- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਾਲਿਬ ਕਲਾਂ ’ਚ ਬਿਜਲੀ ਮੀਟਰਾਂ ’ਚ ਸਪਾਰਕਿੰਗ ਕਾਰਨ ਘਰਾਂ ਦੇ ਉਪਕਰਣ ਸੜੇ

ਸੰਜੀਵ ਗੁਪਤਾ, ਪੰਜਾਬੀ ਜਾਗਰਣ
ਜਗਰਾਓਂ : ਪਿੰਡ ਗਾਲਿਬ ਕਲਾਂ ਦੀ ਪੱਤੀ ਭਾਗ ਸਿੰਘ ਵਿਖੇ ਬਿਜਲੀ ਬਕਸੇ ’ਚ ਲੱਗੇ ਮੀਟਰਾਂ ਵਿਚ ਸਪਾਰਕਿੰਗ ਕਾਰਨ ਕਈ ਘਰਾਂ ਦੇ ਬਿਜਲੀ ਯੰਤਰ ਸੜ ਗਏ। ਜਿਸ ਕਾਰਨ ਪੀੜਤ ਪਰਿਵਾਰਾਂ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ’ਚ ਇਕੱਤਰ ਹੋਏ ਖਪਤਕਾਰਾਂ ਨੇ ਪਾਵਰਕਾਮ ਤੋਂ ਹੋਏ ਨੁਕਸਾਨ ਦੇ ਯੋਗ ਮੁਆਵਜ਼ੇ ਦੀ ਮੰਗ ਕੀਤੀ ਹੈ। ਇਸ ਸਮੇਂ ਪੀੜਤ ਖਪਤਕਾਰਾਂ ਸੁਰਿੰਦਰ ਸਿੰਘ, ਜਗਸੀਰ ਸਿੰਘ, ਇੰਦਰਜੀਤ ਸਿੰਘ, ਗੁਰਮੀਤ ਸਿੰਘ ਨੇ ਦੱਸਿਆ ਕਿ 8 ਨਵੰਬਰ ਨੂੰ ਰਾਤ ਸਮੇਂ ਮੀਟਰ ਦੇ ਬਕਸਿਆਂ ’ਚ ਸ਼ਾਰਟ ਸਰਕਟ ਕਾਰਨ ਲੱਗੀ ਅੱਗ ਨੇ ਇਹ ਨੁਕਸਾਨ ਕੀਤਾ ਹੈ। ਇਹ ਨੁਕਸਾਨ ਹੋਰ ਜ਼ਿਆਦਾ ਹੋ ਜਾਣਾ ਸੀ ਜੇ ਮੌਕੇ ’ਤੇ ਪਿੰਡ ਵਾਸੀ ਮਿੱਟੀ ਆਦਿ ਨਾ ਪਾ ਕੇ ਅੱਗ ਨੂੰ ਬੁਝਾਉਣ ’ਚ ਕਾਮਯਾਬ ਨਾ ਹੁੰਦੇ। ਪੀੜਤ ਖਪਤਕਾਰਾਂ ਨੇ ਪਾਵਰਕਾਮ ਤੋਂ ਇਹ ਮੀਟਰ ਬਦਲਣ ਦੀ ਜ਼ੋਰਦਾਰ ਮੰਗ ਕੀਤੀ ਹੈ ਕਿ ਇਨ੍ਹਾਂ ਦੀ ਥਾਂ ਤੇ ਚਿੱਪ ਵਾਲੇ ਮੀਟਰ ਨਾ ਲਗਾ ਕੇ ਪੁਰਾਣੇ ਮਾਰਕੇ ਵਾਲੇ ਬਿਜਲੀ ਮੀਟਰ ਹੀ ਲਗਾਏ ਜਾਣ। ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਜਗਨਨਾਥ ਸੰਘਰਾਓ ਅਤੇ ਇਕਾਈ ਸਕੱਤਰ ਕੁਲਵੰਤ ਸਿੰਘ ਗਾਲਿਬ ਨੇ ਮੰਗ ਕੀਤੀ ਹੈ ਕਿ ਅੱਗ ਲੱਗਣ ਨਾਲ ਸੜੇ ਫਰਿੱਜਾਂ ਅਤੇ ਐੱਲਈਡੀਆਂ ਤੇ ਹੋਰ ਸਮਾਨ ਦੇ ਨੁਕਸਾਨ ਦਾ ਮੁਆਵਜ਼ਾ ਤੁਰੰਤ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਮੀਟਰ ਬਦਲਣ ਸਮੇਂ ਇਹ ਮੀਟਰ ਬਕਸੇ ਦੀ ਥਾਂ ਘਰਾਂ ਦੇ ਬਾਹਰ ਸਿੰਗਲ ਬਕਸਿਆਂ ’ਚ ਲਗਾਏ ਜਾਣ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਲਦੀ ਹੀ ਪਾਵਰਕਾਮ ਬਿਜਲੀ ਅਧਿਕਾਰੀਆਂ ਨੂੰ ਪਿੰਡ ਵਾਸੀਆਂ ਦਾ ਵਫ਼ਦ ਮਿਲ ਕੇ ਮੰਗ ਪੱਤਰ ਦੇਵੇਗਾ।