ਸਮਰਾਲਾ ’ਚ ਪੇਂਡੂ ਆਬਾਦੀ ਨੂੰ ਐੱਚਆਈਵੀ ਸਬੰਧੀ ਜਾਗਰੂਕ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਜ਼ਿਲ੍ਹੇ ਦੇ ਬਲਾਕ ਸਮਰਾਲਾ ’ਚ ਪੇਂਡੂ ਆਬਾਦੀ ਨੂੰ ਐਚਆਈਵੀ ਏਡਜ਼ ਸਬੰਧੀ ਜਾਗਰੂਕ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ
Publish Date: Sat, 26 Sep 2026 06:37 PM (IST)
Updated Date: Sun, 27 Sep 2026 04:04 AM (IST)
ਪੀ 10 : ਐਚਆਈਵੀ ਏਡਜ਼ ਸਬੰਧੀ ਜਾਗਰੂਕ ਟ੍ਰੇਨਿੰਗ ਪ੍ਰੋਗਰਾਮ ਦੌਰਾਨ ਜਾਣਕਾਰੀ ਦਿੰਦੇ ਹੋਏ ਮਾਹਰ। ਦਰਸ਼ਨ ਸਿੰਘ ਬੌਂਦਲੀ, ਪੰਜਾਬੀ ਜਾਗਰਣ ਸਮਰਾਲਾ : ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੇ ਵਿਜ਼ਨ ਤੇ ਉਦੇਸ਼ਾਂ ਤਹਿਤ ਜ਼ਿਲ੍ਹਾ ਲੁਧਿਆਣਾ ਦੇ ਬਲਾਕ ਸਮਰਾਲਾ ’ਚ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਤੇ ਸੀਡੀਪੀਓ ਸਮਰਾਲਾ ਵੱਲੋਂ ਗੁਰਮੀਤ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਐਨਜੀਓਜ਼ ਦੇ ਸਹਿਯੋਗ ਨਾਲ ਪੇਂਡੂ ਆਬਾਦੀ ਲਈ ਇੱਕ ਰੋਜ਼ਾ ਸੰਵੇਦਨਸ਼ੀਲਤਾ ਤੇ ਜਾਗਰੂਕਤਾ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਪੇਂਡੂ ਖੇਤਰ ਦੇ ਲੋਕਾਂ ਨੂੰ ਐਚਆਈਵੀ ਏਡਜ਼ ਇਸ ਤੋਂ ਬਚਾਅ, ਰੋਕਥਾਮ, ਇਲਾਜ ਤੇ ਉਪਲਬਧ ਸਿਹਤ ਸੇਵਾਵਾਂ ਬਾਰੇ ਜਾਗਰੂਕ ਕਰਨਾ ਸੀ। ਪ੍ਰੋਗਰਾਮ ਦੌਰਾਨ ਹਾਜ਼ਰੀਨ ਨੂੰ ਐਚਆਈਵੀ ਦੇ ਫੈਲਣ ਦੇ ਢੰਗਾਂ, ਇਸ ਤੋਂ ਬਚਾਅ ਲਈ ਲੋੜੀਂਦੀਆਂ ਸਾਵਧਾਨੀਆਂ ਤੇ ਸਮੇਂ ਸਿਰ ਜਾਂਚ ਤੇ ਸਿਹਤ ਸੇਵਾਵਾਂ ਪ੍ਰਾਪਤ ਕਰਨ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਮੌਕੇ ਬਲਾਕ ਸਮਰਾਲਾ ਜ਼ਿਲ੍ਹਾ ਲੁਧਿਆਣਾ ਦੇ ਆਂਗਣਵਾੜੀ ਵਰਕਰਾਂ ਆਸ਼ਾ ਵਰਕਰਾਂ ਏਐੱਨਐੱਮਜ਼ ਪੰਚਾਇਤੀ ਰਾਜ ਸੰਸਥਾਵਾਂ ਦੇ ਮੈਂਬਰਾਂ ਤੇ ਵੱਖ-ਵੱਖ ਪਿੰਡਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ। ਟ੍ਰੇਨਿੰਗ ਦੌਰਾਨ ਭਾਗੀਦਾਰਾਂ ਨੂੰ ਆਪਣੇ-ਆਪਣੇ ਪਿੰਡਾਂ ’ਚ ਐਚਆਈਵੀ ਏਡਜ਼ ਸਬੰਧੀ ਸਹੀ ਜਾਣਕਾਰੀ ਪਹੁੰਚਾਉਣ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ ਗਿਆ। ਬੁਲਾਰਿਆਂ ਨੇ ਦੱਸਿਆ ਕਿ ਐਚਆਈਵੀ ਦੀ ਰੋਕਥਾਮ ਲਈ ਜਾਗਰੂਕਤਾ ਸਹੀ ਜਾਣਕਾਰੀ, ਸੁਰੱਖਿਅਤ ਵਿਵਹਾਰ ਤੇ ਸਮੇਂ ਸਿਰ ਟੈਸਟਿੰਗ ਬਹੁਤ ਮਹੱਤਵਪੂਰਨ ਹਨ। ਇਸ ਦੇ ਨਾਲ ਹੀ ਐਚਆਈਵੀ ਨਾਲ ਜੀ ਰਹੇ ਵਿਅਕਤੀਆਂ ਪ੍ਰਤੀ ਸਨਮਾਨ, ਸੰਵੇਦਨਸ਼ੀਲਤਾ ਤੇ ਗੈਰ-ਵਿਤਕਰੇ ਵਾਲਾ ਰਵੱਈਆ ਅਪਣਾਉਣਾ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਕਿਸੇ ਵੀ ਐਚਆਈਵੀ. ਪ੍ਰਭਾਵਿਤ ਵਿਅਕਤੀ ਨਾਲ ਸਮਾਜਿਕ ਜਾਂ ਸਿਹਤ ਸੇਵਾਵਾਂ ਦੇ ਮਾਮਲੇ ਵਿੱਚ ਕਿਸੇ ਕਿਸਮ ਦਾ ਵਿਤਕਰਾ ਨਹੀਂ ਹੋਣਾ ਚਾਹੀਦਾ। ਪ੍ਰੋਗਰਾਮ ਦੌਰਾਨ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਐਚਆਈਵੀ ਨਾਲ ਜੀ ਰਹੇ ਵਿਅਕਤੀਆਂ ਨੂੰ ਉਪਲਬਧ ਸਿਹਤ ਸੇਵਾਵਾਂ, ਸਲਾਹ-ਮਸ਼ਵਰਾ, ਜਾਂਚ, ਇਲਾਜ ਤੇ ਹੋਰ ਲੋੜੀਂਦੀਆਂ ਸਹਾਇਕ ਸੇਵਾਵਾਂ ਤੱਕ ਪਹੁੰਚ ਬਣਾਉਣ ਲਈ ਸਿਹਤ ਵਿਭਾਗ ਅਤੇ ਸਬੰਧਤ ਸੰਸਥਾਵਾਂ ਨਾਲ ਮਿਲ ਕੇ ਕੰਮ ਕਰਨਾ ਜ਼ਰੂਰੀ ਹੈ। ਪ੍ਰੋਗਰਾਮ ਦੇ ਅੰਤ ’ਚ ਭਾਗੀਦਾਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਪਿੰਡਾਂ ਤੇ ਆਲੇ-ਦੁਆਲੇ ਦੇ ਖੇਤਰਾਂ ’ਚ ਐਚਆਈਵੀ ਏਡਜ਼ ਸਬੰਧੀ ਸਹੀ ਤੇ ਵਿਗਿਆਨਕ ਜਾਣਕਾਰੀ ਦਾ ਪ੍ਰਸਾਰ ਕਰਨ, ਤਾਂ ਜੋ ਲੋਕਾਂ ’ਚ ਜਾਗਰੂਕਤਾ ਵਧਾਈ ਜਾ ਸਕੇ ਤੇ ਐਚਆਈਵੀ ਨਾਲ ਜੀ ਰਹੇ ਵਿਅਕਤੀਆਂ ਪ੍ਰਤੀ ਭੇਦਭਾਵ ਤੇ ਸਮਾਜਿਕ ਕਲੰਕ ਨੂੰ ਘਟਾਇਆ ਜਾ ਸਕੇ।