- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਹਤ ਕਾਮਿਆਂ ਨੇ ਮੰਗਾਂ ਸਬੰਧੀ ਐੱਸਐਮਓ ਨੂੰ ਦਿੱਤਾ ਮੰਗ ਪੱਤਰ

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ ਲੁਧਿਆਣਾ
ਸਿਹਤ ਵਿਭਾਗ ਵਿੱਚ ਤਾਇਨਾਤ ਸਿਹਤ ਕਾਮਿਆਂ ਵੱਲੋਂ ਬੁੱਧਵਾਰ ਨੂੰ 8ਵੇਂ ਦਿਨ ਵੀ ਆਨਲਾਈਨ ਸੇਵਾਵਾਂ ਦਾ ਬਾਈਕਾਟ ਕਰਦਿਆਂ ਬਾਕੀ ਕੰਮ ਨਿਰਵਿਘਨ ਜਾਰੀ ਰੱਖਿਆ ਪਰ ਵਾਧੂ ਮਿਲਿਆ ਕੰਮ ਛੱਡ ਦਿੱਤਾ ਹੈ। ਮਲਟੀਪਰਪਜ਼ ਹੈਲਥ ਵਰਕਰਜ਼ (ਫੀਮੇਲ) ਨੇ ਆਪਣੀਆਂ ਮੰਗਾਂ ਸਬੰਧੀ ਐੱਸਐਮਓ ਕੂੰਮਕਲਾਂ ਨੂੰ ਮੰਗ ਪੱਤਰ ਦਿੰਦਿਆਂ ਅਪੀਲ ਕੀਤੀ ਕਿ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ। ਇਸ ਮੌਕੇ ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਯੂਨੀਅਨ, ਪੰਜਾਬ ਦੀ ਸੂਬਾ ਪ੍ਰਧਾਨ ਰਣਜੀਤ ਕੌਰ ਨੇ ਕਿਹਾ ਕਿ ਯੂਨੀਅਨ ਵੱਲੋਂ ਆਪਣੇ ਹੱਕਾਂ ਲਈ ਸੰਘਰਸ਼ ਉਦੋਂ ਤੱਕ ਜਾਰੀ ਰੱਖਿਆ ਜਾਵੇਗਾ, ਜਦੋਂ ਤਕ ਕਾਮਿਆਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਪਰ ਯੂਨੀਅਨ ਨੇ ਇਹ ਵੀ ਸਪੱਸ਼ਟ ਕੀਤਾ ਕਿ ਜਨ ਹਿੱਤ ਅਤੇ ਲੋਕ ਸਿਹਤ ਨੂੰ ਕਦੇ ਵੀ ਪ੍ਰਭਾਵਿਤ ਨਹੀਂ ਹੋਣ ਦਿੱਤਾ ਜਾਵੇਗਾ।ਜਥੇਬੰਦੀ ਦੀ ਸੂਬਾਈ ਖਜ਼ਾਨਚੀ ਤੇ ਜ਼ਿਲ੍ਹਾ ਲੁਧਿਆਣਾ ਦੀ ਵੀਰਪਾਲ ਕੌਰ ਨੇ ਦੱਸਿਆ ਕਿ ਆਨਲਾਈਨ ਕੰਮ ਨੂੰ ਠੱਪ ਰੱਖਦਿਆਂ ਸਿਹਤ ਕਾਮਿਆਂ ਨੇ ਅੱਜ ਵੀ ਪੰਜਾਬ ਭਰ ਵਿੱਚ ਬੱਚਿਆਂ ਅਤੇ ਗਰਭਵਤੀ ਮਾਵਾਂ ਦੀ ਸਿਹਤ ਸੰਭਾਲ ਕਰਦਿਆਂ ਲੋੜੀਂਦੀਆਂ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ। ਉਨ੍ਹਾਂ ਦੱਸਿਆ ਕਿ ਸਿਹਤ ਕਾਮਿਆਂ ਨੇ ਸਰਕਾਰ ਵੱਲੋਂ ਦਿੱਤਾ ਵਾਧੂ ਕੰਮ ਛੱਡ ਕੇ ਕੇਵਲ ਪਿੱਤਰੀ ਡਿਸਪੈਂਸਰੀਆਂ ਵਿੱਚ ਹੀ ਕੰਮ ਕੀਤਾ।ਉਨ੍ਹਾਂ ਦੱਸਿਆ ਕਿ ਸਿਹਤ ਕਾਮਿਆਂ ਦੀ ਘਾਟ ਕਾਰਨ ਇੱਕ ਇੱਕ ਸਿਹਤ ਕਾਮੇ ਨੂੰ ਦੋ ਦੋ ਤਿੰਨ ਤਿੰਨ ਡਿਸਪੈਂਸਰੀਆਂ ਦਾ ਕੰਮ ਸੌਂਪਿਆ ਗਿਆ ਹੈ, ਜੋ ਉਨ੍ਹਾਂ ਨੇ ਛੱਡ ਦਿੱਤਾ ਹੈ। ਜਦੋਂ ਤੱਕ ਉਨ੍ਹਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ, ਉਦੋਂ ਤੱਕ ਉਹ ਯੂ-ਵਿਨ ਐਪ ਆਨਲਾਈਨ ਐਟਰੀ ਦਾ ਕੰਮ ਠੱਪ ਰੱਖਣਗੇ, ਦੇ ਨਾਲ-ਨਾਲ ਵਾਧੂ ਮਿਲਿਆ ਕੰਮ ਵੀ ਨਹੀਂ ਕਰਨਗੇ। ਇਸ ਮੌਕੇ ਜ਼ਿਲ੍ਹਾ ਉਪ ਪ੍ਰਧਾਨ ਕੁਲਦੀਪ ਕੌਰ,ਪ੍ਰੈੱਸ ਸਕੱਤਰ ਸਰਬਜੀਤ ਕੌਰ ਤੇ ਜ਼ਿਲ੍ਹਾ ਖਜ਼ਾਨਚੀ ਰਾਜਵੰਤ ਕੌਰ ਵੀ ਮੌਜੂਦ ਸਨ।