ਲੁਧਿਆਣਾ 'ਚ ਕੰਧ ਟੱਪ ਕੇ ਘਰ ਵੜਿਆ ਭਰਾ ਤਾਂ ਉੱਡ ਗਏ ਹੋਸ਼, ਬੈੱਡ 'ਤੇ ਮਿਲੀ ਲਾਸ਼; ਚਿਹਰੇ 'ਤੇ ਸਨ ਸੱਟਾਂ ਦੇ ਨਿਸ਼ਾਨ
ਇਸ ਮਾਮਲੇ ਵਿੱਚ ਥਾਣਾ ਹੈਬੋਵਾਲ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਕਤਲ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਪਿਛਲੇ ਕਰੀਬ ਸੱਤ ਸਾਲਾਂ ਤੋਂ ਇੱਕ ਮਹਿਲਾ ਨਾਲ ਵਿਆਹ ਤੋਂ ਬਿਨਾਂ ਇਕੱਠੇ ਰਹਿਣ ਅਤੇ ਪਿਛਲੇ ਇੱਕ ਸਾਲ ਤੋਂ ਦੋਵਾਂ ਵਿਚਾਲੇ ਅਣਬਣ ਕਾਰਨ ਵੱਖ-ਵੱਖ ਰਹਿਣ ਦੀ ਗੱਲ ਵੀ ਸਾਹਮਣੇ ਆਈ ਹੈ
Publish Date: Fri, 23 Oct 2026 11:39 AM (IST)
Updated Date: Fri, 23 Oct 2026 11:46 AM (IST)
ਸੁਸ਼ੀਲ ਕੁਮਾਰ ਸ਼ਸ਼ੀ ,ਪੰਜਾਬੀ ਜਾਗਰਣ, ਲੁਧਿਆਣਾ : ਲਾਦੀਆਂ ਕਲਾਂ ਸਥਿਤ ਸਰਸਵਤੀ ਇਨਕਲੇਵ ਵਿੱਚ ਇੱਕ ਘਰ ਦੇ ਅੰਦਰ ਦਾਖਲ ਹੋਏ ਹਮਲਾਵਰਾਂ ਨੇ ਅਧੇੜ ਉਮਰ ਦੇ ਵਿਅਕਤੀ ਦੇ ਚਿਹਰੇ ਤੇ ਵਾਰ ਕਰਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਭਰਾ ਦਾ ਹਾਲ ਪੁੱਛਣ ਉਸਦੇ ਘਰ ਆਏ ਜਿਉਣੇ ਨੇ ਜਦ ਘਰ ਦਾ ਮੁੱਖ ਦਰਵਾਜ਼ਾ ਬੰਦ ਦੇਖਿਆ ਤਾਂ ਉਹ ਕੰਧ ਟੱਪ ਕੇ ਅੰਦਰ ਦਾਖ਼ਲ ਹੋ ਗਿਆ। ਕਮਰੇ ਦੇ ਹਾਲਾਤ ਦੇਖ ਕੇ ਜੀਉਣੇ ਦੇ ਹੋਸ਼ ਉੱਡ ਗਏ। ਕਮਰੇ ਵਿੱਚ ਬਿਸਤਰੇ ’ਤੇ ਭਰਾ ਦੀ ਲਾਸ਼ ਪਈ ਮਿਲੀ। ਜਿਉਣੇ ਦੇ ਮੁਤਾਬਕ ਕਮਰੇ ਚੋਂ ਬਹੁਤ ਜ਼ਿਆਦਾ ਬਦਬੂ ਆ ਰਹੀ ਸੀ ਅਤੇ ਮ੍ਰਿਤਕ ਦੇ ਚਿਹਰੇ ’ਤੇ ਸੱਟਾਂ ਦੇ ਨਿਸ਼ਾਨ ਸਨ। ਮੁੱਢਲੇ ਹਾਲਾਤ ਦੇ ਆਧਾਰ ’ਤੇ ਮੌਤ ਕਈ ਦਿਨ ਪਹਿਲਾਂ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
ਇਸ ਮਾਮਲੇ ਵਿੱਚ ਥਾਣਾ ਹੈਬੋਵਾਲ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਕਤਲ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਪਿਛਲੇ ਕਰੀਬ ਸੱਤ ਸਾਲਾਂ ਤੋਂ ਇੱਕ ਮਹਿਲਾ ਨਾਲ ਵਿਆਹ ਤੋਂ ਬਿਨਾਂ ਇਕੱਠੇ ਰਹਿਣ ਅਤੇ ਪਿਛਲੇ ਇੱਕ ਸਾਲ ਤੋਂ ਦੋਵਾਂ ਵਿਚਾਲੇ ਅਣਬਣ ਕਾਰਨ ਵੱਖ-ਵੱਖ ਰਹਿਣ ਦੀ ਗੱਲ ਵੀ ਸਾਹਮਣੇ ਆਈ ਹੈ। ਪੁਲਿਸ ਇਸ ਪਹਿਲੂ ਸਮੇਤ ਹੋਰ ਸੰਭਾਵਨਾਵਾਂ ਦੀ ਜਾਂਚ ਕਰ ਰਹੀ ਹੈ। ਫਿਰੋਜ਼ਪੁਰ ਦੇ ਵਾਸੀ ਮ੍ਰਿਤਕ ਦੀ ਪਛਾਣ ਰਾਜਿੰਦਰ ਉਰਫ਼ ਰਮੇਸ਼ ਕੁਮਾਰ ਵਜੋਂ ਹੋਈ ਹੈ। ਉਹ ਲੁਧਿਆਣਾ ਵਿੱਚ ਦੁੱਧ ਦੀ ਸਪਲਾਈ ਦਾ ਕੰਮ ਕਰਦਾ ਸੀ। ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਫਿਰੋਜ਼ਪੁਰ ਦੇ ਰਹਿਣ ਵਾਲੇ ਜਿਉਣੇ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਉਹ ਆਪਣੇ ਭਰਾ ਰਜਿੰਦਰ ਨੂੰ ਮਿਲਿਆ ਨਹੀਂ ਸੀ। ਉਹ ਆਪਣੇ ਭਰਾ ਦਾ ਹਾਲ-ਚਾਲ ਜਾਣਨ ਲਈ ਸਰਸਵਤੀ ਇਨਕਲੇਵ ਸਥਿਤ ਉਸ ਦੇ ਘਰ ਪਹੁੰਚਿਆ ਸੀ। ਕਾਫੀ ਸਮੇਂ ਤੱਕ ਦਰਵਾਜ਼ਾ ਖੜਕਾਉਣ ਤੋਂ ਬਾਅਦ ਜਦ ਕੋਈ ਘਰ ਚੋਂ ਬਾਹਰ ਨਹੀਂ ਨਿਕਲਿਆ ਤਾਂ ਜਿਉਣੇ ਨੂੰ ਸ਼ੱਕ ਹੋਇਆ ਅਤੇ ਉਹ ਕੰਧ ਟੱਪ ਕੇ ਘਰ ਅੰਦਰ ਦਾਖ਼ਲ ਹੋ ਗਿਆ। ਕਮਰੇ ਅੰਦਰ ਝਾਤੀ ਮਾਰਨ ਤੇ ਉਸਦੇ ਹੋਸ਼ ਉੱਡ ਗਏ। ਉਸ ਨੇ ਆਪਣੇ ਭਰਾ ਨੂੰ ਕਮਰੇ ਵਿੱਚ ਬਿਸਤਰੇ ’ਤੇ ਮ੍ਰਿਤਕ ਹਾਲਤ ਵਿੱਚ ਪਿਆ ਦੇਖਿਆ।
ਜਿਊਣਾ ਅਨੁਸਾਰ ਰਾਜਿੰਦਰ ਦੇ ਚਿਹਰੇ ’ਤੇ ਸੱਟਾਂ ਦੇ ਨਿਸ਼ਾਨ ਸਨ ਅਤੇ ਲਾਸ਼ ਵਿੱਚੋਂ ਕਾਫ਼ੀ ਬਦਬੂ ਆ ਰਹੀ ਸੀ। ਉਸ ਨੇ ਖ਼ਦਸ਼ਾ ਪ੍ਰਗਟਾਇਆ ਕਿ ਕਿਸੇ ਅਣਪਛਾਤੇ ਵਿਅਕਤੀ ਜਾਂ ਵਿਅਕਤੀਆਂ ਨੇ ਉਸ ਦੇ ਭਰਾ ਦੇ ਚਿਹਰੇ ’ਤੇ ਸੱਟਾਂ ਮਾਰ ਕੇ ਉਸ ਦਾ ਕਤਲ ਕੀਤਾ ਹੈ। ਲਾਸ਼ ਦੀ ਹਾਲਤ ਨੂੰ ਦੇਖਦਿਆਂ ਉਸ ਨੇ ਮੌਤ ਕਈ ਦਿਨ ਪਹਿਲਾਂ ਹੋਣ ਦਾ ਵੀ ਖ਼ਦਸ਼ਾ ਜਤਾਇਆ। ਹਾਲਾਂਕਿ, ਮੌਤ ਦਾ ਅਸਲ ਸਮਾਂ ਅਤੇ ਕਾਰਨ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋ ਸਕਣਗੇ।
ਸੱਤ ਸਾਲ ਤੱਕ ਰਿਹਾ ਸੀ ਲਿਵ ਇਨ ਰਿਲੇਸ਼ਨ 'ਚ ਪੁਲਿਸ ਨੂੰ ਮਿਲੀ ਜਾਣਕਾਰੀ ਅਨੁਸਾਰ, ਰਾਜਿੰਦਰ ਕਰੀਬ ਸੱਤ ਸਾਲਾਂ ਤੋਂ ਗੁਰਮੀਤ ਕੌਰ ਨਾਂ ਦੀ ਮਹਿਲਾ ਨਾਲ ਵਿਆਹ ਤੋਂ ਬਿਨਾਂ ਇਕੱਠੇ ਰਹਿ ਰਿਹਾ ਸੀ। ਗੁਰਮੀਤ ਕੌਰ ਵੀ ਪਿੱਛੋਂ ਫ਼ਿਰੋਜ਼ਪੁਰ ਦੀ ਰਹਿਣ ਵਾਲੀ ਹੈ ਅਤੇ ਉਸ ਦਾ ਪੁੱਤਰ ਅਰਸ਼ਦੀਪ ਵਿਦੇਸ਼ ਵਿੱਚ ਰਹਿੰਦਾ ਹੈ। ਦੋਵਾਂ ਵਿਚਾਲੇ ਕਰੀਬ ਇੱਕ ਸਾਲ ਤੋਂ ਅਣਬਣ ਚੱਲ ਰਹੀ ਸੀ, ਜਿਸ ਕਾਰਨ ਉਹ ਵੱਖ-ਵੱਖ ਰਹਿ ਰਹੇ ਸਨ। ਜਾਂਚ ਦੇ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਰਜਿੰਦਰ ਸਾਲ 2019 ਤੋਂ ਲੁਧਿਆਣਾ ਵਿੱਚ ਰਹਿ ਰਿਹਾ ਸੀ।
ਦੋਵਾਂ ਵਿਚਾਲੇ ਚੱਲ ਰਹੀ ਅਣਬਣ ਨੂੰ ਜਾਂਚ ਦਾ ਇੱਕ ਅਹਿਮ ਪਹਿਲੂ ਮੰਨਿਆ ਜਾ ਰਿਹਾ ਹੈ। ਹਾਲਾਂਕਿ, ਮੌਜੂਦਾ ਸਮੇਂ ਵਿੱਚ ਕਿਸੇ ਵੀ ਵਿਅਕਤੀ ਦੀ ਕਤਲ ਵਿੱਚ ਸ਼ਮੂਲੀਅਤ ਦੀ ਪੁਸ਼ਟੀ ਨਹੀਂ ਹੋਈ ਹੈ ਅਤੇ ਨਾ ਹੀ ਪੁਲਿਸ ਵੱਲੋਂ ਕਿਸੇ ਮੁਲਜ਼ਮ ਦੀ ਪਛਾਣ ਜਾਂ ਗ੍ਰਿਫ਼ਤਾਰੀ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕੀਤੀ। ਘਟਨਾ ਸਥਾਨ ਤੋਂ ਸਬੂਤ ਇਕੱਠੇ ਕਰਨ ਲਈ ਫੋਰੈਂਸਿਕ ਮਾਹਿਰਾਂ ਦੀ ਵੀ ਮਦਦ ਲਈ ਗਈ। ਥਾਣਾ ਹੈਬੋਵਾਲ ਦੀ ਪੁਲਿਸ ਨੇ ਜਿਊਣਾ ਦੇ ਬਿਆਨਾਂ ਦੇ ਆਧਾਰ ’ਤੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 103(1) ਤਹਿਤ ਅਣਪਛਾਤੇ ਵਿਅਕਤੀਆਂ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਹੈ।
ਪੁਲਿਸ ਹੁਣ ਮੌਤ ਦੇ ਅਸਲ ਕਾਰਨਾਂ, ਵਾਰਦਾਤ ਦੇ ਸੰਭਾਵਿਤ ਸਮੇਂ ਅਤੇ ਇਸ ਘਟਨਾ ਪਿੱਛੇ ਕਿਸੇ ਰੰਜਿਸ਼ ਜਾਂ ਹੋਰ ਕਾਰਨ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਦੇ ਸਰੀਰ ’ਤੇ ਮਿਲੀਆਂ ਸੱਟਾਂ, ਲਾਸ਼ ਦੀ ਹਾਲਤ ਅਤੇ ਉਸ ਦੇ ਨਿੱਜੀ ਸਬੰਧਾਂ ਨਾਲ ਜੁੜੇ ਪਹਿਲੂਆਂ ਦੀ ਜਾਂਚ ਤੋਂ ਬਾਅਦ ਹੀ ਮਾਮਲੇ ਦੀ ਅਸਲ ਤਸਵੀਰ ਸਾਹਮਣੇ ਆ ਸਕੇਗੀ।