- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗ੍ਰੀਨਲੈਂਡ ਹੋਟਲ ਕਾਂਡ : ਮੈਨੇਜਰ ਖ਼ਿਲਾਫ਼ ਕੇਸ ਦਰਜ

ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ
ਖੰਨਾ : ਜੀਟੀ ਰੋਡ ਸਥਿਤ ਗ੍ਰੀਨਲੈਂਡ ਹੋਟਲ ਵਿੱਚ ਪ੍ਰੇਮੀ ਵੱਲੋਂ ਆਪਣੀ ਪ੍ਰੇਮਿਕਾ ਨੂੰ ਗੋਲੀ ਮਾਰਨ ਤੋਂ ਬਾਅਦ ’ਚ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦੇ ਮਾਮਲੇ ’ਚ ਖੰਨਾ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਗ੍ਰੀਨਲੈਂਡ ਹੋਟਲ ਦੇ ਮੈਨੇਜਰ ਵਿਸ਼ਾਲ ਪੁੱਤਰ ਅਵਤਾਰ ਸਿੰਘ ਵਾਸੀ ਵਾਰਡ ਨੰਬਰ 10 ਸੰਤ ਕਾਲੋਨੀ, ਅਮਲੋਹ ਰੋਡ ਖੰਨਾ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਨੇ ਇਹ ਕਾਰਵਾਈ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਦੀ ਉਲੰਘਣਾ ਕਰਨ ’ਤੇ ਹੋਟਲ ਸੰਚਾਲਨ ਸਬੰਧੀ ਨਿਰਧਾਰਿਤ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਦੋਸ਼ ਹੇਠ ਕੀਤੀ ਹੈ। ਪੁਲਿਸ ਜਾਂਚ ’ਚ ਸਾਹਮਣੇ ਆਇਆ ਕਿ ਮੈਨੇਜਰ ਨੇ ਹੋਟਲ ’ਚ ਠਹਿਰੇ ਨੌਜਵਾਨ ਤੇ ਉਸ ਦੇ ਨਾਲ ਆਈ ਔਰਤ ਦਾ ਨਾ ਤਾਂ ਪਛਾਣ ਸਬੰਧੀ ਰਿਕਾਰਡ ਦਰਜ ਕੀਤਾ ਤੇ ਨਾ ਹੀ ਉਨ੍ਹਾਂ ਦੇ ਪਛਾਣ ਪੱਤਰਾਂ ਦੀ ਜਾਂਚ ਕੀਤੀ। ਇਸ ਤੋਂ ਇਲਾਵਾ ਹੋਟਲ ’ਚ ਆਉਣ ਵਾਲੇ ਮਹਿਮਾਨਾਂ ਦੇ ਸਮਾਨ ਤੇ ਹਥਿਆਰਾਂ ਸਬੰਧੀ ਲਾਜ਼ਮੀ ਚੈਕਿੰਗ ਵੀ ਨਹੀਂ ਕੀਤੀ ਗਈ। ਪੁਲਿਸ ਦਾ ਮੰਨਣਾ ਹੈ ਕਿ ਜੇਕਰ ਨਿਰਧਾਰਿਤ ਸੁਰੱਖਿਆ ਨਿਯਮਾਂ ਦੀ ਪਾਲਣਾ ਕੀਤੀ ਜਾਂਦੀ ਤਾਂ ਇਸ ਘਟਨਾ ਨਾਲ ਜੁੜੇ ਕਈ ਮਹੱਤਵਪੂਰਨ ਤੱਥ ਪਹਿਲਾਂ ਹੀ ਸਾਹਮਣੇ ਆ ਸਕਦੇ ਸਨ। ਜ਼ਿਕਰਯੋਗ ਹੈ ਕਿ 1 ਜੁਲਾਈ ਨੂੰ ਗ੍ਰੀਨਲੈਂਡ ਹੋਟਲ ਦੇ ਇੱਕ ਕਮਰੇ ’ਚ ਤਰਨਤਾਰਨ ਦੀ ਰਹਿਣ ਵਾਲੀ ਹਰਪ੍ਰੀਤ ਕੌਰ (33) ਤੇ ਫਿਰੋਜ਼ਪੁਰ ਦੇ ਮੱਖੂ ਵਾਸੀ ਮਨਜੀਤ ਸਿੰਘ (26) ਦੀਆਂ ਲਾਸ਼ਾਂ ਮਿਲੀਆਂ ਸਨ। ਦੋਵੇਂ ਵਿਆਹੇ ਹੋਏ ਸਨ ਤੇ ਆਪਸੀ ਪ੍ਰੇਮ ਸਬੰਧਾਂ ’ਚ ਸਨ। ਪੁਲਿਸ ਜਾਂਚ ਅਨੁਸਾਰ ਮਨਜੀਤ ਸਿੰਘ ਨੇ ਪਹਿਲਾਂ ਆਪਣੀ ਪ੍ਰੇਮਿਕਾ ਹਰਪ੍ਰੀਤ ਕੌਰ ਦੇ ਸਿਰ ’ਚ ਗੋਲੀ ਮਾਰੀ ਤੇ ਉਸ ਤੋਂ ਬਾਅਦ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ।
- ਨਿਯਮਾਂ ਦੀ ਅਣਦੇਖੀ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ : ਐੱਸਐੱਸਪੀ
ਐੱਸਐੱਸਪੀ ਡਾ. ਦਰਪਣ ਆਹਲੂਵਾਲੀਆ ਨੇ ਜ਼ਿਲ੍ਹੇ ਦੇ ਸਾਰੇ ਹੋਟਲ, ਗੈਸਟ ਹਾਊਸ ਤੇ ਸਰਾਂ ਚਲਾਉਣ ਵਾਲੇ ਸੰਚਾਲਕਾਂ ਨੂੰ ਹਦਾਇਤ ਕੀਤੀ ਹੈ ਕਿ ਬਿਨਾਂ ਵੈਧ ਪਛਾਣ ਪੱਤਰ ਕਿਸੇ ਵੀ ਵਿਅਕਤੀ ਨੂੰ ਕਮਰਾ ਨਾ ਦਿੱਤਾ ਜਾਵੇ। ਹਰ ਮਹਿਮਾਨ ਦਾ ਨਾਮ, ਪਤਾ, ਮੋਬਾਈਲ ਨੰਬਰ ਤੇ ਪਛਾਣ ਪੱਤਰ ਦਾ ਵੇਰਵਾ ਹੋਟਲ ਰਜਿਸਟਰ ਤੇ ਰਿਕਾਰਡ ’ਚ ਲਾਜ਼ਮੀ ਤੌਰ ’ਤੇ ਦਰਜ ਕੀਤਾ ਜਾਵੇ। ਇਸ ਦੇ ਨਾਲ ਹੀ ਕਿਸੇ ਵੀ ਸ਼ੱਕੀ ਵਿਅਕਤੀ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ ਤੇ ਸੁਰੱਖਿਆ ਸਬੰਧੀ ਸਾਰੇ ਮਾਪਦੰਡਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਨਿਯਮਾਂ ਦੀ ਅਣਦੇਖੀ ਕਰਨ ਵਾਲੇ ਹੋਟਲ ਸੰਚਾਲਕਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਵੱਲੋਂ ਸਮੇਂ-ਸਮੇਂ ’ਤੇ ਹੋਟਲਾਂ ਤੇ ਗੈਸਟ ਹਾਊਸਾਂ ਦੀ ਅਚਾਨਕ ਜਾਂਚ ਵੀ ਕੀਤੀ ਜਾਂਦੀ ਰਹੇਗੀ।