ਨਰਾਤਿਆਂ ਦੀ ਸ਼ੁਰੂਆਤ 'ਤੇ ਇਨਸਾਨੀਅਤ ਸ਼ਰਮਸਾਰ: 11 ਮਹੀਨਿਆਂ ਦੀ ਮਾਸੂਮ ਬੱਚੀ ਨਾਲ ਦਰਿੰਦਗੀ
ਪੀੜਤ ਬੱਚੀ ਦੇ ਪਿਤਾ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਮੁਤਾਬਕ, ਉਹ ਡੇਹਲੋਂ ਥਾਣੇ ਅਧੀਨ ਆਉਂਦੇ ਇੱਕ ਪਿੰਡ ਦਾ ਰਹਿਣ ਵਾਲਾ ਹੈ। ਘਟਨਾ ਸਮੇਂ ਉਸ ਦੀ ਪਤਨੀ ਆਪਣੀ 11 ਮਹੀਨਿਆਂ ਦੀ ਧੀ ਨੂੰ ਘਰ ਅੰਦਰ ਸੁਆ ਕੇ ਬਾਹਰ ਕੰਮ ਕਰ ਰਹੀ ਸੀ। ਇਸ ਦੌਰਾਨ ਗੁਆਂਢ ’ਚ ਕਿਰਾਏ ਦੇ ਕਮਰੇ ਵਿੱਚ ਰਹਿਣ ਵਾਲਾ ਸੰਜੇ ਕੁਮਾਰ ਕਥਿਤ ਤੌਰ ’ਤੇ ਮੌਕਾ ਦੇਖ ਕੇ ਘਰ ਅੰਦਰ ਦਾਖ਼ਲ ਹੋ ਗਿਆ।
Publish Date: Sun, 11 Oct 2026 11:00 AM (IST)
Updated Date: Sun, 11 Oct 2026 11:05 AM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਮਾਂ ਭਗਵਤੀ ਦੇ ਨਰਾਤਿਆਂ ਦੀ ਸ਼ੁਰੂਆਤ ਹੋ ਚੁੱਕੀ ਹੈ। ਘਰਾਂ ਵਿੱਚ ਸ਼ਰਧਾ ਨਾਲ ਪੂਜਾ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਕੰਜਕ ਪੂਜਨ ਰਾਹੀਂ ਧੀਆਂ ਨੂੰ ਦੇਵੀ ਦਾ ਰੂਪ ਮੰਨ ਕੇ ਸਤਿਕਾਰ ਦੇਣ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ ਪਰ ਇਸੇ ਧਾਰਮਿਕ ਮਾਹੌਲ ਦਰਮਿਆਨ ਲੁਧਿਆਣਾ ਦੇ ਡੇਹਲੋਂ ਇਲਾਕੇ ਤੋਂ ਸਾਹਮਣੇ ਆਏ ਇੱਕ ਘਿਨਾਉਣੇ ਮਾਮਲੇ ਨੇ ਇਨਸਾਨੀਅਤ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇੱਥੇ ਮਹਿਜ਼ 11 ਮਹੀਨਿਆਂ ਦੀ ਮਾਸੂਮ ਬੱਚੀ ਨੂੰ ਕਥਿਤ ਤੌਰ ’ਤੇ ਹਵਸ ਦਾ ਸ਼ਿਕਾਰ ਬਣਾਇਆ ਗਿਆ।
ਬੱਚੀ ਦੇ ਰੋਣ ਦੀ ਆਵਾਜ਼ ਸੁਣ ਕੇ ਜਦੋਂ ਮਾਂ ਅੰਦਰ ਪਹੁੰਚੀ ਤਾਂ ਉਸ ਦੇ ਹੋਸ਼ ਉੱਡ ਗਏ। ਬੱਚੀ ਖੂਨ ਨਾਲ ਲਿਬੜੀ ਸੀ, ਜਦਕਿ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਚੁੱਕਾ ਸੀ।
ਪੀੜਤ ਬੱਚੀ ਦੇ ਪਿਤਾ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਮੁਤਾਬਕ, ਉਹ ਡੇਹਲੋਂ ਥਾਣੇ ਅਧੀਨ ਆਉਂਦੇ ਇੱਕ ਪਿੰਡ ਦਾ ਰਹਿਣ ਵਾਲਾ ਹੈ। ਘਟਨਾ ਸਮੇਂ ਉਸ ਦੀ ਪਤਨੀ ਆਪਣੀ 11 ਮਹੀਨਿਆਂ ਦੀ ਧੀ ਨੂੰ ਘਰ ਅੰਦਰ ਸੁਆ ਕੇ ਬਾਹਰ ਕੰਮ ਕਰ ਰਹੀ ਸੀ। ਇਸ ਦੌਰਾਨ ਗੁਆਂਢ ’ਚ ਕਿਰਾਏ ਦੇ ਕਮਰੇ ਵਿੱਚ ਰਹਿਣ ਵਾਲਾ ਸੰਜੇ ਕੁਮਾਰ ਕਥਿਤ ਤੌਰ ’ਤੇ ਮੌਕਾ ਦੇਖ ਕੇ ਘਰ ਅੰਦਰ ਦਾਖ਼ਲ ਹੋ ਗਿਆ।
ਕੁਝ ਸਮੇਂ ਬਾਅਦ ਜਦੋਂ ਔਰਤ ਨੂੰ ਆਪਣੀ ਧੀ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ ਤਾਂ ਉਹ ਤੁਰੰਤ ਘਰ ਦੇ ਅੰਦਰ ਗਈ। ਇਸੇ ਦੌਰਾਨ ਉਸ ਨੇ ਮੁਲਜ਼ਮ ਨੂੰ ਘਰ ਵਿੱਚੋਂ ਬਾਹਰ ਨਿਕਲਦੇ ਦੇਖਿਆ। ਜਦੋਂ ਉਸ ਨੇ ਅੰਦਰ ਜਾ ਕੇ ਬੱਚੀ ਨੂੰ ਦੇਖਿਆ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮਾਸੂਮ ਬੱਚੀ ਦੇ ਕੱਪੜੇ ਹੇਠਾਂ ਹੋਏ ਸਨ ਅਤੇ ਉਹ ਖੂਨ ਨਾਲ ਲਿਬੜੀ ਸੀ। ਪਰਿਵਾਰ ਲਈ ਇਹ ਦ੍ਰਿਸ਼ ਕਿਸੇ ਭਿਆਨਕ ਸਦਮੇ ਤੋਂ ਘੱਟ ਨਹੀਂ ਸੀ।
ਬਿਹਾਰ ਦੇ ਪੂਰਨੀਆ ਦਾ ਰਹਿਣ ਵਾਲਾ ਹੈ ਮੁਲਜ਼ਮ
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਥਾਣਾ ਡੇਹਲੋਂ ਦੀ ਪੁਲਿਸ ਨੇ ਪੀੜਤ ਬੱਚੀ ਦੇ ਪਿਤਾ ਦੀ ਸ਼ਿਕਾਇਤ ’ਤੇ ਸੰਜੇ ਕੁਮਾਰ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਅਨੁਸਾਰ ਮੁਲਜ਼ਮ ਬਿਹਾਰ ਦੇ ਪੂਰਨੀਆ ਜ਼ਿਲ੍ਹੇ ਦੇ ਪਿੰਡ ਘਨਰਈਆ ਦਾ ਰਹਿਣ ਵਾਲਾ ਹੈ। ਘਟਨਾ ਤੋਂ ਬਾਅਦ ਉਹ ਫ਼ਰਾਰ ਹੈ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ।
ਜਾਂਚ ਅਧਿਕਾਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਨਰਾਤਿਆਂ ਦੇ ਸੰਦੇਸ਼ ਵਿਚਾਲੇ ਧੀਆਂ ਦੀ ਸੁਰੱਖਿਆ ਦਾ ਸਵਾਲ
ਨਰਾਤਿਆਂ ਦੌਰਾਨ ਧੀਆਂ ਨੂੰ ਦੇਵੀ ਦਾ ਰੂਪ ਮੰਨ ਕੇ ਪੂਜਣ ਦੀ ਪਰੰਪਰਾ ਸਾਨੂੰ ਉਨ੍ਹਾਂ ਦੇ ਸਤਿਕਾਰ ਅਤੇ ਸੁਰੱਖਿਆ ਦਾ ਸੰਦੇਸ਼ ਦਿੰਦੀ ਹੈ। ਅਜਿਹੇ ’ਚ 11 ਮਹੀਨਿਆਂ ਦੀ ਬੱਚੀ ਨਾਲ ਵਾਪਰੀ ਇਹ ਕਥਿਤ ਦਰਿੰਦਗੀ ਸਮਾਜ ਸਾਹਮਣੇ ਇੱਕ ਗੰਭੀਰ ਸਵਾਲ ਖੜ੍ਹਾ ਕਰਦੀ ਹੈ ਕਿ ਮਾਸੂਮ ਬੱਚੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਮਾਜ ਅਤੇ ਕਾਨੂੰਨ ਵਿਵਸਥਾ ਨੂੰ ਹੋਰ ਕਿੰਨਾ ਸੁਚੇਤ ਹੋਣ ਦੀ ਲੋੜ ਹੈ।
ਫਿਲਹਾਲ ਪੁਲਿਸ ਦੀ ਜਾਂਚ ਅਤੇ ਮੁਲਜ਼ਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਮਾਮਲੇ ਨਾਲ ਜੁੜੇ ਹੋਰ ਤੱਥ ਸਾਹਮਣੇ ਆ ਸਕਣਗੇ। ਥਾਣਾ ਡੇਹਲੋ ਦੀ ਪੁਲਿਸ ਨੇ ਮੁਲਜਮ ਦੇ ਖਿਲਾਫ ਕੇਸ ਦਰਜ ਕਰਕੇ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।