ਲੁਧਿਆਣਾ 'ਚ ਗੁੰਡਾਗਰਦੀ : ਸ਼ਰਾਬ ਪੀਣ ਵੇਲੇ ਹੋਏ ਵਿਵਾਦ 'ਤੇ ਨੌਜਵਾਨ 'ਤੇ ਤਾਣੀ ਪਿਸਤੌਲ, ਸਿਰ 'ਚ ਵਾਰ ਕਰਕੇ ਕੀਤਾ ਜ਼ਖ਼ਮੀ
ਦਾਣਾ ਮੰਡੀ ਵਿੱਚ ਸੈਲੀਬ੍ਰੇਸ਼ਨ ਪਲਾਜ਼ਾ ਪੈਲੇਸ ਕੋਲ ਰੇਹੜੀ ’ਤੇ ਖੜ ਕੇ ਸ਼ਰਾਬ ਪੀ ਰਹੇ ਦੋ ਨੌਜਵਾਨਾਂ ਦੀ ਮਾਮੂਲੀ ਬਹਿਸ ਤੋਂ ਬਾਅਦ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ ਗਈ। ਇਨਾ ਹੀ ਨਹੀਂ ਹਮਲਾਵਰਾਂ ਨੇ ਇੱਕ ਲੜਕੇ ਉੱਪਰ ਪਿਸਤੌਲ ਤਾਨ ਦਿੱਤੀ
Publish Date: Tue, 29 Sep 2026 11:10 AM (IST)
Updated Date: Tue, 29 Sep 2026 11:16 AM (IST)
ਸੁਸ਼ੀਲ ਕੁਮਾਰ ਸ਼ਸ਼ੀ,ਪੰਜਾਬੀ ਜਾਗਰਣ, ਲੁਧਿਆਣਾ : ਦਾਣਾ ਮੰਡੀ ਵਿੱਚ ਸੈਲੀਬ੍ਰੇਸ਼ਨ ਪਲਾਜ਼ਾ ਪੈਲੇਸ ਕੋਲ ਰੇਹੜੀ ’ਤੇ ਖੜ ਕੇ ਸ਼ਰਾਬ ਪੀ ਰਹੇ ਦੋ ਨੌਜਵਾਨਾਂ ਦੀ ਮਾਮੂਲੀ ਬਹਿਸ ਤੋਂ ਬਾਅਦ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ ਗਈ। ਇਨਾ ਹੀ ਨਹੀਂ ਹਮਲਾਵਰਾਂ ਨੇ ਇੱਕ ਲੜਕੇ ਉੱਪਰ ਪਿਸਤੌਲ ਤਾਨ ਦਿੱਤੀ ਅਤੇ ਉਸਦੇ ਸਿਰ ਵਿੱਚ ਬੱਟ ਨਾਲ ਵਾਰ ਕੀਤਾ। ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਚੇਤ ਸਿੰਘ ਨਗਰ ਦੇ ਵਾਸੀ ਰਾਜਨ ਕੁਮਾਰ ਉਰਫ਼ ਮੰਗੂ ਦੀ ਸ਼ਿਕਾਇਤ ’ਤੇ ਸੈਂਡੀ ਅਤੇ ਮਨੀ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ।
ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਰਾਜਨ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਨੀਰਜ ਕੁਮਾਰ, ਜੱਗਾ ਅਤੇ ਬਿੱਲਾ ਨਾਲ ਦਾਣਾ ਮੰਡੀ ਨੇੜੇ ਸੈਲੀਬ੍ਰੇਸ਼ਨ ਪਲਾਜ਼ਾ ਪੈਲੇਸ ਕੋਲ ਰੇਹੜੀ ’ਤੇ ਬੈਠ ਕੇ ਪੈੱਗ ਲਗਾ ਰਿਹਾ ਸੀ। ਇਸ ਦੌਰਾਨ ਸੈਂਡੀ ਅਤੇ ਮਨੀ ਵੀ ਉੱਥੇ ਆ ਗਏ। ਦੋਵੇਂ ਬਿੱਲਾ ਨੂੰ ਮਿਲਣ ਲਈ ਆਏ ਸਨ।
ਸ਼ਿਕਾਇਤ ਮੁਤਾਬਕ, ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਸੈਂਡੀ ਅਤੇ ਮਨੀ ਦੀ ਰਾਜਨ ਕੁਮਾਰ ਤੇ ਉਸ ਦੇ ਸਾਥੀਆਂ ਨਾਲ ਬਹਿਸ ਹੋ ਗਈ। ਬਹਿਸ ਵਧਣ ਤੋਂ ਬਾਅਦ ਮਾਮਲਾ ਲੜਾਈ-ਝਗੜੇ ਤੱਕ ਪਹੁੰਚ ਗਿਆ। ਦੋਸ਼ ਹੈ ਕਿ ਸੈਂਡੀ ਨੇ ਆਪਣੀ ਡੱਬ ਵਿੱਚੋਂ ਪਿਸਤੌਲ ਕੱਢ ਕੇ ਰਾਜਨ ਕੁਮਾਰ ਵੱਲ ਤਾਣ ਦਿੱਤੀ ਅਤੇ ਉਸ ਨੂੰ ਗੋਲੀ ਮਾਰ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ।
ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਇਸ ਤੋਂ ਬਾਅਦ ਸੈਂਡੀ ਨੇ ਪਿਸਤੌਲ ਦੇ ਬੱਟ ਨਾਲ ਉਸ ਦੇ ਸਿਰ ’ਤੇ ਵਾਰ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ, ਜਦਕਿ ਮਨੀ ਨੇ ਵੀ ਉਸ ਦੀ ਕੁੱਟਮਾਰ ਕੀਤੀ। ਘਟਨਾ ਤੋਂ ਬਾਅਦ ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਬੀਐੱਨਐੱਸ ਦੀਆਂ ਧਾਰਾਵਾਂ 115(2), 126(2), 351(2), 109 ਅਤੇ ਅਸਲਾ ਐਕਟ ਦੀਆਂ ਧਾਰਾਵਾਂ 25, 54, 59 ਤਹਿਤ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।