ਲੁਧਿਆਣਾ 'ਚ ਗੁੰਡਾਗਰਦੀ : ਕਾਰ ਇੱਕ ਪਾਸੇ ਕਰਨ ਨੂੰ ਲੈ ਕੇ ਹੋਇਆ ਝਗੜਾ, ਹਮਲਾਵਰਾਂ ਨੇ ਨੌਜਵਾਨ ਨੂੰ ਬੁਰੀ ਤਰ੍ਹਾਂ ਕੁੱਟਿਆ, ਚੱਲੀਆਂ ਗੋਲੀਆਂ
ਕਾਰ ਨੂੰ ਇੱਕ ਪਾਸੇ ਕਰਨ ਦੀ ਗੱਲ ਨੂੰ ਲੈ ਕੇ ਪੈਦਾ ਹੋਏ ਝਗੜੇ ਨੇ ਉਸ ਵੇਲੇ ਭਿਆਨਕ ਰੂਪ ਧਾਰਨ ਕਰ ਲਿਆ ਜਦੋਂ ਹਮਲਾਵਰਾਂ ਨੇ ਪਿਸਤੌਲ ਨਾਲ ਹਵਾਈ ਫਾਇਰ ਕਰ ਦਿੱਤੇ। ਇੰਨ੍ਹਾਂ ਹੀ ਨਹੀਂ ਮੁਲਜ਼ਮਾਂ ਨੇ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।
Publish Date: Sat, 06 Jun 2026 03:03 PM (IST)
Updated Date: Sat, 06 Jun 2026 03:08 PM (IST)
ਸੁਸ਼ੀਲ ਕੁਮਾਰ ਸ਼ਸ਼ੀ,ਪੰਜਾਬੀ ਜਾਗਰਣ, ਲੁਧਿਆਣਾ : ਕਾਰ ਨੂੰ ਇੱਕ ਪਾਸੇ ਕਰਨ ਦੀ ਗੱਲ ਨੂੰ ਲੈ ਕੇ ਪੈਦਾ ਹੋਏ ਝਗੜੇ ਨੇ ਉਸ ਵੇਲੇ ਭਿਆਨਕ ਰੂਪ ਧਾਰਨ ਕਰ ਲਿਆ ਜਦੋਂ ਹਮਲਾਵਰਾਂ ਨੇ ਪਿਸਤੌਲ ਨਾਲ ਹਵਾਈ ਫਾਇਰ ਕਰ ਦਿੱਤੇ। ਇੰਨ੍ਹਾਂ ਹੀ ਨਹੀਂ ਮੁਲਜਮਾਂ ਨੇ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਮਾਮਲੇ ਸੰਬੰਧੀ ਥਾਣਾ ਪੀਏਯੂ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਰਾਜਾ ਗਾਰਡਨ ਹੰਬੜਾ ਰੋਡ ਦੇ ਰਹਿਣ ਵਾਲੇ ਧਰਮਿੰਦਰ ਸਿੰਘ ਨੇ ਦੱਸਿਆ ਉਹ ਕਾਰ ਵਿੱਚ ਸਵਾਰ ਹੋ ਕੇ ਆਪਣੀ ਗਲੀ 'ਚੋਂ ਲੰਘ ਰਿਹਾ ਸੀ। ਇਸੇ ਦੌਰਾਨ ਸੂਰਿਆ ਪ੍ਰਤਾਪ ਨੇ ਗਲੀ ਦੇ ਬਿਲਕੁਲ ਵਿਚਕਾਰ ਕਾਰ ਖੜੀ ਕੀਤੀ ਹੋਈ ਸੀ।
ਜਦੋਂ ਧਰਮਿੰਦਰ ਨੇ ਗੱਡੀ ਇੱਕ ਪਾਸੇ ਕਰਨ ਲਈ ਕਿਹਾ ਤਾਂ ਦੋਵਾਂ ਵਿਚਕਾਰ ਬਹਿਸ ਸ਼ੁਰੂ ਹੋ ਗਈ। ਦੇਖਦੇ ਹੀ ਦੇਖਦੇ ਮਾਮਲਾ ਗਾਲੀ-ਗਲੋਚ ਤੱਕ ਆ ਗਿਆ। ਸ਼ਿਕਾਇਤ ਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਮੁਲਜ਼ਮ ਨੇ ਆਪਣੇ ਸਾਥੀਆਂ ਨੂੰ ਮੌਕੇ 'ਤੇ ਸੱਦ ਲਿਆ ਅਤੇ ਸਾਰਿਆਂ ਨੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਦਹਿਸ਼ਤ ਫੈਲਾਉਣ ਲਈ ਉਨਾਂ ਨੇ ਪਿਸਤੌਲ ਨਾਲ ਦੋ ਹਵਾਈ ਫਾਇਰ ਕੀਤੇ। ਉਧਰੋਂ ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਰਾਮ ਨਰੇਸ਼ ਨੇ ਦੱਸਿਆ ਕਿ ਪੁਲਿਸ ਨੇ ਧਰਮਿੰਦਰ ਦੀ ਸ਼ਿਕਾਇਤ ਤੇ ਬੱਲੋਕੇ ਦੇ ਵਾਸੀ ਸੂਰਿਆ ਪ੍ਰਤਾਪ, ਅਮਿਤ ਗਰੇਵਾਲ ਪ੍ਰਤਾਪ ਸਿੰਘ ਵਾਲਾ ਦੇ ਰਹਿਣ ਵਾਲੇ ਇੰਦਰਜੀਤ ਬਰਾੜ ਅਤੇ ਚਾਰ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਦੇ ਮੁਤਾਬਕ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।