨੁਸਾਰ ਜੇਕਰ ਮਲਟੀਪਲ ਹੈ ਤਾਂ ਪਰਚੀ 'ਤੇ ਸਬੰਧਤ ਰੇਟ 'ਤੇ ਨਿਸ਼ਾਨ ਲਗਾਇਆ ਜਾਣਾ ਚਾਹੀਦਾ ਹੈ। ਸੂਤਰਾਂ ਨੇ ਦੱਸਿਆ ਕਿ ਕਰਿੰਦਿਆਂ ਵੱਲੋਂ ਮਲਟੀਪਲ ਦੀ ਪਰਚੀ ਕੱਟ ਕੇ ਘੱਟ ਰੇਟ 'ਤੇ ਨਿਸ਼ਾਨ ਲਾਕੇ ਮਾਰਕੀਟ ਕਮੇਟੀ ਨੂੰ ਹਿਸਾਬ ਦਿੱਤਾ ਜਾ ਰਿਹਾ ਹੈ ਅਤੇ ਬਾਕੀ ਪੈਸਾ ਜੇਬ 'ਚ ਜਾ ਰਿਹਾ ਹੈ। ਜੇਕਰ 20 ਰੁਪਏ ਪਰਚੀ 'ਤੇ ਲਿਖਿਆ ਹੈ, ਤਾਂ 40 ਰੁਪਏ ਕਿਉਂ ਲਏ ਜਾ ਰਹੇ ਹਨ। ਕਰਿੰਦਿਆਂ ਨੂੰ ਪਤਾ ਹੈ ਕਿ ਇਸ ਅੰਨ੍ਹੀ ਕਮਾਈ ਬਾਰੇ ਕੋਈ ਨਹੀਂ ਪੁੱਛਦਾ। ਸੂਤਰਾਂ ਦਾ ਕਹਿਣਾ ਹੈ ਕਿ ਬਿਨਾਂ ਉੱਚ ਅਧਿਕਾਰੀਆਂ ਦੀ ਮਿਲੀਭਗਤ ਤੋਂ ਇਹ ਸਭ ਸੰਭਵ ਨਹੀਂ ਹੈ। ਹੁਣ ਦੇਖਣਾ ਹੋਵੇਗਾ ਕਿ ਮਾਰਕੀਟ ਕਮੇਟੀ ਨਵੇਂ ਸੱਕਤਰ ਕਮਲਜੀਤ ਸਿੰਘ ਸਿੱਧੂ ਇਸ ਖਿਲਾਫ ਕੀ ਐਕਸ਼ਨ ਲੈਣਗੇ। ਇਹ ਆਉਣ ਵਾਲਾ ਸਮਾਂ ਦੱਸੇਗਾ।
-ਬਾਕਸ-
-ਮੰਡੀ 'ਚ ਸਿਸਟਮ ਨੂੰ ਠੀਕ ਕਰਨ ਦੀ ਲੋੜ : ਰਿਸ਼ੂ ਅਰੋੜਾ
ਆੜ੍ਹਤੀ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਰਿਸ਼ੂ ਅਰੋੜਾ ਨੇ ਗੱਲਬਾਤ ਕਰਨ ’ਤੇ ਆਖਿਆ ਕਿ ਸਿਰਫ ਮਾਰਕੀਟ ਸਕੱਤਰ ਬਦਲਣ ਨਾਲ ਕੁੱਝ ਨਹੀਂ ਹੋਣਾ। ਮੰਡੀ 'ਚ ਸਿਸਟਮ ਨੂੰ ਠੀਕ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪਾਰਕਿੰਗ 'ਚ ਹੋ ਰਿਹਾ ਇਹ ਝੋਲ ਮਾਰਕੀਟ ਕਮੇਟੀ ਦੀ ਨੱਕ ਦਾ ਸਵਾਲ ਹੈ, ਕਿਉਂਕਿ ਹੁਣ ਪਾਰਕਿੰਗ ਦੀ ਵਸੂਲੀ ਕਮੇਟੀ ਖੁਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨਵੇਂ ਮਾਰਕੀਟ ਸਕੱਤਰ ਨੂੰ ਇਸ ਮਾਮਲੇ 'ਚ ਮਿਲ ਕੇ ਮਲਟੀਪਲ ਦੀ ਆੜ 'ਚ ਹੋ ਰਹੇ ਇਸ ਗੋਰਖਧੰਦੇ 'ਤੇ ਪੱਕੀ ਨੱਥ ਲਗਵਾਈ ਜਾਵੇਗੀ।
-ਬਾਕਸ-
-ਜਾਂਚ ਕਰਕੇ ਬਣਦੀ ਕਾਰਵਾਈ ਕਰਾਂਗੇ : ਚੇਅਰਮੈਨ ਗਿੱਲ
ਲੁਧਿਆਣਾ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਜੀਤ ਸਿੰਘ ਗਿੱਲ ਨਾਲ ਜਦੋਂ ਇਸ ਸਬੰਧੀ ਗੱਲਬਾਤ ਕੀਤੀ, ਤਾਂ ਉਨ੍ਹਾਂ ਕਿਹਾ ਮਾਰਕੀਟ ਕਮੇਟੀ ਕੋਲ ਪਰਚੀ 'ਤੇ ਨਿਸ਼ਾਨੀ ਲੱਗ ਕੇ ਆਉਂਦੀ ਹੈ, ਜਿਸ ਰੇਟ ਦੀ ਪਰਚੀ ਕੱਟੀ ਜਾਂਦੀ ਹੈ। ਬਾਕੀ ਇਸ ਸੰਬੰਧੀ ਖੁੱਦ ਮੌਕੇ ’ਤੇ ਜਾ ਕੇ ਜਾਂਚ ਕਰਨਗੇ। ਜੇਕਰ ਕੋਈ ਨਾਜਾਇਜ਼ ਵਸੂਲੀ ਕਰ ਰਿਹਾ,ਤਾਂ ਉਸ ਦੇ ਖਿਲਾਫ਼ ਬਣਦੀ ਕਾਰਵਾੲ ਅਮਲ ਵਿੱਚ ਲਿਆਂਦੀ ਜਾਵੇਗੀ।