ਅਖਾੜਾ ਦੀਆਂ ਹਾਕੀ ਖਿਡਾਰਨਾਂ ਨੇ ਸੂਬਾ ਪੱਧਰੀ ਮੁਕਾਬਲੇ ’ਚ ਚਾਂਦੀ ਤਗਮਾ ਜਿੱਤਿਆ ਅਖਾੜਾ ਦੀਆਂ ਹਾਕੀ ਖਿਡਾਰਨਾਂ ਨੇ ਸੂਬਾ ਪੱਧਰੀ ਮੁਕਾਬਲੇ ’ਚ ਚਾਂਦੀ ਤਗਮਾ ਜਿੱਤਿਆ
Publish Date: Sat, 26 Sep 2026 06:49 PM (IST)
Updated Date: Sun, 27 Sep 2026 04:06 AM (IST)
-04 ਜਗਰਾਓਂ ਦੇ ਪਿੰਡ ਅਖਾੜਾ ਵਿਖੇ ਸੂਬਾ ਪੱਧਰੀ ਹਾਕੀ ਮੁਕਾਬਲੇ ਵਿਚ ਚਾਂਦੀ ਦਾ ਤਗਮਾ ਜਿੱਤਣ ਵਾਲੀਆਂ ਖਿਡਾਰਨਾਂ ਨਾਲ ਸਕੂਲ ਸਟਾਫ਼, ਕੋਚ ਅਤੇ ਹੋਰ। - ਪਿੰਡ ਪੁੱਜੀਆਂ ਧੀਆਂ ਦਾ ਕੀਤਾ ਗਿਆ ਸ਼ਾਨਦਾਰ ਸਵਾਗਤ ਸੰਜੀਵ ਗੁਪਤਾ, ਪੰਜਾਬੀ ਜਾਗਰਣ ਜਗਰਾਓਂ : ਨੇੜਲੇ ਪਿੰਡ ਅਖਾੜਾ ਦੇ ਸਰਕਾਰੀ ਸੈਕੰਡਰੀ ਸਕੂਲ ਦੀਆਂ ਹਾਕੀ ਖਿਡਾਰਨਾਂ ਨੇ ਇੱਕ ਵਾਰ ਫਿਰ ਸੂਬਾ ਪੱਧਰੀ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਰਾਹੀਂ ਚਾਂਦੀ ਦਾ ਤਗਮਾ ਜਿੱਤਿਆ। ਇਸ ਤੋਂ ਪਹਿਲਾਂ ਵੀ ਕਈ ਮੁਕਾਬਲੇ ਜਿੱਤ ਕੇ ਪਿੰਡ, ਇਲਾਕੇ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੀਆਂ ਇਨ੍ਹਾਂ ਧੀਆਂ ਦੇ ਪਿੰਡ ਪੁੱਜਣ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਸਰਕਾਰੀ ਸੈਕੰਡਰੀ ਸਕੂਲ ਪਿੰਡ ਅਖਾੜਾ ਦੀਆਂ ਹੋਣਹਾਰ ਹਾਕੀ ਖਿਡਾਰਨਾਂ ਨੇ ਪੰਜਾਬ ਸਰਕਾਰ ਦੀਆਂ 70ਵੀਆਂ ਸਕੂਲ ਖੇਡਾਂ ਵਿੱਚ ਜ਼ਿਲ੍ਹਾ ਲੁਧਿਆਣਾ ਦੀ ਨੁਮਾਇੰਦਗੀ ਕਰਦਿਆਂ ਅੰਡਰ-14 ਹਾਕੀ ਮੁਕਾਬਲੇ ਵਿੱਚ ਸੂਬੇ ਭਰ ’ਚੋਂ ਦੂਜਾ ਸਥਾਨ ਹਾਸਲ ਕਰਕੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ। ਜ਼ਿਲ੍ਹਾ ਲੁਧਿਆਣਾ ਦੀ ਟੀਮ ਵਿੱਚ ਅਖਾੜਾ ਸਕੂਲ ਦੀਆਂ ਸੱਤ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸੂਬਾ ਪੱਧਰੀ ਮੁਕਾਬਲਿਆਂ ਦੌਰਾਨ ਜ਼ਿਲ੍ਹਾ ਲੁਧਿਆਣਾ ਦੀ ਟੀਮ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਆਪਣੀ ਖੇਡ ਦਾ ਦਮ ਦਿਖਾਉਂਦਿਆਂ ਫਾਈਨਲ ਵਿੱਚ ਥਾਂ ਬਣਾਈ। ਫਾਈਨਲ ਮੁਕਾਬਲੇ ਵਿੱਚ ਹਾਕੀ ਅਕੈਡਮੀ ਬਠਿੰਡਾ ਦੀ ਟੀਮ ਤੋਂ ਪਛੜਨ ਕਾਰਨ ਲੁਧਿਆਣਾ ਦੀ ਟੀਮ ਨੂੰ ਦੂਜੇ ਸਥਾਨ ਨਾਲ ਸਬਰ ਕਰਨਾ ਪਿਆ। ਇਸ ਟੀਮ ਵਿੱਚ ਸਰਕਾਰੀ ਸਕੂਲ ਜਲਾਲਦੀਵਾਲ ਅਤੇ ਸਰਕਾਰੀ ਹਾਈ ਸਕੂਲ ਚਚਰਾੜੀ ਦੀਆਂ ਖਿਡਾਰਨਾਂ ਨੇ ਵੀ ਆਪਣੀ ਖੇਡ ਦੇ ਜੌਹਰ ਦਿਖਾਏ। ਸੂਬਾ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਜਦੋਂ ਅਖਾੜਾ ਦੀਆਂ ਖਿਡਾਰਨਾਂ ਪਿੰਡ ਪਰਤੀਆਂ ਤਾਂ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਦਾ ਢੋਲ ਦੇ ਡੱਗੇ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ। ਜਿੱਤ ਉਪਰੰਤ ਸਰਕਾਰੀ ਸੈਕੰਡਰੀ ਸਕੂਲ ਦੇ ਸਮੁੱਚੇ ਸਟਾਫ਼ ਅਤੇ ਵਿਦਿਆਰਥੀਆਂ ’ਚ ਵੀ ਖੁਸ਼ੀ ਦਾ ਮਾਹੌਲ ਬਣ ਗਿਆ। ਪ੍ਰਿੰਸੀਪਲ ਸਰਬਦੀਪ ਕੌਰ ਚੌਕੀਮਾਨ ਨੇ ਇਸ ਮਾਣਮੱਤੀ ਪ੍ਰਾਪਤੀ ’ਤੇ ਕੋਚ ਕੁਲਵਿੰਦਰ ਸਿੰਘ ਸਮਰਾ ਤੇ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਭਾਈ ਜਸਵੀਰ ਸਿੰਘ ਖਾਲਸਾ ਨੇ ਕਿਹਾ ਕਿ ਪਿੰਡ ਦੀਆਂ ਧੀਆਂ ਨੇ ਆਪਣੀ ਮਿਹਨਤ, ਲਗਨ ਅਤੇ ਖੇਡ ਪ੍ਰਤਿਭਾ ਦੇ ਦਮ ’ਤੇ ਸੂਬਾ ਪੱਧਰ ’ਤੇ ਮਾਣਮੱਤੀ ਪ੍ਰਾਪਤੀ ਕੀਤੀ ਹੈ। ਇਸ ਮੌਕੇ ਜਗਰੂਪ ਸਿੰਘ, ਬਲਵਿੰਦਰ ਕੌਰ, ਗੁਰਦੀਪ ਸਿੰਘ, ਕਮਲਜੀਤ ਕੌਰ, ਮਨਪ੍ਰੀਤ ਕੌਰ, ਨਿਧੀ ਜਿੰਦਲ, ਰਮਨ ਸੂਦ, ਅੰਮ੍ਰਿਤਪਾਲ ਸਿੰਘ, ਜਸਪ੍ਰੀਤ ਸਿੰਘ, ਦੀਪਕ ਕੁਮਾਰ, ਦੀਪ ਸਿੰਘ, ਹਰਮੀਤ ਸਿੰਘ, ਡਾ.ਮਲਕੀਤ ਸਿੰਘ ਕਲੇਰ, ਸਰਬਜੀਤ ਸਿੰਘ ਸਮਰਾ, ਅਸ਼ਵਨੀ ਕੁਮਾਰ ਸ਼ਰਮਾ, ਮਨਿੰਦਰ ਸਿੰਘ ਨਾਨੂ, ਜਸਵੀਰ ਸਿੰਘ ਸਮਰਾ , ਕੁਲਦੀਪ ਸਿੰਘ ਆਦਿ ਹਾਜ਼ਰ ਸਨ।