ਗਲਾਡਾ ਅਧਿਕਾਰੀਆਂ ਦੀ ਅਣਦੇਖੀ ਕਾਰਨ 200 ਫੁੱਟ ਸੜਕ ਕਿਨਾਰੇ ਹੋ ਰਹੇ ਕਬਜ਼ੇ ਹਾਦਸਿਆਂ ਨੂੰ ਦੇ ਰਹੇ ਸੱਦਾ
ਗਲਾਡਾ ਅਧਿਕਾਰੀਆਂ ਦੀ ਅਣਦੇਖੀ ਕਾਰਨ 200 ਫੁੱਟ ਸੜਕ ਕਿਨਾਰੇ ਹੋ ਰਹੇ ਨਾਜਾਇਜ਼ ਕਬਜੇ ਹਾਦਸਿਆਂ ਨੂੰ ਦੇ ਰਹੇ ਸੱਦਾ
Publish Date: Tue, 20 Jan 2026 08:18 PM (IST)
Updated Date: Wed, 21 Jan 2026 04:19 AM (IST)

* ਫੁੱਟਪਾਥ ਤੇ ਸੜਕ ਕਿਨਾਰੇ ਲੱਗੀਆਂ ਰੇਹੜੀਆਂ-ਫੜ੍ਹੀਆਂ ਵਾਲੇ ਪਾ ਰਹੇ ਨੇ ਗੰਦ ਫੋਟੋ 19, 20, 21, 23, 24, 26 ਬਰਾੜ, ਪੰਜਾਬੀ ਜਾਗਰਣ ਲੁਧਿਆਣਾ : ਮਹਾਨਗਰ ਲੁਧਿਆਣਾ ਦੀਆਂ ਸੜਕਾਂ ’ਤੇ ਪੈਦਲ ਚੱਲਣ ਵਾਲਿਆਂ ਨੂੰ ਹਾਦਸਿਆਂ ਤੋਂ ਬਚਾਉਣ ਲਈ ਵਿਭਾਗਾਂ ਵੱਲੋਂ ਫੁੱਟਪਾਥ ਬਣਾਏ ਜਾਂਦੇ ਹਨ, ਪਰ ਹਾਲਾਤ ਤੋਂ ਇੰਝ ਜਾਪਦਾ ਹੈ ਜਿਵੇਂ ਇਨ੍ਹਾਂ ਫੁੱਟਪਾਥਾਂ ਨੂੰ ਬਣਾਉਣ ਵਾਲੇ ਵਿਭਾਗਾਂ ਦੇ ਅਧਿਕਾਰੀ ਤੇ ਮੁਲਾਜ਼ਮ ਬਾਅਦ ’ਚ ਫੁੱਟਪਾਥਾਂ ਦੀ ਅਸਲ ਵਰਤੋਂ ਨੂੰ ਵਿਸਾਰ ਦਿੰਦੇ ਹਨ, ਜਿਸ ਕਾਰਨ ਕੁਝ ਲੋਕ ਆਪਣੇ ਕਾਰੋਬਾਰ ਲਈ ਫੁੱਟਪਾਥਾਂ ’ਤੇ ਨਾਜਾਇਜ਼ ਕਬਜ਼ੇ ਕਰ ਲੈਂਦੇ ਹਨ। ਅਜਿਹੇ ਹੀ ਹਲਾਤ ਅੱਜ ਕੱਲ ਗਲਾਡਾ ਅਧੀਨ ਆਉਂਦੀ 200 ਫੁੱਟ ਰੋਡ ਦੇ ਬਣੇ ਹੋਏ ਹਨ। ਜਿਸ ਦੇ ਕਿਨਾਰੇ ਪੈਦਲ ਚੱਲਣ ਵਾਲਿਆਂ ਲਈ ਬਣਾਏ ਗਏ ਫੁੱਟਪਾਥਾਂ ’ਤੇ ਰੋਜ਼ਾਨਾਂ ਹੀ ਕਬਜ਼ਾਧਾਰੀਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਦੱਸਣਾ ਬਣਦਾ ਹੈ ਕਿ ਸਰਕਾਰੀ ਵਿਭਾਗਾਂ ਅਧੀਨ ਆਉਂਦੇ ਰਿਹਾਇਸ਼ੀ ਇਲਾਕਿਆਂ ’ਚ ਰਹਿੰਦੇ ਆਮ ਲੋਕਾਂ ਨੂੰ ਹਰ ਪ੍ਰਕਾਰ ਦੀ ਸਹੂਲਤ ਮੁਹੱਈਆ ਕਰਵਾਉਣਾ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਦਾ ਮੁੱਢਲਾ ਫਰਜ ਹੁੰਦਾ ਹੈ। ਪਰ ਜੇਕਰ ਗਲਾਡਾ ਅਧੀਨ ਆਉਦੀ 200 ਫੁੱਟ ਰੋਡ ਦੀ ਗੱਲ ਕੀਤੀ ਜਾਵੇ ਤਾਂ ਇਸ ਤੇ ਵੱਡੀ ਪੱਧਰ ਤੇ ਹੋ ਰਹੇ ਨਾਜਾਇਜ਼ ਕਬਜਿਆਂ ਨੂੰ ਗਲਾਡਾ ਦੇ ਅਧਿਕਾਰੀਆਂ ਵੱਲੋਂ ਅੱਖੋਂ ਪਰੋਖੇ ਕੀਤਾ ਜਾਪਦਾ ਹੈ। ਜਦਕਿ ਇਹ ਸੜਕ ਫਿਰੋਜਪੁਰ ਰੋਡ ਤੋਂ ਗਿੱਲ ਰੋਡ ਅਤੇ ਗਿੱਲ ਰੋਡ ਤੋਂ ਫਿਰੋਜਪੁਰ ਰੋਡ ਜਾਣ ਵਾਲੇ ਰਾਹਗੀਰਾਂ ਨੂੰ ਬਿਨ੍ਹਾਂ ਰੁਕਾਵਟ ਸਫਰ ਦੀ ਸਹੂਲਤ ਦੇਣ ਲਈ ਗਲਾਡਾ ਵੱਲੋਂ ਬਣਾਈ ਜਾ ਰਹੀ ਹੈ। ਪਰ ਸੜਕ ਕਿਨਾਰੇ ਰੇਹੜੀਆਂ ਫੜ੍ਹੀਆਂ ਵਾਲਿਆਂ ਵੱਲੋਂ ਗਲਾਡਾ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਮਿਲੀ ਭੁਗਤ ਨਾਲ ਫੁੱਟਪਾਥਾਂ ਤੇ ਥਾਂ ਥਾਂ ਤੇ ਆਪੋ ਆਪਣੀਆਂ ਦੁਕਾਨਦਾਰੀਆਂ ਸਜਾਕੇ ਵੱਡੀ ਪੱਧਰ ਤੇ ਨਾਜਾਇਜ਼ ਕਬਜ਼ੇ ਕਰਨੇ ਵੀ ਸ਼ੁਰੂ ਕਰ ਦਿੱਤੇ ਹਨ। ਸੜਕ ਕਿਨਾਰੇ ਹੋ ਰਹੇ ਨਾਜਾਇਜ਼ ਕਬਜ਼ਿਆਂ ਕਰ ਕੇ ਸੜਕ ’ਤੇ ਕਈ ਵਾਰ ਜਾਮ ਵੀ ਲੱਗ ਜਾਂਦਾ ਹੈ। ਸਬਜ਼ੀ ਲੈਣ ਆਏ ਆਮ ਲੋਕਾਂ ਵੱਲੋਂ ਆਪਣੇ ਸਕੂਟਰ ਅਤੇ ਕਾਰਾਂ ਆਦਿ ਨੂੰ ਸੜਕ ਵਿਚਕਾਰ ਹੀ ਖੜ੍ਹੇ ਕਰ ਦਿੱਤੇ ਜਾਂਦੇ ਹਨ, ਜੋ ਸੜਕ ਤੇ ਜਾਮ ਲੱਗਣ ਦਾ ਕਾਰਨ ਬਨਣ ਦੇ ਨਾਲ ਨਾਲ ਹਾਦਸਿਆਂ ਨੂੰ ਵੀ ਸੱਦਾ ਦਿੰਦੇ ਹਨ। ਇਨ੍ਹਾਂ ਕਬਜਾਧਾਰੀਆਂ ਵੱਲੋਂ ਸੜਕ ਕਿਨਾਰੇ ਫੈਲਾਈ ਜਾ ਰਹੀ ਗੰਦਗੀ ਕਾਰਨ ਸੜਕ ਕਿਨਾਰੇ ਬਰਾਸ਼ਤੀ ਪਾਣੀ ਦੀ ਨਿਕਾਸੀ ਲਈ ਬਣੀਆਂ ਜਾਲੀਆਂ ਵੀ ਬੰਦ ਹੋਰ ਜਾਂਦੀਆਂ ਹਨ। ਇੱਥੇ ਹੀ ਬੱਸ ਨਹੀਂ ਅਫਸਰਾਂ ਦੀ ਮਿਲੀ ਭੁਗਤ ਨਾਲ ਸੜਕ ਕਿਨਾਰੇ ਪੌਦਿਆਂ ਦੀ ਨਰਸਰੀ ਅਤੇ ਸਕੂਲ ਵੈਨਾਂ ਖੜੀਆਂ ਆਮ ਨਜ਼ਰ ਆਉਦੀਆਂ ਹਨ। ਸਕੂਲ ਟਾਈਮ ਤੇ 200 ਫੁੱਟਾ ਬਾਈਪਾਸ ਦੀ ਸੜਕ ਉਪਰ ਸਕੂਲ ਵੈਨ ਅਤੇ ਬੱਚਿਆਂ ਦੇ ਮਾਪਿਆਂ ਵੱਲੋਂ ਖੜੀਆਂ ਕੀਤੀਆਂ ਗੱਡੀਆਂ ਵੀ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ। ਜੈਨ ਮੰਦਰ ਦੇ ਨੇੜੇ ਰੋਡ ਡਿਵਾਇਡਰ ਅਤੇ ਫੁੱਟਪਾਥ ਤੇ ਅਨੇਕਾਂ ਅਵਾਰਾ ਪਸ਼ੂ ਬੈਠੇ ਆਮ ਦੇਖੇ ਜਾ ਸਕਦੇ ਹਨ, ਜੋ ਕਿਸੇ ਵੱਡੇ ਹਾਦਸੇ ਦਾ ਕਾਰਨ ਵੀ ਬਣ ਸਕਦੇ ਹਨ, ਜਿਸ ਨੂੰ ਗਲਾਡਾ ਅਧਿਕਾਰੀ ਮੂਕ ਦਰਸ਼ਕ ਬਣਕੇ ਦੇਖ ਰਹੇ ਹਨ। ਛੇਤੀ ਨਾਜਾਇਜ਼ ਕਬਜ਼ਿਆਂ ਨੂੰ ਹਟਵਾਇਆ ਜਾਵੇਗਾ : ਅਮਨ ਗੁਪਤਾ ਜਦੋਂ ਇਸ ਸਬੰਧੀ ਗਲਾਡਾ ਦੇ ਅਸਟੇਟ ਅਫਸਰ ਅਮਨ ਗੁਪਤਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਬਾਈਪਾਸ ਦੀ ਸਫਾਈ ਦਾ ਕੰਮ ਪਿਛਲੇ ਕੁਝ ਸਮੇਂ ਤੋਂ ਨਗਰ ਨਿਗਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਈਪਾਸ ਦੇ ਰੱਖ ਰਖਾਵ ਤੇ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਗਲਾਡਾ ਵੱਲੋਂ ਕਾਰਵਾਈ ਕੀਤੀ ਜਾਣੀ ਹੈ। ਉਨਾਂ ਕਿਹਾ ਕਿ 200 ਫੁੱਟ ਬਾਈਪਾਸ ਦੇ ਫੁੱਟਪਾਥਾਂ ਤੇ ਹੋਏ ਨਾਜਾਇਜ਼ ਕਬਜ਼ਿਆਂ ਨੂੰ ਜਲਦ ਹਟਵਾਇਆ ਜਾਵੇਗਾ।