ਖ਼ਾਕੀ ਵਰਦੀ ਦੇ ਨਾਂ 'ਤੇ ਗੁੰਡਾਗਰਦੀ: ਖ਼ੁਦ ਨੂੰ ਪੁਲਿਸ ਵਾਲੇ ਦੱਸ ਕੇ ਨੌਜਵਾਨ ਕੀਤਾ ਅਗਵਾ, 'ਚਿੱਟੇ' ਦਾ ਡਰਾਵਾ ਦੇ ਕੇ ਮੰਗੀ ਫਿਰੌਤੀ ਖੁਦ ਨੂੰ ਪੁਲਿਸ ਮੁਲਾਜ਼ਮ ਦੱਸਣ ਵਾਲੇ ਕੁਝ ਵਿਅਕਤੀਆਂ ਨੇ ਬਿਹਾਰੀ ਕਲੋਨੀ ਦੇ ਨੌਜਵਾਨ ਨੂੰ ਬਲੈਰੋ ਕਾਰ ਵਿੱਚ ਅਗਵਾ ਕਰ ਲਿਆ। ਮੁਲਜਮਾਂ ਨੇ ਫੋਨ ਕਰਕੇ ਪਰਿਵਾਰ ਨੂੰ ਇਹ ਆਖਿਆ ਕਿ ਲੜਕੇ ਕੋਲੋਂ ਚਿੱਟਾ ਮਿਲਿਆ ਹੈ ਅਤੇ ਨੌਜਵਾਨ ਨੂੰ ਛੱਡਣ ਦੇ ਬਦਲੇ ਉਹਨਾਂ ਨੂੰ 50 ਹਜਾਰ ਰੁਪਏ ਦੇਣੇ ਪੈਣਗੇ। ਮਿਨਤਾਂ ਤਰਲੇ ਕਰਕੇ ਪਰਿਵਾਰ ਨੇ 30 ਹਜਾਰ ਰੁਪਏ ਦੇਣ ਦੀ ਗੱਲ ਕਹੀ। ਇਹ ਸਾਰੀ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਵੀ ਮਿਲ ਚੁੱਕੀ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਅਤੇ ਮੁਲਜ਼ਮਾਂ ਨੂੰ ਰਾਊਂਡ ਅਪ ਕਰ ਲਿਆ
Publish Date: Thu, 24 Sep 2026 11:55 AM (IST)
Updated Date: Thu, 24 Sep 2026 11:56 AM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ - ਖੁਦ ਨੂੰ ਪੁਲਿਸ ਮੁਲਾਜ਼ਮ ਦੱਸਣ ਵਾਲੇ ਕੁਝ ਵਿਅਕਤੀਆਂ ਨੇ ਬਿਹਾਰੀ ਕਲੋਨੀ ਦੇ ਨੌਜਵਾਨ ਨੂੰ ਬਲੈਰੋ ਕਾਰ ਵਿੱਚ ਅਗਵਾ ਕਰ ਲਿਆ। ਮੁਲਜਮਾਂ ਨੇ ਫੋਨ ਕਰਕੇ ਪਰਿਵਾਰ ਨੂੰ ਇਹ ਆਖਿਆ ਕਿ ਲੜਕੇ ਕੋਲੋਂ ਚਿੱਟਾ ਮਿਲਿਆ ਹੈ ਅਤੇ ਨੌਜਵਾਨ ਨੂੰ ਛੱਡਣ ਦੇ ਬਦਲੇ ਉਹਨਾਂ ਨੂੰ 50 ਹਜਾਰ ਰੁਪਏ ਦੇਣੇ ਪੈਣਗੇ। ਮਿਨਤਾਂ ਤਰਲੇ ਕਰਕੇ ਪਰਿਵਾਰ ਨੇ 30 ਹਜਾਰ ਰੁਪਏ ਦੇਣ ਦੀ ਗੱਲ ਕਹੀ। ਇਹ ਸਾਰੀ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਵੀ ਮਿਲ ਚੁੱਕੀ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਅਤੇ ਮੁਲਜ਼ਮਾਂ ਨੂੰ ਰਾਊਂਡ ਅਪ ਕਰ ਲਿਆ।
ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਬਿਹਾਰੀ ਕਲੋਨੀ ਤਾਜਪੁਰ ਰੋਡ ਨੇੜੇ ਵਾਪਰੀ ਇਸ ਘਟਨਾ ਸਬੰਧੀ ਲਲਿਤਾ ਵਾਸੀ ਬਿਹਾਰੀ ਕਲੋਨੀ, ਵਿੱਚ ਦੀ ਸ਼ਿਕਾਇਤ ’ਤੇ ਮੁੰਡੀਆਂ ਕਲਾਂ ਦੇ ਵਾਸੀ ਰਣਵੀਰ ਪੁੱਤਰ ਰਮੇਸ਼ ਪਾਸਵਾਨ , ਹਰੀ ਇਨਕਲੇਬ ਦੇ ਰਹਿਣ ਵਾਲੇ ਪਰਮਜੀਤ ਸਿੰਘ , ਪਰਮਜੀਤ ਨਗਰ ਮੁੰਡੀਆਂ ਖੁਰਦ ਦੇ ਵਾਸੀ ਕਰਮ ਅਲੀ ,ਕੁਲਵਿੰਦਰ ਰਿਸ਼ੀ ਨਗਰ ਦੇ ਵਾਸੀ ਅਤੇ ਰਾਮਿੰਦਰਜੀਤ ਸਿੰਘ ਖ਼ਿਲਾਫ਼ ਮੁਕਦਮਾ ਦਰਜ ਕੀਤਾ ਹੈ।
ਸ਼ਿਕਾਇਤ ਮੁਤਾਬਕ ਮੁਲਜ਼ਮ ਮਹਿੰਦਰਾ ਬੋਲੇਰੋ ਕਾਰ ਅਤੇ ਸਵਿਫਟ ਕਾਰ ’ਤੇ ਸਵਾਰ ਹੋ ਕੇ ਆਏ ਸਨ। ਉਨ੍ਹਾਂ ਨੇ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸਿਆ ਅਤੇ ਲਲਿਤਾ ਦੇ 27 ਸਾਲਾ ਪੁੱਤਰ ਧੀਰਜ ਸਾਹਨੀ ਨੂੰ ਜ਼ਬਰਦਸਤੀ ਬੋਲੇਰੋ ਕਾਰ ਵਿੱਚ ਬਿਠਾ ਲਿਆ। ਔਰਤ ਨੇ ਦੱਸਿਆ ਕਿ ਮੁਲਜਮਾਂ ਨੇ ਧੀਰੇ ਦੀ ਪੂਰੀ ਤਰ੍ਹਾਂ ਕੁੱਟਮਾਰ ਕੀਤੀ।
ਮੁਲਜ਼ਮਾਂ ਨੇ ਨੌਜਵਾਨ ਨੂੰ ਨਾਜਾਇਜ਼ ਹਿਰਾਸਤ ਵਿੱਚ ਲੈਣ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਫੋਨ ਕਰਕੇ ਕਿਹਾ ਕਿ ਨੌਜਵਾਨ ਕੋਲੋਂ ਚਿੱਟਾ ਬਰਾਮਦ ਹੋਇਆ ਹੈ ਅਤੇ ਉਸ ਨੂੰ ਛੱਡਣ ਲਈ 50 ਹਜ਼ਾਰ ਰੁਪਏ ਦੇਣੇ ਪੈਣਗੇ। ਬਾਅਦ ਵਿੱਚ ਕਥਿਤ ਤੌਰ ’ਤੇ 30 ਹਜ਼ਾਰ ਰੁਪਏ ਵਿੱਚ ਮਾਮਲਾ ਨਿਬੇੜਨ ਦੀ ਗੱਲ ਹੋਈ।
ਮਾਮਲੇ ਦੀ ਜਾਂਚ ਕਰ ਰਹੇ ਜਾਂਚ ਅਧਿਕਾਰੀ ਰਣਧੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਘਟਨਾ ਸਬੰਧੀ ਸੂਚਨਾ ਮਿਲ ਗਈ ਸੀ, ਜਿਸ ਤੋਂ ਬਾਅਦ ਕਾਰਵਾਈ ਕਰਦਿਆਂ ਮੁਲਜ਼ਮਾਂ ਨੂੰ ਰਾਊਂਡਅਪ ਕਰਕੇ ਹਿਰਾਸਤ ਵਿੱਚ ਲਿਆ ਗਿਆ। ਪੁਲਿਸ ਵੱਲੋਂ ਬੋਲੇਰੋ ਅਤੇ ਸਵਿਫਟ ਕਾਰਾਂ ਨੂੰ ਵੀ ਕਬਜ਼ੇ ਵਿੱਚ ਲੈ ਲਿਆ ਗਿਆ ਹੈ।
ਜਾਂਚ ਅਧਿਕਾਰੀ ਮੁਤਾਬਕ ਪੁਲਿਸ ਨੇ ਗ੍ਰਿਫਤਾਰ ਕੀਤੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਦਾ ਪੁੱਛਗਿੱਛ ਲਈ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਲ ਹੋਇਆ ਹੈ। ਮੁੱਢਲੀ ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮੁਲਜ਼ਮਾਂ ਦਾ ਸ਼ਿਕਾਇਤਕਰਤਾ ਨਾਲ ਪਹਿਲਾਂ ਤੋਂ ਕੋਈ ਰੰਜਿਸ਼ ਚੱਲ ਰਹੀ ਹੈ। ਪੁਲਿਸ ਵੱਲੋਂ ਇਸ ਪੱਖ ਸਮੇਤ ਪੂਰੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਨੇ ਕਿਡਨੈਪਿੰਗ , ਫਿਰੌਤੀ ਮਾਂਗਣ ਅਤੇ ਹੋਰ ਸੰਗੀਨ ਧਾਰਾਵਾਂ ਤਹਿਤ ਮੁਕਦਮਾ ਦਰਜ ਕਰਕੇ ਮੁਲਜਮਾਂ ਕੋਲੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।