ਦੋ ਧਿਰਾਂ ’ਚ ਖੂਨੀ ਝੜਪ ਦੌਰਾਨ ਚੱਲੀਆਂ ਗੋਲੀਆਂ
ਦੋ ਧਿਰਾਂ ਵਿਚ ਖੂਨੀ ਝੜਪ ਦੌਰਾਨ ਚੱਲੀਆਂ ਗੋਲੀਆਂ
Publish Date: Wed, 01 Apr 2026 09:10 PM (IST)
Updated Date: Thu, 02 Apr 2026 04:14 AM (IST)

* ਡੇਅਰੀ ਕਾਰੋਬਾਰੀ ਭਰਾਵਾਂ ਸਮੇਤ 3 ਜ਼ਖ਼ਮੀ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਖੇੜਾ ਪਿੰਡ ਵਿੱਚ ਮੰਗਲਵਾਰ ਦੇਰ ਰਾਤ ਦੋ ਧਿਰਾਂ ਵਿਚਕਾਰ ਹੋਈ ਤਿੱਖੀ ਝੜਪ ਦੌਰਾਨ ਹਾਲਾਤ ਉਸ ਵੇਲੇ ਬੇਕਾਬੂ ਹੋ ਗਏ ਜਦੋਂ ਇਕ ਪੱਖ ਵੱਲੋਂ ਫਾਇਰਿੰਗ ਕਰ ਦਿੱਤੀ ਗਈ। ਇਸ ਘਟਨਾ ਵਿੱਚ ਡੇਅਰੀ ਦਾ ਕੰਮ ਕਰਨ ਵਾਲੇ ਦੋ ਸਗੇ ਭਰਾਵਾਂ ਸਮੇਤ ਤਿੰਨ ਵਿਅਕਤੀ ਜ਼ਖਮੀ ਹੋ ਗਏ। ਜ਼ਖਮੀਆਂ ਦੀ ਪਛਾਣ ਨਵਜੋਤ ਸਿੰਘ, ਉਸ ਦੇ ਵੱਡੇ ਭਰਾ ਅਤੇ ਇਕ ਹੋਰ ਵਿਅਕਤੀ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਨਵਜੋਤ ਸਿੰਘ ਦੀ ਖੱਬੀ ਲੱਤ ਵਿੱਚ ਗੋਲੀ ਲੱਗੀ, ਜਦਕਿ ਬਾਕੀ ਦੋ ਨੂੰ ਹਲਕੀਆਂ ਸੱਟਾਂ ਆਈਆਂ। ਤਿੰਨਾਂ ਨੂੰ ਪਿੰਡ ਵਾਸੀਆਂ ਦੀ ਮਦਦ ਨਾਲ ਇਲਾਜ ਲਈ ਡੇਹਲੋਂ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਮੁੱਢਲੇ ਇਲਾਜ ਤੋਂ ਬਾਅਦ ਦੋ ਜ਼ਖਮੀਆਂ ਨੂੰ ਛੁੱਟੀ ਦੇ ਦਿੱਤੀ ਗਈ, ਜਦਕਿ ਨਵਜੋਤ ਸਿੰਘ ਦੀ ਗੰਭੀਰ ਹਾਲਤ ਦੇ ਚਲਦਿਆਂ ਉਸ ਨੂੰ ਦੇਰ ਰਾਤ ਸਿਵਲ ਹਸਪਤਾਲ ਲੁਧਿਆਣਾ ਰੈਫਰ ਕੀਤਾ ਗਿਆ। ਪੀੜਤ ਪੱਖ ਦੇ ਮੁਤਾਬਕ ਇਹ ਹਮਲਾ ਪੁਰਾਣੀ ਰੰਜਿਸ਼ ਕਾਰਨ ਹੋਇਆ। ਦੱਸਿਆ ਗਿਆ ਕਿ ਗੁਰਦੁਆਰੇ ਕੋਲ ਕਾਰ ਸਵਾਰ ਹਮਲਾਵਰਾਂ ਨੇ ਪਹਿਲਾਂ ਬੇਸਬਾਲ ਬੈਟ ਨਾਲ ਹਮਲਾ ਕੀਤਾ ਤੇ ਬਾਅਦ ’ਚ 4-5 ਰਾਉਂਡ ਫਾਇਰਿੰਗ ਕਰ ਦਿੱਤੀ, ਜਿਸ ’ਚ ਨਵਜੋਤ ਸਿੰਘ ਗੋਲੀ ਦਾ ਸ਼ਿਕਾਰ ਹੋਇਆ। ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋਸ਼ੀਆਂ ਨੂੰ ਪਿਸਤੌਲ ਸਮੇਤ ਕਾਬੂ ਕਰ ਲਿਆ ਹੈ ਤੇ ਦੋਹਾਂ ਪੱਖਾਂ ਖ਼ਿਲਾਫ਼ ਕਰਾਸ ਕੇਸ ਦਰਜ ਕਰਕੇ ਮਾਮਲੇ ਦੀ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।