- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1 ਨੰਬਰ ਲਈ-ਦੀਵਾਲੀ ਦੀ ਰਾਤ ਲੁਧਿਆਣਾ 'ਚ ਅੱਗ ਦਾ ਤਾਂਡਵ, 24 ਘੰਟਿਆਂ 'ਚ 68 ਥਾਵਾਂ 'ਤੇ ਭੜਕੀਆਂ ਲਪਟਾਂ

1 ਨੰਬਰ ਲਈ)
-6 ਫੈਕਟਰੀਆਂ ਅੱਗ ਦੀ ਲਪੇਟ 'ਚ ਆਈਆਂ, ਰਿਹਾਇਸ਼ੀ ਥਾਵਾਂ 'ਚ ਵੀ ਮਚੀ ਹਫ਼ੜਾ-ਦਫ਼ੜੀ
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ
ਦੀਵਾਲੀ ਦੀ ਰਾਤ ਜਿੱਥੇ ਸ਼ਹਿਰ ਰੌਸ਼ਨੀਆਂ ਨਾਲ ਜਗਮਗਾ ਰਿਹਾ ਸੀ, ਉੱਥੇ ਹੀ ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ਵਿੱਚ ਅੱਗ ਦੀਆਂ ਲਪਟਾਂ ਨੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਪਟਾਕਿਆਂ ਦੀ ਗੂੰਜ ਦੇ ਨਾਲ-ਨਾਲ ਕਈ ਥਾਵਾਂ ਤੋਂ ਉੱਠਦੇ ਧੂੰਏਂ ਦੇ ਗੁਬਾਰਾਂ ਨੇ ਅੱਗ ਬੁਝਾਊ ਵਿਭਾਗ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ। ਦੀਵਾਲੀ ਦੇ ਦਿਨਾਂ ਦੌਰਾਨ ਸ਼ਹਿਰ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਦਾ ਅਜਿਹਾ ਸਿਲਸਿਲਾ ਚੱਲਿਆ ਕਿ ਮਹਿਜ਼ 24 ਘੰਟਿਆਂ ਵਿੱਚ ਅੱਗ ਲੱਗਣ ਦੀਆਂ 68 ਘਟਨਾਵਾਂ ਦਰਜ ਕੀਤੀਆਂ।
8 ਤੇ 9 ਨਵੰਬਰ ਦਰਮਿਆਨ ਵਾਪਰੀਆਂ ਇਨ੍ਹਾਂ ਘਟਨਾਵਾਂ ਨੇ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਹਫੜਾ-ਦਫੜੀ ਮਚਾਈ ਰੱਖੀ। ਅੱਗ ਲੱਗਣ ਦੀਆਂ ਜਿਆਦਾ ਘਟਨਾਵਾਂ ਹੈਬੋਵਾਲ, ਬਸਤੀ ਜੋਧੇਵਾਲ, ਮਾਧੋਪੁਰੀ ਇਲਾਕੇ ਵਿੱਚ ਵਾਪਰੀਆਂ ਹਨ। ਇਹ ਘਟਨਾਵਾਂ ਪਟਾਕਿਆਂ ਦੀਆਂ ਚੰਗਿਆੜੀਆਂ ਨਾਲ ਲੱਗੀਆਂ ਹੋਣ ਦਾ ਪਤਾ ਲੱਗਾ ਹੈ। ਅੱਗ ਦੀਆਂ ਇਨ੍ਹਾਂ ਘਟਨਾਵਾਂ ਵਿੱਚ ਸਭ ਤੋਂ ਵੱਧ ਨੁਕਸਾਨ ਦਾ ਖਤਰਾ ਸਕਰੈਪ ਦੇ ਗੁਦਾਮਾਂ, ਖਾਲੀ ਪਲਾਟਾਂ ਤੇ ਕੂੜਾ ਸੁੱਟਣ ਵਾਲੀਆਂ ਥਾਵਾਂ 'ਤੇ ਦੇਖਣ ਨੂੰ ਮਿਲਿਆ। ਇਨ੍ਹਾਂ ਤਿੰਨਾਂ ਸ਼੍ਰੇਣੀਆਂ ਵਿੱਚ ਅੱਗ ਲੱਗਣ ਦੀਆਂ 22 ਘਟਨਾਵਾਂ ਸਾਹਮਣੇ ਆਈਆਂ, ਜਦਕਿ ਛੇ ਫੈਕਟਰੀਆਂ ਵਿੱਚ ਵੀ ਅੱਗ ਲੱਗਣ ਦੀਆਂ ਸੂਚਨਾਵਾਂ ਮਿਲੀਆਂ। 13 ਘਟਨਾਵਾਂ ਰਿਹਾਇਸ਼ੀ ਇਮਾਰਤਾਂ ਅਤੇ ਘਰਾਂ ਵਿੱਚ ਵਾਪਰੀਆਂ। ਦੁਕਾਨਾਂ, ਬਿਜਲੀ ਦੀਆਂ ਤਾਰਾਂ, ਬਿਜਲੀ ਦੇ ਉਪਕਰਨਾਂ, ਵਾਹਨਾਂ, ਝੁੱਗੀਆਂ ਅਤੇ ਹੋਰ ਥਾਵਾਂ 'ਤੇ ਵੀ ਅੱਗ ਲੱਗਣ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ।
ਅੱਗ ਬੁਝਾਊ ਵਿਭਾਗ ਦੇ ਰਿਕਾਰਡ ਵਿੱਚ ਨੂਰਵਾਲਾ ਰੋਡ 'ਤੇ ਸਕਰੈਪ ਦੇ ਗੁਦਾਮ ਵਿੱਚ ਅੱਗ ਲੱਗਣ ਦੀ ਘਟਨਾ ਦਰਜ ਹੈ, ਜਦਕਿ ਸੁਜਾਤਵਾਲਾ ਰੋਡ 'ਤੇ ਵੀ ਸਕਰੈਪ ਨਾਲ ਸਬੰਧਤ ਥਾਂ 'ਤੇ ਅੱਗ ਲੱਗੀ। ਨਿਊ ਮਾਧੋਪੁਰੀ ਅਤੇ ਦੌਲਤ ਕਲੋਨੀ ਸਥਿਤ ਫੈਕਟਰੀਆਂ ਵਿੱਚ ਵੀ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ। ਇਸੇ ਤਰ੍ਹਾਂ ਅਬਦੁੱਲਾਪੁਰ ਬਸਤੀ ਦੇ ਇਕ ਮੰਦਰ ’ਚ ਵੀ ਅੱਗ ਲੱਗਣ ਦੀ ਸੂਚਨਾ ਮਿਲੀ। ਸ਼ਹਿਰ ਦੇ ਹੋਰਨਾਂ ਹਿੱਸਿਆਂ ਵਿੱਚ ਦੁਕਾਨਾਂ, ਝੁੱਗੀਆਂ, ਰਿਹਾਇਸ਼ੀ ਇਲਾਕਿਆਂ ਅਤੇ ਬਿਜਲੀ ਦੀਆਂ ਤਾਰਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਨੇ ਵੀ ਵਿਭਾਗ ਨੂੰ ਲਗਾਤਾਰ ਦੌੜ-ਭੱਜ ਵਿੱਚ ਰੱਖਿਆ। ਮੁੱਢਲੀ ਜਾਣਕਾਰੀ ਅਨੁਸਾਰ ਕਈ ਥਾਵਾਂ 'ਤੇ ਬਿਜਲੀ ਦੇ ਸ਼ਾਰਟ ਸਰਕਟ ਜਾਂ ਤਾਰਾਂ ਵਿੱਚ ਨੁਕਸ ਪੈਣ ਕਾਰਨ ਅੱਗ ਲੱਗਣ ਦਾ ਖਦਸ਼ਾ ਹੈ। ਹਾਲਾਂਕਿ ਹਰੇਕ ਘਟਨਾ ਦੇ ਅਸਲ ਕਾਰਨਾਂ ਦੀ ਪੁਸ਼ਟੀ ਜਾਂਚ ਤੋਂ ਬਾਅਦ ਹੀ ਹੋ ਸਕੇਗੀ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦੀਵਾਲੀ ਤੋਂ ਪਹਿਲਾਂ, ਦੀਵਾਲੀ ਵਾਲੇ ਦਿਨ ਅਤੇ ਉਸ ਤੋਂ ਬਾਅਦ ਦੇ ਤਿੰਨ ਦਿਨਾਂ ਦੌਰਾਨ ਸ਼ਹਿਰ ਵਿੱਚ ਅੱਗ ਲੱਗਣ ਦੀਆਂ ਕਰੀਬ 100 ਘਟਨਾਵਾਂ ਵਾਪਰੀਆਂ ਸਨ। ਇਸ ਵਾਰ ਸਿਰਫ਼ 24 ਘੰਟਿਆਂ ਵਿੱਚ 68 ਘਟਨਾਵਾਂ ਦਰਜ ਹੋਣ ਨਾਲ ਅੱਗ ਬੁਝਾਊ ਵਿਭਾਗ 'ਤੇ ਪਏ ਦਬਾਅ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਹਾਲਾਂਕਿ ਪਿਛਲੇ ਸਾਲ ਦੇ ਤਿੰਨ ਦਿਨਾਂ ਦੇ ਅੰਕੜਿਆਂ ਅਤੇ ਇਸ ਸਾਲ ਦੇ 24 ਘੰਟਿਆਂ ਦੇ ਅੰਕੜਿਆਂ ਦੀ ਸਿੱਧੀ ਤੁਲਨਾ ਨਹੀਂ ਕੀਤੀ ਜਾ ਸਕਦੀ।
ਦੀਵਾਲੀ ਦੇ ਮੱਦੇਨਜ਼ਰ ਅੱਗ ਬੁਝਾਊ ਵਿਭਾਗ ਵੱਲੋਂ ਪਹਿਲਾਂ ਹੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਜਲੰਧਰ ਬਾਈਪਾਸ, ਸਮਰਾਲਾ ਚੌਕ ਅਤੇ ਵੇਰਕਾ ਮਿਲਕ ਪਲਾਂਟ ਨੇੜੇ ਤਿੰਨ ਆਰਜ਼ੀ ਅੱਗ ਬੁਝਾਊ ਕੇਂਦਰ ਸਥਾਪਤ ਕੀਤੇ ਗਏ ਸਨ। ਇਨ੍ਹਾਂ ਤੋਂ ਇਲਾਵਾ ਸ਼ਹਿਰ ਦੇ ਛੇ ਪੱਕੇ ਕੇਂਦਰਾਂ ਨੂੰ ਵੀ ਤਿਆਰ ਰੱਖਿਆ ਗਿਆ। ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ 32 ਅੱਗ ਬੁਝਾਊ ਗੱਡੀਆਂ ਅਤੇ ਕਰੀਬ 120 ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਇਸ ਦੇ ਬਾਵਜੂਦ 24 ਘੰਟਿਆਂ ਵਿੱਚ 68 ਥਾਵਾਂ 'ਤੇ ਅੱਗ ਲੱਗਣ ਦੀਆਂ ਘਟਨਾਵਾਂ ਨੇ ਤਿਉਹਾਰੀ ਦਿਨਾਂ ਦੌਰਾਨ ਸ਼ਹਿਰ ਦੀ ਸੁਰੱਖਿਆ ਅਤੇ ਅੱਗ ਬੁਝਾਊ ਪ੍ਰਬੰਧਾਂ ਦੀ ਅਹਿਮੀਅਤ ਨੂੰ ਮੁੜ ਉਜਾਗਰ ਕਰ ਦਿੱਤਾ।
-ਢੰਡਾਰੀ ਮਾਰਕੀਟ ’ਚ ਲੋਹੇ ਦੀ ਚਾਦਰ ਨਾਲ ਬਣੀਆਂ 10 ਦੁਕਾਨਾਂ ਸੜ ਕੇ ਸੁਆਹ
ਮਹਾਨਗਰ ਦੇ ਢੰਡਾਰੀ ਇਲਾਕੇ ਵਿੱਚ ਅੱਗ ਲੱਗਣ ਨਾਲ ਲੋਹੇ ਦੀਆਂ ਚਾਦਰਾਂ ਨਾਲ ਬਣੀਆਂ 8 ਤੋਂ 10 ਦੁਕਾਨਾਂ ਨੂੰ ਅੱਗ ਲੱਗ ਗਈ। ਅੱਗ ਏਨੀ ਜਿਆਦਾ ਤੇਜ਼ ਸੀ ਕਿ ਦੇਖਦੇ ਹੀ ਦੇਖਦੇ ਦੁਕਾਨਾਂ ਵਿੱਚ ਪਿਆ ਸਮਾਨ ਸੜ੍ਹਕੇ ਸੁਆਹ ਹੋ ਗਿਆ। ਅੱਗ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਨੇ ਅੱਗੇ ’ਤੇ ਕਾਬੂ ਪਾਇਆ। ਅੱਗ ਲੱਗਣ ਦੀ ਘਟਨਾਂ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਵਾਲਾ ਮਹੌਲ ਬਣ ਗਿਆ। ਪੁਲਿਸ ਨੇ ਮੌਕੇ ’ਤੇ ਪੁੱਜ ਕੇ ਘਟਨਾ ਦੀ ਜਾਣਕਾਰੀ ਪ੍ਰਾਪਤ ਕੀਤੀ ਹੈ ਅਤੇ ਅੱਗ ਲੱਗਣ ਦੇ ਕਾਰਣਾਂ ਦਾ ਪਤਾ ਲਗਾਇਆ ਜਾ ਰਿਹਾ ਹੈ।