ਨਹਿਰੀ ਜਲ ਸਪਲਾਈ ਪ੍ਰੋਜੈਕਟ ’ਚ ਲੱਗੇ ਮੁਲਾਜ਼ਮਾਂ ਦੀ ਸਿਹਤ ਜਾਂਚ ਕੀਤੀ
ਨਹਿਰੀ ਜਲ ਸਪਲਾਈ ਪ੍ਰੋਜੈਕਟ ’ਚ ਲੱਗੇ ਮੁਲਾਜ਼ਮਾਂ ਦੀ ਸਿਹਤ ਜਾਂਚ ਲਈ ਲਗਾਏ ਕੈਂਪ
Publish Date: Sun, 31 May 2026 09:15 PM (IST)
Updated Date: Mon, 01 Jun 2026 04:15 AM (IST)

ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ ਵਰਲਡ ਬੈਂਕ ਅਤੇ ਏਆਈਆਈਬੀ ਦੇ ਵਿੱਤੀ ਸਹਿਯੋਗ ਨਾਲ ਚੱਲ ਰਹੇ ਨਹਿਰੀ ਜਲ ਸਪਲਾਈ ਪ੍ਰੋਜੈਕਟ ਤਹਿਤ ਮੁਲਾਜ਼ਮਾਂ ਦੀ ਸਿਹਤ, ਸੁਰੱਖਿਆ ਅਤੇ ਸਮਾਜਿਕ ਭਲਾਈ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਨਿਰਮਾਣ ਸਥਾਨਾਂ ’ਤੇ ਐੱਚਆਈਵੀ ਟੈਸਟਿੰਗ ਅਤੇ ਜਾਗਰੂਕਤਾ ਕੈਂਪ ਲਗਾਏ ਗਏ। ਇਹ ਪਹਿਲਕਦਮੀ ਪ੍ਰੋਜੈਕਟ ਨਾਲ ਜੁੜੇ ਮੁਲਾਜ਼ਮਾਂ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ ਉਨ੍ਹਾਂ ਨੂੰ ਬਿਹਤਰ ਸਿਹਤ ਸੇਵਾਵਾਂ ਨਾਲ ਜੋੜਨ ਦੇ ਉਦੇਸ਼ ਨਾਲ ਕੀਤੀ ਗਈ। ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਅਤੇ ਨਗਰ ਨਿਗਮ ਕਮਿਸ਼ਨਰ ਡਾ. ਨੀਰੂ ਕਤਿਆਲ ਗੁਪਤਾ ਦੀ ਅਗਵਾਈ ਹੇਠ ਇਸ ਮਹੱਤਵਪੂਰਨ ਪ੍ਰੋਜੈਕਟ ਨੂੰ ਵਰਲਡ ਬੈਂਕ ਅਤੇ ਏਆਈਆਈਬੀ ਵੱਲੋਂ ਨਿਰਧਾਰਤ ਵਾਤਾਵਰਣ ਅਤੇ ਸਮਾਜਿਕ ਮਾਪਦੰਡਾਂ ਅਨੁਸਾਰ ਲਾਗੂ ਕੀਤਾ ਜਾ ਰਿਹਾ ਹੈ। ਪ੍ਰੋਜੈਕਟ ਪ੍ਰਬੰਧਨ ਵੱਲੋਂ ਸਿਰਫ਼ ਬੁਨਿਆਦੀ ਢਾਂਚੇ ਦੇ ਵਿਕਾਸ ਤੱਕ ਹੀ ਆਪਣੇ ਯਤਨ ਸੀਮਿਤ ਨਹੀਂ ਰੱਖੇ ਜਾ ਰਹੇ, ਸਗੋਂ ਮਜ਼ਦੂਰਾਂ ਦੀ ਕਿੱਤਾਮੁਖੀ ਸਿਹਤ ਅਤੇ ਸਮਾਜਿਕ ਸੁਰੱਖਿਆ ਨੂੰ ਵੀ ਬਰਾਬਰ ਮਹੱਤਵ ਦਿੱਤਾ ਜਾ ਰਿਹਾ ਹੈ। ਇਨ੍ਹਾਂ ਕੈਂਪਾਂ ਦਾ ਆਯੋਜਨ ਤ੍ਰਿਕੋਨਾ ਪਾਰਕ ਓਐੱਚਐੱਸਆਰ ਸਾਈਟ, ਵੀਰ ਪੈਲੇਸ ਦੇ ਸਾਹਮਣੇ ਸਥਿਤ ਪਾਰਕ, ਕੇਸਰੀ ਐਨਕਲੇਵ ਓ.ਐੱਚ.ਐੱਸ.ਆਰ. ਸਾਈਟ ਅਤੇ ਹੋਰ ਨਿਰਮਾਣ ਸਥਾਨਾਂ ’ਤੇ ਕੀਤਾ ਗਿਆ। ਕੈਂਪਾਂ ਦੌਰਾਨ ਮਜ਼ਦੂਰਾਂ ਨੂੰ ਐੱਚ.ਆਈ.ਵੀ. ਦੇ ਕਾਰਣਾਂ, ਬਚਾਅ ਦੇ ਤਰੀਕਿਆਂ ਅਤੇ ਸਮੇਂ ਸਿਰ ਟੈਸਟਿੰਗ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ। ਨਾਲ ਹੀ ਸਵੈ-ਇੱਛਤ ਐੱਚ.ਆਈ.ਵੀ. ਟੈਸਟਿੰਗ ਦੀ ਸਹੂਲਤ ਵੀ ਮੁਹੱਈਆ ਕਰਵਾਈ ਗਈ। ਨਿਗਰਾਨ ਇੰਜੀਨੀਅਰ (ਪ੍ਰੋਜੈਕਟ) ਪਾਰੁਲ ਗੋਇਲ ਨੇ ਦੱਸਿਆ ਕਿ ਪ੍ਰੋਜੈਕਟ ਅਧੀਨ ਸਾਰੀਆਂ ਸਿਵਲ ਉਸਾਰੀ ਸਾਈਟਾਂ ਨੂੰ ਪੜਾਅਵਾਰ ਢੰਗ ਨਾਲ ਕਵਰ ਕੀਤਾ ਜਾ ਰਿਹਾ ਹੈ, ਤਾਂ ਜੋ ਵੱਧ ਤੋਂ ਵੱਧ ਕਰਮਚਾਰੀਆਂ ਤੱਕ ਇਹ ਸਿਹਤ ਸੇਵਾਵਾਂ ਪਹੁੰਚ ਸਕਣ। ਉਨ੍ਹਾਂ ਕਿਹਾ ਕਿ ਹੁਣ ਤੱਕ 100 ਤੋਂ ਵੱਧ ਮਜ਼ਦੂਰਾਂ ਦੇ ਐੱਚ.ਆਈ.ਵੀ. ਟੈਸਟ ਕੀਤੇ ਜਾ ਚੁੱਕੇ ਹਨ ਅਤੇ ਖੁਸ਼ੀ ਦੀ ਗੱਲ ਹੈ ਕਿ ਕਿਸੇ ਵੀ ਵਿਅਕਤੀ ਦੀ ਰਿਪੋਰਟ ਸਕਾਰਾਤਮਕ ਨਹੀਂ ਆਈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪ੍ਰੋਜੈਕਟ ਇੰਪਲੀਮੈਂਟੇਸ਼ਨ ਯੂਨਿਟ (ਪੀਆਈਯੂ) ਦੀ ਵਾਤਾਵਰਣ ਅਤੇ ਸਮਾਜਿਕ (ਈਐਂਡਐੱਸ) ਟੀਮ ਵੱਲੋਂ ਇਨ੍ਹਾਂ ਗਤੀਵਿਧੀਆਂ ਦੀ ਨਿਰੰਤਰ ਨਿਗਰਾਨੀ ਕੀਤੀ ਜਾ ਰਹੀ ਹੈ। ਇਸ ਦਾ ਉਦੇਸ਼ ਕਿਰਤ ਭਲਾਈ ਸਬੰਧੀ ਵਚਨਬੱਧਤਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਅਤੇ ਸਾਰੇ ਮਾਪਦੰਡਾਂ ਦੀ ਪਾਲਣਾ ਯਕੀਨੀ ਬਣਾਉਣਾ ਹੈ। ਇਹ ਪਹਿਲਕਦਮੀ ਦਰਸਾਉਂਦੀ ਹੈ ਕਿ ਨਹਿਰੀ ਜਲ ਸਪਲਾਈ ਪ੍ਰੋਜੈਕਟ ਸਿਰਫ਼ ਸ਼ਹਿਰ ਨੂੰ ਸਾਫ਼ ਪੀਣਯੋਗ ਪਾਣੀ ਮੁਹੱਈਆ ਕਰਵਾਉਣ ਤੱਕ ਸੀਮਿਤ ਨਹੀਂ, ਸਗੋਂ ਇਸ ਨਾਲ ਜੁੜੇ ਹਰ ਕਰਮਚਾਰੀ ਦੀ ਸਿਹਤ, ਸੁਰੱਖਿਆ ਅਤੇ ਸਮਾਜਿਕ ਜ਼ਿੰਮੇਵਾਰੀ ਨੂੰ ਵੀ ਆਪਣੀ ਤਰਜੀਹ ਬਣਾ ਰਿਹਾ ਹੈ।