ਝੋਨੇ ਦੇ ਸੀਜ਼ਨ ’ਚ ਆਉਂਦੀ ਸਮੱਸਿਆ ਨੂੰ ਲੈ ਕੇ ਗੱਲਾ ਮਜ਼ਦੂਰ ਐੱਸਡੀਐੱਮ ਨੂੰ ਮਿਲੇ ਝੋਨੇ ਦੇ ਸੀਜ਼ਨ ਵਿਚ ਆਉਂਦੀ ਸਮੱਸਿਆ ਨੂੰ ਲੈ ਕੇ ਗੱਲਾ ਮਜ਼ਦੂਰ ਐੱਸਡੀਐੱਮ ਨੂੰ ਮਿਲੇ
Publish Date: Tue, 29 Sep 2026 08:15 PM (IST)
Updated Date: Wed, 30 Sep 2026 04:10 AM (IST)
ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ: ਏਸ਼ੀਆ ਦੀ ਦੂਜੀ ਵੱਡੀ ਅਨਾਜ ਮੰਡੀ ਜਗਰਾਓਂ ’ਚ ਝੋਨੇ ਦੇ ਖ਼ਰੀਦ ਸੀਜ਼ਨ ਦੌਰਾਨ ਆਉਂਦੀਆਂ ਸਮੱਸਿਆਵਾਂ ਨੂੰ ਲੈ ਕੇ ਗੱਲਾ ਮਜ਼ਦੂਰ ਯੂਨੀਅਨ ਦੇ ਵਫ਼ਦ ਨੇ ਐੱਸਡੀਐੱਮ ਬਾਦਲ ਦੀਨ ਨਾਲ ਮੁਲਾਕਾਤ ਕੀਤੀ। ਗੱਲਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦੇਵ ਰਾਜ ਦੀ ਅਗਵਾਈ ਹੇਠ ਵਫ਼ਦ ਨੇ ਐੱਸਡੀਐੱਮ ਜਗਰਾਓਂ ਨੂੰ ਸਮੱਸਿਆਵਾਂ ਨੂੰ ਦੂਰ ਕਰਨ ਲਈ ਇੱਕ ਮੰਗ ਪੱਤਰ ਵੀ ਸੌਂਪਿਆ। ਵਫ਼ਦ ਨੇ ਲਿਖਤੀ ਮੰਗ ਪੱਤਰ ਰਾਹੀਂ ਮੰਗ ਕੀਤੀ ਕਿ ਹਰ ਸਾਲ ਝੋਨੇ ਦੇ ਸੀਜ਼ਨ ਦੌਰਾਨ ਖਰੀਦ ਏਜੰਸੀਆਂ ਵੱਲੋਂ ਖ਼ਰੀਦ ਕਰਨ ਸਮੇਂ ਆਉਂਦੀਆਂ ਸਮਸਿਆਵਾਂ ਦਾ ਸਮਾਂ ਰਹਿੰਦਿਆਂ ਹੱਲ ਕਰ ਦਿੱਤਾ ਜਾਵੇ ਤਾਂ ਕੰਮ ਸੁਚਾਰੂ ਰੂਪ ਵਿਚ ਚਲ ਸਕਦਾ ਹੈ। ਵਫ਼ਦ ਨੇ ਮੰਗ ਕੀਤੀ ਹੈ ਕਿ ਝੋਨੇ ਦੀ ਖ਼ਰੀਦ ਸਮੇਂ ਖ਼ਰੀਦ ਏਜੰਸੀਆਂ ਵੱਲੋਂ ਮਾਊੁਸਚਰ ਦੇ ਪੈਮਾਨੇ ਦੀ ਪਾਲਣਾ ਦੀ ਗਰੰਟੀ ਕੀਤੀ ਜਾਵੇ। ਬਹੱਤਰ ਘੰਟੇ ’ਚ ਅਨਾਜ ਦੀ ਲਿਫਟਿੰਗ ਯਕੀਨੀ ਬਣਾਈ ਜਾਵੇ। ਖ਼ਰੀਦ ਏਜੰਸੀਆਂ ਬਾਰਦਾਨੇ ਦੀ ਸਪਲਾਈ ਮੰਡੀ ਚ ਯਕੀਨੀ ਬਨਾਉਣ। ਮੰਡੀ ’ਚ ਅਨਾਜ ਦੀ ਸੁਰੱਖਿਆ ਲਈ ਸਖ਼ਤ ਕਦਮ ਚੁੱਕੇ ਜਾਣ, ਮੰਡੀ ’ਚ ਸੀਜ਼ਨ ਦੌਰਾਨ ਨਿਰੰਤਰ ਸਫਾਈ, ਬਿਜਲੀ, ਪੀਣ ਵਾਲੇ ਪਾਣੀ ਦੀ ਸੇਵਾ ਨਿਰਵਿਘਨ ਜਾਰੀ ਰੱਖਣ ਦੀ ਮੰਗ ਕੀਤੀ ਗਈ। ਮੰਗ ਪੱਤਰ ’ਚ ਸਰਕਾਰ ਤੋਂ ਮਜਦੂਰੀ ਰੇਟਾਂ ’ਚ ਪੱਚੀ ਪ੍ਰਤੀਸਤ ਵਾਧਾ ਕਰਨ ਦੀ ਮੰਗ ਮਨਵਾਉਣ ਦੀ ਮੰਗ ਵੀ ਕੀਤੀ ਗਈ। ਵਫ਼ਦ ’ਚ ਇਨਕਲਾਬੀ ਕੇਂਦਰ ਦੇ ਕੰਵਲਜੀਤ ਖੰਨਾ, ਜਸਵੰਤ ਸਿੰਘ, ਸੋਨੂ ਸਿੰਘ, ਕੁਲਦੀਪ ਸਿੰਘ ਸਹੋਤਾ ਆਦਿ ਹਾਜ਼ਰ ਸਨ।