‘ਤੁਹਾਡਾ ਵਿਰੋਧ ਪੱਤਰ ਸਿਰ ਮੱਥੇ ਪਰ ਨਸ਼ਾ ਤਾਂ ਤੁਸੀਂ ਲੈ ਕੇ ਆਏ’ ‘ਤੁਹਾਡਾ ਲਾਹਨਤੀ ਪੱਤਰ ਸਿਰ ਮੱਥੇ ਪਰ ਨਸ਼ਾ ਤਾਂ ਤੁਸੀਂ ਲੈ ਕੇ ਆਏ’
Publish Date: Mon, 19 Oct 2026 08:26 PM (IST)
Updated Date: Tue, 20 Oct 2026 04:04 AM (IST)
-ਆਪ ਆਗੂ ਨੇ ਵਿਰੋਧ ਪੱਤਰ ਦੇਣ ਆਏ ਅਕਾਲੀ ਆਗੂਆਂ ਨੂੰ ਘੇਰਿਆ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ’ਚ ਆਪ ਆਗੂ ਨੇ ਲਾਹਨਤੀ ਪੱਤਰ ਦੇਣ ਆਏ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਉਲਟਾ ਸਵਾਲ ਦਾਗਦਿਆਂ ਇਹ ਕਹਿ ਦਿੱਤਾ ਕਿ ਨਸ਼ਾ ਤਾਂ ਪੰਜਾਬ ਵਿਚ ਤੁਹਾਡੀ ਅਕਾਲੀ ਦਲ ਦੀ ਸਰਕਾਰ ਮੌਕੇ ਆਇਆ। ਇਸ ਦੌਰਾਨ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਦੀ ਆਪ ਆਗੂ ਨਾਲ ਬਹਿਸ ਵੀ ਹੋਈ। ਜਿਸ ਦੌਰਾਨ ਵਿਰੋਧ ਪੱਤਰ ਲੈਂਦਿਆਂ ਆਪ ਆਗੂ ਨੇ ਇਸ ਦਾ ਜਵਾਬ ਲੈਣ ਲਈ ਰੋਕਿਆ ਤਾਂ ਅਕਾਲੀ ਚੱਲਦੇ ਬਣੇ। ਜਗਰਾਓਂ ’ਚ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੇ ਘਰ ਅੱਗੇ ਧਰਨੇ-ਪ੍ਰਦਰਸ਼ਨ ਦੌਰਾਨ ਜਗਰਾਓਂ ਦੇ ਕੱਚਾ ਮਲਕ ਚੌਂਕ ਨੇੜੇ ਆਮ ਆਦਮੀ ਪਾਰਟੀ ਦੇ ਯੁੱਧ ਨਸ਼ਿਆਂ ਵਿਰੁੱਧ ਦੇ ਕੋਆਰਡੀਨੇਟਰ ਵਿਕਰਮਜੀਤ ਥਿੰਦ ਦੇ ਦਫ਼ਤਰ ਪੁੱਜੇ। ਜਿੱਥੇ ਸਾਬਕਾ ਵਿਧਾਇਕ ਐੱਸਆਰ ਕਲੇਰ, ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ ਤੇ ਹੋਰ ਆਗੂਆਂ ਨੇ ਕੋਆਰਡੀਨੇਟਰ ਥਿੰਦ ਨੂੰ ਵਿਰੋਧ ਪੱਤਰ ਸੌਂਪਣ ਲਈ ਬੁਲਾਇਆ। ਜਿਸ ’ਤੇ ਕੋਆਰਡੀਨੇਟਰ ਥਿੰਦ ਨੇ ਉਨ੍ਹਾਂ ਦਾ ਸਵਾਗਤ ਕਰਦਿਆਂ ਇਹ ਕਿਹਾ ਕਿ ਉਹ ਸਾਰੇ ਵੱਡੇ ਹਨ ਅਤੇ ਸਤਿਕਾਰਯੋਗ ਹਨ। ਇਸ ਲਈ ਉਨ੍ਹਾਂ ਵੱਲੋਂ ਦਿੱਤਾ ਜਾ ਰਿਹਾ ਇਹ ਲਾਹਨਤੀ ਪੱਤਰ ਸਿਰ ਮੱਥੇ ਪਰ ਇਸ ਦਾ ਜਵਾਬ ਜ਼ਰੂਰ ਲੈ ਕੇ ਜਾਣ। ਜਿਸ ’ਤੇ ਅਕਾਲੀ ਆਗੂਆਂ ਅਤੇ ਵਰਕਰਾਂ ਨੇ ਰੌਲਾ ਪਾਉਂਦਿਆਂ ਪੰਜਾਬ ਵਿਚ ਫੈਲੇ ਨਸ਼ਿਆਂ ਦੀ ਦੁਹਾਈ ਦਿੱਤੀ ਤੇ ਕਿਹਾ ਕਿ ਲੋਕ ਨਸ਼ਿਆਂ ਨਾਲ ਮਰ ਰਹੇ ਹਨ, ਤੁਸੀਂ ਜਵਾਬ ਨਹੀਂ ਅਸਤੀਫਾ ਦਿਓ। ਇਸ ’ਤੇ ਅਕਾਲੀ ਆਗੂ ਅੱਗੇ ਵਧੇ ਤਾਂ ਆਪ ਦੇ ਕੋਆਰਡੀਨੇਟਰ ਨੇ ਉਨ੍ਹਾਂ ਨੂੰ ਆਵਾਜ਼ਾਂ ਮਾਰਦਿਆਂ ਗੋ ਬੈਕ ਨਾ ਹੋਣ ਅਤੇ ਜਵਾਬ ਲੈ ਕੇ ਜਾਣ ਲਈ ਵਾਪਸ ਆਉਣ ਦਾ ਕਿਹਾ। ਉਹ ਨਹੀਂ ਆਏ ਤਾਂ ਉਥੇ ਰੁਕੇ ਕੁਝ ਅਕਾਲੀ ਵਰਕਰਾਂ ਨੂੰ ਆਪ ਕੋਆਰਡੀਨੇਟਰ ਨੇ ਕਿਹਾ ਕਿ ਨਸ਼ੇ ਤਾਂ ਅਕਾਲੀ ਸਰਕਾਰ ਮੌਕੇ ਆਏ।