ਭੁੱਖ ਹੜਤਾਲ ਹੋਈ ਹੋਰ ਮਜ਼ਬੂਤ, ਬਾਰ ਐਸੋਸੀਏਸ਼ਨ ਵੱਲੋਂ ਸਮਰਥਨ ਦਾ ਭਰੋਸਾ
ਖੰਨਾ ‘ਚ ਨਿਆਂ ਲਈ ਭੁੱਖ ਹੜਤਾਲ ਹੋਈ ਹੋਰ ਮਜ਼ਬੂਤ, ਬਾਰ ਐਸੋਸੀਏਸ਼ਨ ਖੰਨਾ ਵੱਲੋਂ ਸਮਰਥਨ ਦੇਣ ਦਾ ਭਰੋਸਾ
Publish Date: Wed, 21 Jan 2026 07:01 PM (IST)
Updated Date: Thu, 22 Jan 2026 04:10 AM (IST)

ਹੜ੍ਹ ਵਾਲੀ ਜ਼ਮੀਨ ‘ਤੇ ਕੋਰਟ ਲੋਕਾਂ ਦੀ ਮੌਤ ਦਾ ਸੱਦਾ ਹੈ : ਆਗੂ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖੰਨਾ : ਉਪ-ਮੰਡਲ ਮਜਿਸਟਰੇਟ ਖੰਨਾ ਦੇ ਦਫ਼ਤਰ ਸਾਹਮਣੇ ਖੰਨਾ ਨੂੰ ਪੂਰਨ ਜ਼ਿਲ੍ਹਾ ਬਣਾਉਣ ਤੇ ਬੁੱਲੇਪੁਰ ਖੰਨਾ ’ਚ ਹੜ੍ਹ-ਪ੍ਰਭਾਵਿਤ ਅਤੇ ਅਣਉਚਿਤ ਜ਼ਮੀਨ ’ਤੇ ਬਣ ਰਹੇ ਕੋਰਟ ਕੰਪਲੈਕਸ ਦੇ ਵਿਰੋਧ ’ਚ ਚੱਲ ਰਹੀ ਭੁੱਖ ਹੜਤਾਲ ਨੂੰ ਅੱਜ ਖੰਨਾ ਬਾਰ ਐਸੋਸੀਏਸ਼ਨ ਵੱਲੋਂ ਵੀ ਪੂਰਨ ਸਮਰਥਨ ਦੇਣ ਦਾ ਭਰੋਸਾ ਮਿਲਿਆ, ਜਿਸ ਨਾਲ ਇਹ ਲੋਕ ਅੰਦੋਲਨ ਹੋਰ ਮਜ਼ਬੂਤ ਹੋ ਗਿਆ ਹੈ। ਅੱਜ ਬਾਰ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਸੁਮਿਤ ਲੂਥਰਾ, ਜੋਇੰਟ ਸਕੱਤਰ ਤੇਜਿੰਦਰਪਾਲ ਸਿੰਘ ਨੂੰ ਖੰਨਾ ਸੰਘਰਸ਼ ਕਮੇਟੀ ਦੇ ਆਗੂਆਂ ਨੇ ਬੇਨਤੀ ਪੱਤਰ ਦਿੱਤਾ ਬਾਰ ਐਸੋਸੀਏਸ਼ਨ ਖੰਨਾ ਦੇ ਅਹੁਦੇਦਾਰਾਂ ਨੇ ਭੁੱਖ ਹੜਤਾਲ ਕਰ ਰਹੇ ਆਗੂਆਂ ਨਾਲ ਇੱਕਜੁੱਟਤਾ ਪ੍ਰਗਟ ਕੀਤੀ ਤੇ ਇਸ ਸੰਘਰਸ਼ ਨੂੰ ਨਿਆਂ, ਲੋਕ-ਸੁਰੱਖਿਆ ਤੇ ਲੋਕ-ਹਿਤ ਨਾਲ ਜੁੜਿਆ ਹੋਇਆ ਕਰਾਰ ਦਿੱਤਾ। ਭੁੱਖ ਹੜਤਾਲ ’ਤੇ ਕਾਮਰੇਡ ਕਰਨੈਲ ਸਿੰਘ ਇਕੋਲਾਹਾ ਕੌਮੀ ਜਨਰਲ ਸਕੱਤਰ, ਆਲ ਇੰਡੀਆ ਸੰਯੁਕਤ ਕਿਸਾਨ ਸਭਾ, ਜੱਥੇਦਾਰ ਸਰਬਜੀਤ ਸਿੰਘ ਖ਼ਾਲਸਾ ਕੇਂਦਰੀ ਕਮੇਟੀ ਮੈਂਬਰ, ਯੂਨਾਈਟੇਡ ਟਰੇਡਜ਼ ਯੂਨੀਅਨ ਕਾਂਗਰਸ, ਵਿਪਨ ਕਥੂਰੀਆਂ, ਕਿਰਪਾਲ ਸਿੰਘ ਖ਼ਾਲਸਾ ਤੇ ਦਵਿੰਦਰ ਸਿੰਘ ਚੰਨੀ ਲਲਹੇੜੀ 17ਵੇਂ ਦਿਨ ਵੀ ਮੋਰਚੇ ਤੇ ਡਟੇ ਰਹੇ। ਆਗੂਆਂ ਨੇ ਕਿਹਾ, ਜਦੋਂ ਵਕੀਲ ਭਾਈਚਾਰਾ ਵੀ ਕਹਿ ਰਿਹਾ ਹੈ ਕਿ ਹੜ੍ਹ ਵਾਲੀ ਜ਼ਮੀਨ ’ਤੇ ਕੋਰਟ ਨਹੀਂ ਬਣਨੀ ਚਾਹੀਦੀ, ਤਾਂ ਸਰਕਾਰ ਦੀ ਚੁੱਪੀ ਅਪਰਾਧ ਹੈ। ਇਹ ਸੰਘਰਸ਼ ਨਿਆਂ ਪ੍ਰਣਾਲੀ ਨੂੰ ਬਚਾਉਣ ਦੀ ਲੜਾਈ ਹੈ। ਬਾਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਕਿਹਾ ਕਿ ਹੜ੍ਹ-ਪ੍ਰਭਾਵਿਤ ਜ਼ਮੀਨ ’ਤੇ ਕੋਰਟ ਕੰਪਲੈਕਸ ਬਣਾਉਣਾ ਵਕੀਲਾਂ, ਮੁਕੱਦਮਾ ਲੜਨ ਆਉਣ ਵਾਲੇ ਲੋਕਾਂ ਤੇ ਆਮ ਜਨਤਾ ਦੀ ਜਾਨ ਲਈ ਗੰਭੀਰ ਖ਼ਤਰਾ ਹੈ ਤੇ ਇਹ ਫੈਸਲਾ ਨਿਆਂਕ ਮਿਆਰਾਂ ਦੇ ਖਿਲਾਫ਼ ਹੈ। ਆਗੂਆਂ ਨੇ ਦੁਹਰਾਇਆ ਕਿ ਜੇ ਤੁਰੰਤ ਖੰਨਾ ਨੂੰ ਪੂਰਨ ਜ਼ਿਲ੍ਹਾ ਘੋਸ਼ਿਤ ਨਾ ਕੀਤਾ ਗਿਆ ਤੇ ਬੁੱਲੇਪੁਰ ’ਚ ਬਣ ਰਹੇ ਕੋਰਟ ਕੰਪਲੈਕਸ ਦਾ ਫੈਸਲਾ ਰੱਦ ਨਾ ਕੀਤਾ ਗਿਆ, ਤਾਂ ਇਹ ਸੰਘਰਸ਼ ਪੂਰੇ ਪੰਜਾਬ ਪੱਧਰ ’ਤੇ ਫੈਲਾਇਆ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਤੇ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਐਡਵੋਕੇਟ ਲਵਪ੍ਰੀਤ ਸਿੰਘ ਇਕੋਲਾਹਾ, ਐਡਵੋਕੇਟ ਨਵਦੀਪ ਸਿੰਘ, ਐਡਵੋਕੇਟ ਸੋਹਣ ਸਿੰਘ ਸਹੋਤਾ, ਐਡਵੋਕੇਟ ਰਾਜਵੀਰ ਸਿੰਘ ਬਹਾਲ ਸਿੰਘ ਨਾਗਰਾ ਆਗੂ ਭਾਰਤੀ ਕਿਸਾਨ ਯੂਨੀਅਨ, ਸਕਿੰਦਰ ਸਿੰਘ ਇੰਚਾਰਜ ਤਰਨਾ ਦਲ ਖੰਨਾ, ਜਸਪਾਲ ਸਿੰਘ ਇਕੋਲਾਹਾ, ਬਹਾਦਰ ਸਿੰਘ ਨਾਗਰਾ, ਚਰਨਜੀਤ ਸਿੰਘ ਚੰਨੀ, ਸਰਪੰਚ ਹਰਪ੍ਰੀਤ ਸਿੰਘ ਇਕੋਲਾਹਾ, ਗੌਰਵ ਮੈਂਨਰੋ, ਗੁਲਜ਼ਾਰ ਸਿੰਘ, ਮਨੀ ਸਲਾਣਾ, ਮੇਹਰ ਸਿੰਘ, ਗੁਰਪ੍ਰੀਤ ਸਿੰਘ ਮਾਜਰੀ, ਤਰਸੇਮ ਸਿੰਘ ਗਰਚਾ, ਪ੍ਰੇਮ ਸਿੰਘ ਮੋਹਨਪੁਰ, ਪਰਮਜੀਤ ਕੌਰ, ਰਾਜਿੰਦਰ ਸਿੰਘ ਇਕੋਲਾਹਾ, ਹਰਮੇਸ਼ ਸਿੰਘ ਬਘੇਰ, ਕਰਨੈਲ ਸਿੰਘ, ਸਿਮਰਨਜੀਤ ਕੌਰ, ਹਰਜਿੰਦਰ ਸਿੰਘ ਬਬਲਾ, ਭਵਨਦੀਪ ਸਿੰਘ ਹਰਿਓ ਨੇ ਵੀ ਮੋਰਚੇ ’ਚ ਹਾਜ਼ਰੀ ਲਵਾਈ।