ਮੰਗਣੀ ਤੋਂ ਬਾਅਦ ਲੜਕੀ ਨੂੰ ਦੇਖਿਆ ਸੀ ਕਿਸੇ ਹੋਰ ਨਾਲ, ਮੰਗੇਤਰ ਨਾਲ ਵੀਡੀਓ ਕਾਲ ਕਰਦਿਆਂ ਨੌਜਵਾਨ ਨੇ ਲਿਆ ਫਾਹਾ
ਜਾਣਕਾਰੀ ਦਿੰਦਿਆਂ ਲਕਸਮਣ ਨਗਰ ਗਿਆਸਪੁਰਾ ਦੇ ਰਹਿਣ ਵਾਲੇ ਆਕਾਸ਼ ਨੇ ਦੱਸਿਆ ਰਣਜੀਤ ਕੁਮਾਰ ਦੀ ਕਰੀਬ ਦੋ ਮਹੀਨੇ ਪਹਿਲਾਂ ਜਸਪਾਲ ਬਾਂਗੜ ਦੀ ਵਾਸੀ ਸੁਨੀਤਾ ਨਾਲ ਮੰਗਣੀ ਹੋਈ ਸੀ। ਮੰਗਣੀ ਤੋਂ ਬਾਅਦ ਰਣਜੀਤ ਅਕਸਰ ਆਪਣੀ ਮੰਗੇਤਰ ਨੂੰ ਮਿਲਣ ਲਈ ਉਸ ਦੇ ਘਰ ਜਾਂਦਾ ਸੀ।
Publish Date: Fri, 09 Oct 2026 11:41 AM (IST)
Updated Date: Fri, 09 Oct 2026 11:45 AM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਮੰਗੇਤਰ ਨੂੰ ਕਿਸੇ ਹੋਰ ਵਿਅਕਤੀ ਨਾਲ ਦੇਖਣ ਤੋਂ ਬਾਅਦ ਪੈਦਾ ਹੋਏ ਵਿਵਾਦ ਨੇ ਇੱਕ 26 ਸਾਲਾ ਨੌਜਵਾਨ ਦੀ ਜਾਨ ਲੈ ਲਈ। ਪਿੰਡ ਜਸਪਾਲ ਬਾਂਗੜ ਦੇ ਰਹਿਣ ਵਾਲੇ ਰਣਜੀਤ ਕੁਮਾਰ ਨੇ ਕਥਿਤ ਤੌਰ ’ਤੇ ਮੰਗੇਤਰ ਦੇ ਘਰ ਜਾ ਕੇ ਇਸ ਗੱਲ ’ਤੇ ਇਤਰਾਜ਼ ਜਤਾਇਆ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ।
ਮ੍ਰਿਤਕ ਦੇ ਭਰਾ ਆਕਾਸ਼ ਨੇ ਦੱਸਿਆ ਹੈ ਕਿ ਇਸ ਘਟਨਾ ਤੋਂ ਬਾਅਦ ਉਸ ਦਾ ਭਰਾ ਰਣਜੀਤ ਇੰਨਾ ਪਰੇਸ਼ਾਨ ਅਤੇ ਸ਼ਰਮਸਾਰ ਹੋ ਗਿਆ ਕਿ ਉਸ ਨੇ ਘਰ ਪਰਤ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮੌਤ ਨੂੰ ਗਲੇ ਲਗਾਉਣ ਤੋਂ ਪਹਿਲਾਂ ਰਣਜੀਤ ਨੇ ਆਪਣੀ ਮੰਗੇਤਰ ਨਾਲ ਵੈਟਸਐਪ ਚੈਟਿੰਗ ਅਤੇ ਵੀਡੀਓ ਕਾਲ ਕਰਕੇ ਉਸ ਦੇ ਸਾਹਮਣੇ ਹੀ ਫਾਹਾ ਲੈ ਲਿਆ।
ਇਸ ਮਾਮਲੇ ’ਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਮੰਗੇਤਰ ਸੁਨੀਤਾ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਮੁਕੱਦਮਾ ਦਰਜ ਕਰ ਲਿਆ ਹੈ।
ਜਾਣਕਾਰੀ ਦਿੰਦਿਆਂ ਲਕਸਮਣ ਨਗਰ ਗਿਆਸਪੁਰਾ ਦੇ ਰਹਿਣ ਵਾਲੇ ਆਕਾਸ਼ ਨੇ ਦੱਸਿਆ ਰਣਜੀਤ ਕੁਮਾਰ ਦੀ ਕਰੀਬ ਦੋ ਮਹੀਨੇ ਪਹਿਲਾਂ ਜਸਪਾਲ ਬਾਂਗੜ ਦੀ ਵਾਸੀ ਸੁਨੀਤਾ ਨਾਲ ਮੰਗਣੀ ਹੋਈ ਸੀ। ਮੰਗਣੀ ਤੋਂ ਬਾਅਦ ਰਣਜੀਤ ਅਕਸਰ ਆਪਣੀ ਮੰਗੇਤਰ ਨੂੰ ਮਿਲਣ ਲਈ ਉਸ ਦੇ ਘਰ ਜਾਂਦਾ ਸੀ।
ਆਕਾਸ਼ ਦੇ ਮੁਤਾਬਿਕ ਇੱਕ ਦਿਨ ਰਣਜੀਤ ਨੇ ਆਪਣੀ ਮੰਗੇਤਰ ਨੂੰ ਕਿਸੇ ਹੋਰ ਵਿਅਕਤੀ ਨਾਲ ਦੇਖ ਲਿਆ, ਜਿਸ ਕਾਰਨ ਉਹ ਬੇਹੱਦ ਪਰੇਸ਼ਾਨ ਹੋ ਗਿਆ। ਇਸ ਤੋਂ ਬਾਅਦ ਜਦੋਂ ਉਹ ਆਪਣੀ ਮੰਗੇਤਰ ਦੇ ਘਰ ਪਹੁੰਚਿਆ ਅਤੇ ਇਸ ਗੱਲ ’ਤੇ ਇਤਰਾਜ਼ ਜਤਾਇਆ ਤਾਂ ਕਥਿਤ ਤੌਰ ’ਤੇ ਉੱਥੇ ਮੌਜੂਦ ਪਰਿਵਾਰਕ ਮੈਂਬਰਾਂ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।
ਆਕਾਸ਼ ਕੁਮਾਰ ਅਨੁਸਾਰ, ਇਸ ਘਟਨਾ ਤੋਂ ਬਾਅਦ ਰਣਜੀਤ ਬੇਹੱਦ ਦੁਖੀ ਅਤੇ ਸ਼ਰਮਸਾਰ ਸੀ। ਉਹ ਇਸ ਘਟਨਾ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਘਰ ਵਾਪਸ ਆ ਕੇ ਉਸ ਨੇ ਉੱਪਰਲੀ ਮੰਜ਼ਿਲ ’ਤੇ ਬਣੇ ਕਮਰੇ ਵਿੱਚ ਜਾ ਕੇ ਆਪਣੇ ਆਪ ਨੂੰ ਬੰਦ ਕਰ ਲਿਆ। ਇਸ ਦੌਰਾਨ ਉਸ ਨੇ ਆਪਣੀ ਮੰਗੇਤਰ ਨਾਲ ਵਟਸਐਪ ਚੈਟ ਅਤੇ ਵੀਡੀਓ ਕਾਲ ਕੀਤੀ। ਭਰਾ ਨੇ ਦੱਸਿਆ ਕਿ ਰਣਜੀਤ ਨੇ ਆਪਣੀ ਮੰਗੇਤਰ ਦੇ ਸਾਹਮਣੇ ਹੀ ਚੁੰਨੀ ਨਾਲ ਫਾਹਾ ਲੈ ਲਿਆ। ਜਦੋਂ ਪਰਿਵਾਰ ਨੂੰ ਇਸ ਘਟਨਾ ਬਾਰੇ ਪਤਾ ਲੱਗਾਤਾਂ ਘਰ ਵਿੱਚ ਚੀਕ-ਚਿਹਾੜਾ ਮਚ ਗਿਆ। 26 ਸਾਲਾ ਪੁੱਤਰ ਦੀ ਮੌਤ ਨੇ ਪਰਿਵਾਰ ਨੂੰ ਡੂੰਘੇ ਸਦਮੇ ’ਚ ਪਾ ਦਿੱਤਾ।
ਭਰਾ ਦੀ ਮੌਤ ਤੋਂ ਬਾਅਦ ਆਕਾਸ਼ ਕੁਮਾਰ ਨੇ ਮਾਮਲੇ ਦੀ ਪੜਤਾਲ ਕਰਦਿਆਂ ਦੋਸ਼ ਲਾਇਆ ਕਿ ਰਣਜੀਤ ਦੀ ਮੰਗੇਤਰ ਸੁਨੀਤਾ, ਉਸ ਦੇ ਪਿਤਾ ਅਸ਼ੋਕ, ਭਰਾ ਆਕਾਸ਼ ਅਤੇ ਮਾਂ ਮਰਾਛੀ ਨੇ ਉਸ ਦੀ ਕੁੱਟਮਾਰ ਕੀਤੀ ਸੀ। ਪਰਿਵਾਰ ਵੱਲੋਂ ਲਾਏ ਗਏ ਇਨ੍ਹਾਂ ਦੋਸ਼ਾਂ ਦੇ ਆਧਾਰ ’ਤੇ ਪੁਲਿਸ ਨੇ ਕਾਰਵਾਈ ਕੀਤੀ ਹੈ।
ਥਾਣਾ ਸਾਹਨੇਵਾਲ ਦੇ ਜਾਂਚ ਅਧਿਕਾਰੀ ਪਵਨਦੀਪ ਸਿੰਘ ਨੇ ਦੱਸਿਆ ਕਿ ਰਣਜੀਤ ਦੀ ਮੰਗੇਤਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।