ਗੁ. ਤਪੋਬਣ ਢੱਕੀ ਸਾਹਿਬ ਮਕਸੂਦੜਾ ਵਿਖੇ ਮਨਾਈ ਮੱਸਿਆ ਗੁ: ਤਪੋਬਣ ਢੱਕੀ ਸਾਹਿਬ ਮਕਸੂਦੜਾ ਵਿਖੇ ਮੱਸਿਆ ਦਾ ਪਾਵਨ ਦਿਹਾੜਾ ਮਨਾਇਆ
Publish Date: Tue, 14 Jul 2026 07:18 PM (IST)
Updated Date: Wed, 15 Jul 2026 04:07 AM (IST)
ਬਲਵਿੰਦਰ ਸਿੰਘ ਮਹਿਮੀ, ਪੰਜਾਬੀ ਜਾਗਰਣ ਰਾੜਾ ਸਾਹਿਬ : ਕੁਦਰਤ ਦੇ ਸੁਹਾਵਣੇ ਹਰੇ-ਭਰੇ ਵਾਤਾਵਰਣ ਨਾਲ਼ ਭਰਪੂਰ ਪਵਿੱਤਰ ਅਸਥਾਨ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਵਿਖੇ ਮਹੀਨਾਵਾਰੀ ਮੱਸਿਆ ਦਾ ਪਾਵਨ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਅੰਮ੍ਰਿਤ ਵੇਲੇ ਆਰੰਭ ਕੀਤੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਗੁਰਮਤਿ ਸਮਾਗਮ ਕਰਵਾਏ ਗਏ, ਜਿਸ ਦੀ ਆਰੰਭਤਾ ਗੁਰੂ ਕੁਲ ਕੀਰਤਨ ਟਕਸਾਲ ਦੇ ਹੋਣਹਾਰ ਸਿਖਿਆਰਥੀਆਂ ਤੇ ਮਹਾਪੁਰਸ਼ਾਂ ਦੇ ਹਜ਼ੂਰੀ ਕੀਰਤਨੀ ਜਥੇ ਦੇ ਸਿੰਘਾਂ ਵਲੋਂ ਗੁਰਬਾਣੀ ਦੇ ਸ਼ਬਦ ਤੇ ਕਵਿਤਾਵਾਂ ਗਾਇਨ ਕਰਨ ਨਾਲ ਕੀਤੀ ਗਈ। ਉਪਰੰਤ ਬ੍ਰਹਿਮੰਡੀ ਅਵਸਥਾ ਦੇ ਮਾਲਕ ਰਾਜ ਰਿਸ਼ੀ ਸੰਤ ਬਾਬਾ ਦਰਸ਼ਨ ਸਿੰਘ ਨੇ ਸੰਗਤਾਂ ਨਾਲ ਪ੍ਰਵਚਨ ਸਾਂਝੇ ਕਰਦਿਆਂ ਕਿਹਾ ਕਿ ਜਿਵੇਂ ਗੁਰੂ ਦੀ ਕਿਰਪਾ ਨਾਲ ਪਿੰਗਲਾ ਮਨੁੱਖ ਵੀ ਪਹਾੜਾਂ ਤੋਂ ਪਾਰ ਲੰਘ ਜਾਂਦਾ ਹੈ, ਉਸੇ ਤਰ੍ਹਾਂ ਗੁਰੂ ਦੀ ਸੰਗਤ ਤੇ ਪ੍ਰਭੂ ਦੀ ਭਗਤੀ ਨਾਲ ਸਾਰੇ ਅਸੰਭਵ ਕਾਰਜ ਵੀ ਸੰਭਵ ਹੋ ਜਾਂਦੇ ਹਨ ਤੇ ਆਤਮਿਕ ਪੱਖੋਂ ਅੰਨ੍ਹੇ ਮਨੁੱਖਾਂ ਨੂੰ ਵੀ ਸਾਰੇ ਸੰਸਾਰ ਦੀ ਸੋਝੀ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਗੁਰੂ ਦੀ ਸੰਗਤ ’ਚ ਰਹਿ ਕੇ ਮਨ ਦੀ ਸਾਰੀ ਵਿਕਾਰਾਂ ਦੀ ਮੈਲ ਦੂਰ ਹੋ ਜਾਂਦੀ ਹੈ ,ਉੱਥੇ ਸਾਧੂਆਂ ਦੀ ਸੰਗਤ ਨਾਲ਼ ਮਨੁੱਖ ਦੇ ਪਾਪ ਦੂਰ ਹੋ ਜਾਂਦੇ ਹਨ, ਮਨ ਵਿਕਾਰਾਂ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ) ਤੋਂ ਮੁਕਤ ਹੋ ਕੇ ਸ਼ਾਂਤ ਹੋ ਜਾਂਦਾ ਹੈ ਤੇ ਮਨੁੱਖ ਨੂੰ ਅਧਿਆਤਮਿਕ ਸ਼ਾਂਤੀ, ਗਿਆਨ ਤੋਂ ਇਲਾਵਾ ਸੱਚੇ ਮਾਰਗ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਨਾਲ਼ ਮਨੁੱਖ ਦਾ ਜੀਵਨ ਸਫ਼ਲਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਦੇ ਦਰ ’ਤੇ ਜਿਹੜਾ ਸ਼ਰਧਾ ਰੱਖ ਕੇ ਆਉਂਦਾ ਹੈ ਸਤਿਗੁਰੂ ਜੀ ਉਨ੍ਹਾਂ ਦੁਖੀ ਲੋਕਾਂ ਨੂੰ ਸੁੱਖ ਪ੍ਰਦਾਨ ਕਰਦੇ ਹਨ ਤੇ ਉਨ੍ਹਾਂ ਦੀ ਕਿਰਪਾ ਨਾਲ ਪਾਪੀ ਵੀ ਭਗਤ ਬਣ ਕੇ ਆਪਣਾ ਜੀਵਨ ਬਦਲ ਲੈਂਦੇ ਹਨ। ਸਮਾਗਮ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰਨ ਆਏ ਸੰਤ ਬਾਬਾ ਹਰਦੀਪ ਸਿੰਘ ਜੀ ਰਾਜਾ ਸਾਂਸੀ ਅੰਮ੍ਰਿਤਸਰ, ਬਾਬਾ ਪਿਆਰਾ ਸਿੰਘ ਬਰੇਟਾ ਮਾਨਸਾ, ਦਾਬਾ ਜਗਸ਼ੀਰ ਸਿੰਘ ਖੱਤਰੀਵਾਲ, ਭਾਈ ਮਨਦੀਪ ਸਿੰਘ ਰਾਜਾ ਸਾਂਸੀ ਅੰਮ੍ਰਿਤਸਰ, ਭਾਈ ਜਗਜੀਤ ਸਿੰਘ ਜੀ, ਭਾਈ ਬਲਰਾਜ ਸਿੰਘ ਜੀ ਰਾਜਾ ਸਾਂਸੀ ਅੰਮ੍ਰਿਤਸਰ, ਸੰਤ ਰੇਨ ਬਾਬਾ ਲਖਵੀਰ ਸਿੰਘ ਆਦਿ ਸਖਸ਼ੀਅਤਾਂ ਦਾ ਸੰਤ ਬਾਬਾ ਦਰਸ਼ਨ ਸਿੰਘ ਜੀ ਵੱਲੋਂ ਸਨਮਾਨ ਕੀਤਾ ਗਿਆ। ਸਮਾਗਮ ’ਚ ਸ਼ਾਮਲ ਸਮੂਹ ਸ਼ਖ਼ਸੀਅਤਾਂ ਤੇ ਸਮੁੱਚੀ ਸੰਗਤ ਦਾ ਭਾਈ ਗੁਰਦੀਪ ਸਿੰਘ ਢੱਕੀ ਸਾਹਿਬ ਵਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਹਜ਼ੂਰੀ ਕੀਰਤਨੀ ਜਥੇ ਦੇ ਭਾਈ ਹਰਵੰਤ ਸਿੰਘ, ਭਾਈ ਕੁਲਵਿੰਦਰ ਸਿੰਘ, ਭਾਈ ਕੜਾਕਾ ਸਿੰਘ, ਭਾਈ ਰਣਵੀਰ ਸਿੰਘ, ਭਾਈ ਮਨਜੀਤ ਸਿੰਘ, ਭਾਈ ਕੁਲਵੰਤ ਸਿੰਘ ਜੀਤ ਸਿੰਘ ਮਕਸੂਦੜਾ, ਸਰਦਾਰ ਜਗਜੀਵਨ ਸਿੰਘ ਡੀਐੱਸਪੀ, ਭਾਈ ਗੁਰਬਚਨ ਸਿੰਘ ਸਿੰਘ ਸੰਗਰੂਰ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤਾਂ ਨੇ ਹਾਜ਼ਰੀ ਭਰੀ।