ਵਿਆਹਾਂ ਦੇ ਸੀਜ਼ਨ ਵਿੱਚ ਖ਼ਰੀਦਦਾਰਾਂ ਨੂੰ ਰਾਹਤ! 10 ਦਿਨਾਂ ’ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ; ਸੋਨਾ 11 ਹਜ਼ਾਰ ਤੇ ਚਾਂਦੀ 28 ਹਜ਼ਾਰ ਰੁਪਏ ਹੋਈ ਸਸਤੀ
ਲਗਾਤਾਰ ਵਧਦੀਆਂ ਕੀਮਤਾਂ ਦਰਮਿਆਨ ਤਿਉਹਾਰੀ ਸੀਜ਼ਨ ਵਿੱਚ ਖ਼ਰੀਦਦਾਰੀ ਕਰਨ ਵਾਲੇ ਗਾਹਕਾਂ ਤੋਂ ਬਾਅਦ ਹੁਣ ਬਾਜ਼ਾਰ ਵਿੱਚ ਆਈ ਇਸ ਨਰਮੀ ਨਾਲ ਗਹਿਣੇ ਖ਼ਰੀਦਣ ਦੀ ਯੋਜਨਾ ਬਣਾ ਰਹੇ ਲੋਕਾਂ ਨੂੰ ਰਾਹਤ ਮਿਲਣ ਦੀ ਉਮੀਦ ਹੈ। ਖ਼ਾਸ ਕਰਕੇ ਵਿਆਹ-ਸ਼ਾਦੀਆਂ ਦੇ ਆਗਾਮੀ ਸੀਜ਼ਨ ਨੂੰ ਦੇਖਦਿਆਂ ਸਰਾਫ਼ਾ ਬਾਜ਼ਾਰ ਵਿੱਚ ਇੱਕ ਵਾਰ ਫਿਰ ਗਾਹਕਾਂ ਦੀ ਸਰਗਰਮੀ ਵਧਣ ਦੇ ਆਸਾਰ ਹਨ।
Publish Date: Thu, 19 Nov 2026 12:29 PM (IST)
Updated Date: Thu, 19 Nov 2026 12:38 PM (IST)
ਮੁਨੀਸ਼ ਸ਼ਰਮਾ, ਜਾਗਰਣ, ਲੁਧਿਆਣਾ। ਤਿਉਹਾਰੀ ਸੀਜ਼ਨ ਖ਼ਤਮ ਹੁੰਦੇ ਹੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਦਾ ਦੌਰ ਸ਼ੁਰੂ ਹੋ ਗਿਆ ਹੈ। ਬੀਤੇ ਦਸ ਦਿਨਾਂ ਦੌਰਾਨ ਸੋਨੇ ਦੇ ਭਾਅ ਵਿੱਚ ਕਰੀਬ 11 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ ਦੀ ਕੀਮਤ ਵਿੱਚ ਕਰੀਬ 28 ਹਜ਼ਾਰ ਰੁਪਏ ਪ੍ਰਤੀ ਕਿੱਲੋ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਲਗਾਤਾਰ ਵਧਦੀਆਂ ਕੀਮਤਾਂ ਦਰਮਿਆਨ ਤਿਉਹਾਰੀ ਸੀਜ਼ਨ ਵਿੱਚ ਖ਼ਰੀਦਦਾਰੀ ਕਰਨ ਵਾਲੇ ਗਾਹਕਾਂ ਤੋਂ ਬਾਅਦ ਹੁਣ ਬਾਜ਼ਾਰ ਵਿੱਚ ਆਈ ਇਸ ਨਰਮੀ ਨਾਲ ਗਹਿਣੇ ਖ਼ਰੀਦਣ ਦੀ ਯੋਜਨਾ ਬਣਾ ਰਹੇ ਲੋਕਾਂ ਨੂੰ ਰਾਹਤ ਮਿਲਣ ਦੀ ਉਮੀਦ ਹੈ। ਖ਼ਾਸ ਕਰਕੇ ਵਿਆਹ-ਸ਼ਾਦੀਆਂ ਦੇ ਆਗਾਮੀ ਸੀਜ਼ਨ ਨੂੰ ਦੇਖਦਿਆਂ ਸਰਾਫ਼ਾ ਬਾਜ਼ਾਰ ਵਿੱਚ ਇੱਕ ਵਾਰ ਫਿਰ ਗਾਹਕਾਂ ਦੀ ਸਰਗਰਮੀ ਵਧਣ ਦੇ ਆਸਾਰ ਹਨ।
ਲੁਧਿਆਣਾ ਜਿਊਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਆਨੰਦ ਸੀਕਰੀ ਅਨੁਸਾਰ ਦੀਵਾਲੀ ਦੌਰਾਨ 24 ਕੈਰੇਟ ਸੋਨੇ ਦੀ ਕੀਮਤ ਕਰੀਬ 1 ਲੱਖ 45 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਸੀ, ਜੋ ਹੁਣ ਘਟ ਕੇ ਕਰੀਬ 1 ਲੱਖ 34 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ ਹੈ।
ਇਸੇ ਤਰ੍ਹਾਂ ਦੀਵਾਲੀ ਦੌਰਾਨ ਚਾਂਦੀ ਦਾ ਭਾਅ ਕਰੀਬ 1 ਲੱਖ 98 ਹਜ਼ਾਰ ਰੁਪਏ ਪ੍ਰਤੀ ਕਿੱਲੋ ਸੀ, ਜੋ ਹੁਣ ਡਿੱਗ ਕੇ ਕਰੀਬ 1 ਲੱਖ 70 ਹਜ਼ਾਰ ਰੁਪਏ ਪ੍ਰਤੀ ਕਿੱਲੋ ਰਹਿ ਗਿਆ ਹੈ। ਇਸ ਤਰ੍ਹਾਂ ਦਸ ਦਿਨਾਂ ਦੇ ਅੰਦਰ ਦੋਵਾਂ ਕੀਮਤੀ ਧਾਤਾਂ ਵਿੱਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਲੁਧਿਆਣਾ ਜਿਊਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਆਨੰਦ ਸੀਕਰੀ ਨੇ ਦੱਸਿਆ ਕਿ ਤਿਉਹਾਰੀ ਸੀਜ਼ਨ ਦੌਰਾਨ ਖ਼ਰੀਦਦਾਰੀ ਦੀ ਮੰਗ ਵਧਣ ਕਾਰਨ ਸੋਨੇ ਦੀਆਂ ਕੀਮਤਾਂ ਵਿੱਚ ਤੇਜ਼ੀ ਬਣੀ ਹੋਈ ਸੀ।
ਦੀਵਾਲੀ ਦੇ ਆਸ-ਪਾਸ ਵੀ ਬਾਜ਼ਾਰ ’ਚ ਸੋਨੇ-ਚਾਂਦੀ ਦੀ ਖ਼ਰੀਦਦਾਰੀ ਨੂੰ ਲੈ ਕੇ ਉਤਸ਼ਾਹ ਸੀ। ਹਾਲਾਂਕਿ ਤਿਉਹਾਰੀ ਮੰਗ ਖ਼ਤਮ ਹੋਣ ਤੋਂ ਬਾਅਦ ਹੁਣ ਕੀਮਤਾਂ ’ਚ ਲਗਾਤਾਰ ਨਰਮੀ ਆ ਰਹੀ ਹੈ। ਕੌਮਾਂਤਰੀ ਬਾਜ਼ਾਰ ’ਚ ਉਤਰਾਅ-ਚੜ੍ਹਾਅ, ਡਾਲਰ ਦੀ ਮਜ਼ਬੂਤੀ ਅਤੇ ਨਿਵੇਸ਼ਕਾਂ ਵੱਲੋਂ ਮੁਨਾਫ਼ਾ-ਵਸੂਲੀ ਦਾ ਅਸਰ ਵੀ ਕੀਮਤੀ ਧਾਤਾਂ ਦੇ ਭਾਅ 'ਤੇ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਸੋਨੇ ਦੀਆਂ ਕੀਮਤਾਂ ਵਿੱਚ ਕਾਫ਼ੀ ਗਿਰਾਵਟ ਆ ਚੁੱਕੀ ਹੈ।
ਇਸ ਦਾ ਫ਼ਾਇਦਾ ਆਗਾਮੀ ਵਿਆਹ-ਸ਼ਾਦੀਆਂ ਦੇ ਸੀਜ਼ਨ ਵਿੱਚ ਦੇਖਣ ਨੂੰ ਮਿਲ ਸਕਦਾ ਹੈ। ਪਿਛਲੇ ਕੁਝ ਸਮੇਂ ਤੋਂ ਉੱਚੇ ਭਾਅ ਕਾਰਨ ਕਈ ਗਾਹਕ ਆਪਣੀ ਗਹਿਣਿਆਂ ਦੀ ਖ਼ਰੀਦਦਾਰੀ ਟਾਲ ਰਹੇ ਸਨ ਜਾਂ ਬਜਟ ਅਨੁਸਾਰ ਘੱਟ ਵਜ਼ਨ ਦੇ ਗਹਿਣੇ ਖ਼ਰੀਦ ਰਹੇ ਸਨ। ਹੁਣ ਕੀਮਤਾਂ ਵਿੱਚ ਆਈ ਗਿਰਾਵਟ ਨਾਲ ਅਜਿਹੇ ਗਾਹਕਾਂ ਨੂੰ ਖ਼ਰੀਦਦਾਰੀ ਦਾ ਬਿਹਤਰ ਮੌਕਾ ਮਿਲ ਸਕਦਾ ਹੈ।
ਵਿਆਹ ਸੀਜ਼ਨ ਨਾਲ ਵਧ ਸਕਦੀ ਹੈ ਮੰਗ
ਸਰਾਫ਼ਾ ਕਾਰੋਬਾਰੀਆਂ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਵਿਆਹ-ਸ਼ਾਦੀਆਂ ਦੇ ਸਮਾਗਮਾਂ ਦੇ ਚੱਲਦਿਆਂ ਸੋਨੇ ਅਤੇ ਚਾਂਦੀ ਦੀ ਮੰਗ ਵਿੱਚ ਤੇਜ਼ੀ ਆਉਣ ਦੀ ਸੰਭਾਵਨਾ ਹੈ। ਕੀਮਤਾਂ ਵਿੱਚ ਮੌਜੂਦਾ ਗਿਰਾਵਟ ਜੇਕਰ ਜਾਰੀ ਰਹਿੰਦੀ ਹੈ ਤਾਂ ਬਾਜ਼ਾਰ ਵਿੱਚ ਗਾਹਕਾਂ ਦੀ ਆਵਾਜਾਈ ਵਧ ਸਕਦੀ ਹੈ। ਹਾਲਾਂਕਿ, ਕਾਰੋਬਾਰੀ ਫਿਲਹਾਲ ਕੌਮਾਂਤਰੀ ਬਾਜ਼ਾਰ ਦੀਆਂ ਗਤੀਵਿਧੀਆਂ 'ਤੇ ਨਜ਼ਰ ਬਣਾਈ ਬੈਠੇ ਹਨ। ਆਉਣ ਵਾਲੇ ਦਿਨਾਂ ਵਿੱਚ ਕੀਮਤਾਂ ਦਾ ਰੁਖ਼ ਹੀ ਤੈਅ ਕਰੇਗਾ ਕਿ ਗਾਹਕ ਖ਼ਰੀਦਦਾਰੀ ਲਈ ਕਿੰਨਾ ਉਤਸ਼ਾਹ ਦਿਖਾਉਂਦੇ ਹਨ।
ਪਿਛਲੇ ਦਸ ਸਾਲਾਂ ’ਚ ਸੋਨੇ ਦੇ ਵੱਧ ਤੋਂ ਵੱਧ ਭਾਅ (22 ਕੈਰੇਟ ਪ੍ਰਤੀ ਦਸ ਗ੍ਰਾਮ)
| ਸਾਲ | ਵੱਧ ਤੋਂ ਵੱਧ ਭਾਅ (ਰੁਪਏ ਵਿੱਚ) |
| 2016 | ₹28,623 |
| 2017 | ₹29,667 |
| 2018 | ₹31,438 |
| 2019 | ₹35,220 |
| 2020 | ₹48,651 |
| 2021 | ₹48,750 |
| 2022 | ₹52,670 |
| 2023 | ₹62,400 |
| 2024 | ₹75,000 |
| 2025 | ₹1,40,000 |
| 2026 | ₹1,92,000 |
ਪਿਛਲੇ ਦਸ ਸਾਲਾਂ ਵਿੱਚ ਚਾਂਦੀ ਦੇ ਵੱਧ ਤੋਂ ਵੱਧ ਭਾਅ (ਪ੍ਰਤੀ ਕਿੱਲੋ)
| ਸਾਲ | ਵੱਧ ਤੋਂ ਵੱਧ ਭਾਅ (ਰੁਪਏ ਵਿੱਚ) |
| 2016 | ₹36,318 |
| 2017 | ₹42,748 |
| 2018 | ₹43,072 |
| 2019 | ₹48,000 |
| 2020 | ₹73,500 |
| 2021 | ₹74,000 |
| 2022 | ₹71,500 |
| 2023 | ₹77,300 |
| 2024 | ₹95,000 |
| 2025 | ₹2,50,000 |
| 2026 | ₹4,25,000 |