ਖੌਫ਼ਨਾਕ ਵਾਰਦਾਤ: ਫੋਨ ਕਰਕੇ ਘਰੋਂ ਬੁਲਾਇਆ, ਬੇਰਹਿਮੀ ਨਾਲ ਕਤਲ ਕਰਕੇ ਖਾਲੀ ਪਲਾਟ 'ਚ ਸੁੱਟੀ ਲਾਸ਼; ਬਾਂਹ 'ਤੇ ਬਣੇ ਟੈਟੂ ਨੇ ਖੋਲ੍ਹਿਆ ਭੇਤ
ਅਗਲੇ ਦਿਨ ਦੇਰ ਸ਼ਾਮ ਉਸਦੀ ਹੱਤਿਆ ਕਰਕੇ ਲਾਸ਼ ਖਾਲੀ ਪਲਾਟ ’ਚ ਸੁੱਟੇ ਜਾਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਪਰਿਵਾਰ ਵਿੱਚ ਸੋਗ ਛਾ ਗਿਆ। ਪਰਿਵਾਰ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਰੁਲਦੂ ਸਿੰਘ ਛੱਤਾਂ ’ਤੇ ਲੈਂਟਰ ਪਾਉਣ ਦਾ ਕੰਮ ਕਰਦਾ ਸੀ। ਉਸ ਦੀਆਂ ਦੋ ਜਵਾਨ ਬੇਟੀਆਂ ਹਨ ਅਤੇ ਕਈ ਸਾਲ ਪਹਿਲਾਂ ਉਸਦਾ ਪਤਨੀ ਨਾਲ ਤਲਾਕ ਹੋ ਚੁੱਕਾ ਸੀ। ਰੁਲਦੂ ਆਪਣੇ ਭਰਾ ਕਾਕਾ ਸਿੰਘ ਨਾਲ ਪਿੰਡ ਸੀਲੋ ਕਲਾਂ ਵਿੱਚ ਰਹਿੰਦਾ ਸੀ।
Publish Date: Sat, 12 Sep 2026 01:36 PM (IST)
Updated Date: Sat, 12 Sep 2026 01:39 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਖਾਨਪੁਰ ਨਹਿਰ ਪਟੜੀ ਨੇੜੇ ਪਿੰਡ ਪੱਦੀ ਕੋਲ ਇੱਕ 40 ਸਾਲਾ ਵਿਅਕਤੀ ਦੀ ਬੇਰਹਿਮੀ ਨਾਲ ਹੱਤਿਆ ਕਰਕੇ ਉਸਦੀ ਲਾਸ਼ ਖਾਲੀ ਪਲਾਟ ’ਚ ਸੁੱਟ ਦਿੱਤੀ ਗਈ। ਮ੍ਰਿਤਕ ਦੀ ਪਛਾਣ ਪਿੰਡ ਸੀਲੋ ਕਲਾਂ ਵਾਸੀ ਰੁਲਦੂ ਸਿੰਘ ਵਜੋਂ ਹੋਈ ਹੈ। ਪਰਿਵਾਰ ਦਾ ਕਹਿਣਾ ਹੈ ਕਿ ਰੁਲਦੂ ਸਿੰਘ ਨੂੰ ਕੋਈ ਵਿਅਕਤੀ ਵਾਰ-ਵਾਰ ਫੋਨ ਕਰਕੇ ਘਰੋਂ ਬੁਲਾ ਰਿਹਾ ਸੀ ਅਤੇ ਦੁਪਹਿਰ ਕਰੀਬ 12 ਵਜੇ ਉਹ ਘਰੋਂ ਨਿਕਲਣ ਤੋਂ ਬਾਅਦ ਵਾਪਸ ਨਹੀਂ ਪਰਤਿਆ।
ਅਗਲੇ ਦਿਨ ਦੇਰ ਸ਼ਾਮ ਉਸਦੀ ਹੱਤਿਆ ਕਰਕੇ ਲਾਸ਼ ਖਾਲੀ ਪਲਾਟ ’ਚ ਸੁੱਟੇ ਜਾਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਪਰਿਵਾਰ ਵਿੱਚ ਸੋਗ ਛਾ ਗਿਆ। ਪਰਿਵਾਰ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਰੁਲਦੂ ਸਿੰਘ ਛੱਤਾਂ ’ਤੇ ਲੈਂਟਰ ਪਾਉਣ ਦਾ ਕੰਮ ਕਰਦਾ ਸੀ। ਉਸ ਦੀਆਂ ਦੋ ਜਵਾਨ ਬੇਟੀਆਂ ਹਨ ਅਤੇ ਕਈ ਸਾਲ ਪਹਿਲਾਂ ਉਸਦਾ ਪਤਨੀ ਨਾਲ ਤਲਾਕ ਹੋ ਚੁੱਕਾ ਸੀ। ਰੁਲਦੂ ਆਪਣੇ ਭਰਾ ਕਾਕਾ ਸਿੰਘ ਨਾਲ ਪਿੰਡ ਸੀਲੋ ਕਲਾਂ ਵਿੱਚ ਰਹਿੰਦਾ ਸੀ।
ਪਰਿਵਾਰਕ ਮੈਂਬਰਾਂ ਅਨੁਸਾਰ 10 ਸਤੰਬਰ ਨੂੰ ਦੁਪਹਿਰ ਕਰੀਬ 12 ਵਜੇ ਰੁਲਦੂ ਸਿੰਘ ਇਹ ਕਹਿ ਕੇ ਘਰੋਂ ਨਿਕਲਿਆ ਸੀ ਕਿ ਉਹ ਥੋੜ੍ਹੀ ਦੇਰ ਬਾਅਦ ਵਾਪਸ ਆ ਜਾਵੇਗਾ ਪਰ ਉਹ ਦੇਰ ਸ਼ਾਮ ਤੱਕ ਘਰ ਨਹੀਂ ਪਰਤਿਆ। ਪਰਿਵਾਰ ਨੇ ਸਾਰੀ ਰਾਤ ਰੁਲਦੂ ਸਿੰਘ ਦੀ ਤਲਾਸ਼ ਕੀਤੀ ਪਰ ਉਸ ਸਬੰਧੀ ਕੋਈ ਜਾਣਕਾਰੀ ਨਾ ਮਿਲ ਸਕੀ।
11 ਸਤੰਬਰ ਨੂੰ ਵੀ ਰੁਲਦੂ ਦਾ ਪਰਿਵਾਰ ਉਸ ਦੀ ਤਲਾਸ਼ ਕਰ ਰਿਹਾ ਸੀ ਤਾਂ ਖਾਨਪੁਰ ਨਹਿਰ ਪਟੜੀ ਨੇੜੇ ਪਿੰਡ ਪੱਦੀ ਕੋਲ ਖਾਲੀ ਪਲਾਟ ’ਚ ਉਸਦੀ ਲਾਸ਼ ਪਈ ਹੋਣ ਦੀ ਸੂਚਨਾ ਮਿਲੀ।
ਪਰਿਵਾਰ ਦਾ ਦੋਸ਼ ਹੈ ਕਿ ਰੁਲਦੂ ਸਿੰਘ ਦੇ ਸਿਰ ’ਤੇ ਤੇਜ਼ਧਾਰ ਹਥਿਆਰ ਨਾਲ ਤਾਬੜਤੋੜ ਵਾਰ ਕੀਤੇ ਗਏ ਸਨ। ਜਖਮ ਇੰਨੇ ਗੰਭੀਰ ਸਨ ਕਿ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਹਮਲਾਵਰ ਉਸਦੀ ਲਾਸ਼ ਨੂੰ ਖਾਲੀ ਪਲਾਟ ਵਿੱਚ ਸੁੱਟ ਕੇ ਫਰਾਰ ਹੋ ਗਏ।
ਵਾਰ-ਵਾਰ ਆ ਰਹੇ ਫੋਨ ਬਣੇ ਜਾਂਚ ਦਾ ਅਹਿਮ ਨੁਕਤਾ
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰੁਲਦੂ ਨੂੰ ਕੋਈ ਵਿਅਕਤੀ ਵਾਰ-ਵਾਰ ਫੋਨ ਕਰਕੇ ਬੁਲਾ ਰਿਹਾ ਸੀ। ਇਸ ਲਈ ਹੁਣ ਇਹ ਪਤਾ ਲਗਾਉਣਾ ਪੁਲਿਸ ਲਈ ਅਹਿਮ ਹੋਵੇਗਾ ਕਿ ਰੁਲਦੂ ਨੂੰ ਆਖਰੀ ਵਾਰ ਕਿਸ ਨੇ ਫੋਨ ਕੀਤਾ ਅਤੇ ਘਰੋਂ ਨਿਕਲਣ ਤੋਂ ਬਾਅਦ ਉਹ ਕਿਸ ਵਿਅਕਤੀ ਨੂੰ ਮਿਲਿਆ ਸੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਦੌਰਾਨ ਇਸ ਪੱਖ ਨੂੰ ਵੀ ਖੰਗਾਲਿਆ ਜਾ ਰਿਹਾ ਹੈ।
ਬਾਂਹ ’ਤੇ ਬਣਿਆ ਟੈਟੂ ਬਣਿਆ ਪਛਾਣ ਦਾ ਸਹਾਰਾ
ਪਰਿਵਾਰ ਅਨੁਸਾਰ ਕੁਝ ਦਿਨ ਪਹਿਲਾਂ ਹੀ ਰੁਲਦੂ ਨੇ ਆਪਣੀ ਸੱਜੀ ਬਾਂਹ ’ਤੇ ਟੈਟੂ ਬਣਵਾਇਆ ਸੀ। ਇਸ ਟੈਟੂ ਬਾਰੇ ਉਸਦੇ ਜਾਣਕਾਰਾਂ ਨੂੰ ਪਤਾ ਸੀ। ਪਰਿਵਾਰ ਮੁਤਾਬਕ ਰਾਹਗੀਰ ਵੱਲੋਂ ਉਸਦੀ ਬਾਂਹ ’ਤੇ ਬਣੇ ਟੈਟੂ ਨੂੰ ਦੇਖ ਕੇ ਉਸਦੀ ਪਛਾਣ ਕੀਤੀ ਗਈ ਅਤੇ ਪਰਿਵਾਰ ਨੂੰ ਸੂਚਨਾ ਦਿੱਤੀ ਗਈ।
ਰੁਲਦੂ ਸਿੰਘ ਦੇ ਭਰਾ ਕਾਕਾ ਸਿੰਘ ਦੀ ਸ਼ਿਕਾਇਤ ’ਤੇ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮੁਕਦਮਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਹੱਤਿਆ ਦੇ ਕਾਰਨ ਅਤੇ ਹਮਲਾਵਰਾਂ ਦੀ ਪਛਾਣ ਲਈ ਜਾਂਚ ਕੀਤੀ ਜਾ ਰਹੀ ਹੈ। ਰੁਲਦੂ ਨੂੰ ਘਰੋਂ ਬੁਲਾਉਣ ਵਾਲੇ ਵਿਅਕਤੀ ਤੋਂ ਲੈ ਕੇ ਉਸਦੀ ਹੱਤਿਆ ਅਤੇ ਲਾਸ਼ ਨੂੰ ਖਾਲੀ ਪਲਾਟ ਵਿੱਚ ਸੁੱਟਣ ਤੱਕ ਦੀ ਪੂਰੀ ਕੜੀ ਜੋੜਨ ਲਈ ਪੁਲਿਸ ਵੱਲੋਂ ਵੱਖ-ਵੱਖ ਪੱਖਾਂ ਤੋਂ ਜਾਂਚ ਕੀਤੀ ਜਾ ਰਹੀ ਹੈ।