- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦ੍ਰਿਸ਼ਟੀ ਸਕੂਲ ਵਿਖੇ ਲੜਕੀਆਂ ਦੇ ਸ਼ਤਰੰਜ ਟੂਰਨਾਮੈਂਟ ਦਾ ਆਯੋਜਨ

ਜਗਦੇਵ ਗਰੇਵਾਲ, ਪੰਜਾਬੀ ਜਾਗਰਣ
ਜੋਧਾਂ : ਨਾਰੰਗਵਾਲ ਦੇ ਦ੍ਰਿਸ਼ਟੀ ਡਾ. ਆਰਸੀ ਜੈਨ ਇਨੋਵੇਟਿਵ ਪਬਲਿਕ ਸਕੂਲ ਵਿਖੇ ਐਲਐੱਸਐੱਸਸੀ ਲੜਕੀਆਂ ਦੇ ਸ਼ਤਰੰਜ ਟੂਰਨਾਮੈਂਟ ਕਰਵਾਇਆ ਗਿਆ। ਇਸ ਵਿੱਚ ਇਲਾਕੇ ਦੇ 28 ਪ੍ਰਮੁੱਖ ਸਕੂਲਾਂ ਦੀਆਂ 200 ਤੋਂ ਵੱਧ ਵਿਦਿਆਰਥਣਾਂ ਨੇ ਹਿੱਸਾ ਲੈਂਦਿਆਂ ਆਪਣੀ ਬੁੱਧੀਮਤਾ, ਇਕਾਗਰਤਾ ਅਤੇ ਰਣਨੀਤਿਕ ਸੋਚ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਟੂਰਨਾਮੈਂਟ ਦੌਰਾਨ ਸਕੂਲ ਕੈਂਪਸ ਵਿੱਚ ਮੁਕਾਬਲੇਬਾਜ਼ੀ ਦੇ ਨਾਲ-ਨਾਲ ਖੇਡ ਭਾਵਨਾ ਦਾ ਵੀ ਸੁੰਦਰ ਮਾਹੌਲ ਦੇਖਣ ਨੂੰ ਮਿਲਿਆ। ਮੁੱਖ ਅੰਪਾਇਰ ਅਤੇ ਐੱਸਐੱਨਏ ਵਿਕਾਸ ਸ਼ਰਮਾ ਦੀ ਦੇਖ-ਰੇਖ ਹੇਠ ਮੁਕਾਬਲੇ ਨਿਰਪੱਖ ਅਤੇ ਉੱਚ ਮਾਪਦੰਡਾਂ ਅਨੁਸਾਰ ਕਰਵਾਏ ਗਏ। ਤਿੰਨਾਂ ਉਮਰ ਵਰਗਾਂ ਵਿੱਚ ਖਿਡਾਰਨਾਂ ਨੇ ਦਬਾਅ ਦੇ ਬਾਵਜੂਦ ਸ਼ਾਨਦਾਰ ਚਾਲਾਂ, ਸਬਰ ਅਤੇ ਸੂਝ-ਬੂਝ ਦਾ ਪ੍ਰਦਰਸ਼ਨ ਕਰਦਿਆਂ ਦਰਸ਼ਕਾਂ ਦਾ ਮਨ ਮੋਹ ਲਿਆ। ਅੰਡਰ-14 ਵਰਗ ਵਿੱਚ ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਰੋਡ ਨੇ ਪਹਿਲਾ, ਬੀਸੀਐੱਮ ਆਰੀਆ ਸੀਨੀਅਰ ਸੈਕੰਡਰੀ ਸਕੂਲ ਸ਼ਾਸਤਰੀ ਨਗਰ ਨੇ ਦੂਜਾ ਅਤੇ ਡੀਏਵੀ ਪਬਲਿਕ ਸਕੂਲ ਬੀਆਰਐੱਸ ਨਗਰ ਨੇ ਤੀਜਾ ਸਥਾਨ ਹਾਸਲ ਕੀਤਾ। ਜਦਕਿ ਅੰਡਰ-17 ਵਰਗ ਵਿੱਚ ਕੇਵੀਐੱਮ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨਜ਼ ਪਹਿਲੇ, ਬੀਸੀਐੱਮ ਆਰੀਆ ਸਕੂਲ ਸਿੰਗਲਾ ਇਨਕਲੇਵ ਦੂਜੇ ਅਤੇ ਬੀਵੀਐੱਮ ਸੀਨੀਅਰ ਸੈਕੰਡਰੀ ਸਕੂਲ ਕਿਚਲੂ ਨਗਰ ਤੀਜੇ ਸਥਾਨ ’ਤੇ ਰਿਹਾ। ਅੰਡਰ-19 ਵਰਗ ਵਿੱਚ ਬੀਸੀਐੱਮ ਆਰੀਆ ਸੀਨੀਅਰ ਸੈਕੰਡਰੀ ਸਕੂਲ ਸ਼ਾਸਤਰੀ ਨਗਰ ਨੇ ਪਹਿਲਾ, ਜੀਸਸ ਸੈਕਰਡ ਹਾਰਟ ਸਕੂਲ ਸਾਊਥ ਸਿਟੀ ਨੇ ਦੂਜਾ ਅਤੇ ਡੀਏਵੀ ਪਬਲਿਕ ਸਕੂਲ ਸਿਵਲ ਲਾਈਨਜ਼ ਨੇ ਤੀਜਾ ਸਥਾਨ ਹਾਸਲ ਕੀਤਾ।
ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਮਨੀਸ਼ਾ ਗੰਗਵਾਰ ਨੇ ਜੇਤੂਆਂ ਅਤੇ ਹਿੱਸਾ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸ਼ਤਰੰਜ ਸਿਰਫ਼ ਇੱਕ ਖੇਡ ਨਹੀਂ, ਸਗੋਂ ਸਬਰ, ਤਰਕਸ਼ੀਲ ਸੋਚ, ਸਹੀ ਫ਼ੈਸਲੇ ਲੈਣ ਦੀ ਸਮਰੱਥਾ ਅਤੇ ਆਤਮ-ਵਿਸ਼ਵਾਸ ਨੂੰ ਵਿਕਸਤ ਕਰਨ ਦਾ ਪ੍ਰਭਾਵਸ਼ਾਲੀ ਮਾਧਿਅਮ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਸਰੀਰਕ ਸਿੱਖਿਆ ਵਿਭਾਗ ਦੀ ਮੁੱਖੀ ਨੇਹਾ ਬੱਗਾ ਨੇ ਸਮੂਹ ਭਾਗੀਦਾਰ ਸਕੂਲਾਂ, ਟੀਮ ਮੈਨੇਜਰਾਂ ਅਤੇ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਭ ਦੇ ਸਹਿਯੋਗ ਨਾਲ ਟੂਰਨਾਮੈਂਟ ਬੇਹੱਦ ਸਫ਼ਲ ਰਿਹਾ। ਟੂਰਨਾਮੈਂਟ ਨੇ ਇੱਕ ਵਾਰ ਫਿਰ ਸਾਬਤ ਕੀਤਾ ਕਿ ਦ੍ਰਿਸ਼ਟੀ ਸਕੂਲ ਅਕਾਦਮਿਕ ਉੱਤਮਤਾ ਦੇ ਨਾਲ-ਨਾਲ ਖੇਡਾਂ ਅਤੇ ਸਹਿ-ਪਾਠਕ੍ਰਮ ਸਰਗਰਮੀਆਂ ਨੂੰ ਵੀ ਬਰਾਬਰ ਮਹੱਤਵ ਦਿੰਦਾ ਹੈ।