ਗੁਰਦੁਆਰਾ ਨਾਨਕਸਰ ਵਿਖੇ ਬਰਸੀ ਸਮਾਗਮਾਂ ਨੂੰ ਲੈ ਕੇ ਸੰਤਾਂ ਦੀ ਇਕੱਤਰਤਾ ਗੁਰਦੁਆਰਾ ਨਾਨਕਸਰ ਵਿਖੇ ਬਰਸੀ ਸਮਾਗਮਾਂ ਨੂੰ ਲੈ ਕੇ ਸੰਤਾਂ ਦੀ ਇਕੱਤਰਤਾ
Publish Date: Tue, 18 Aug 2026 07:01 PM (IST)
Updated Date: Wed, 19 Aug 2026 04:03 AM (IST)
25 ਅਗਸਤ ਤੋਂ 29 ਅਗਸਤ ਤੱਕ ਸਮਾਗਮਾਂ ਦੀ ਤਿਆਰੀਆਂ ਜ਼ੋਰਾਂ ’ਤੇ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਗਰਾਓਂ : ਵਿਸ਼ਵ ਪ੍ਰਸਿੱਧ ਗੁਰਦੁਆਰਾ ਨਾਨਕਸਰ ਕਲੇਰਾਂ ਦੇ ਬਾਨੀ ਸੱਚਖੰਡ ਵਾਸੀ ਸੰਤ ਬਾਬਾ ਨੰਦ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਜੀ ਦੀ ਸਾਲਾਨਾ ਬਰਸੀ ’ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੰਜ ਰੋਜ਼ਾ ਧਾਰਮਿਕ ਸਮਾਗਮਾਂ ਦਾ 25 ਅਗਸਤ ਦਿਨ ਮੰਗਲਵਾਰ ਨੂੰ ਆਗਾਜ਼ ਹੋਵੇਗਾ। ਦੇਸ਼ ਦੁਨੀਆਂ ਤੋਂ ਲੱਖਾਂ ਦੀ ਗਿਣਤੀ ’ਚ ਨਾਨਕਸਰ ਨਤਮਸਤਕ ਹੁੰਦੀਆਂ ਸੰਗਤਾਂ ਦੀ ਆਮਦ ਨੂੰ ਲੈ ਕੇ ਸੰਪਰਦਾਇ ਦੇ ਮੁਖੀ ਸੰਤਾਂ ਦੀ ਅੱਜ ਗੁਰਦੁਆਰਾ ਸਾਹਿਬ ਵਿਖੇ ਮੀਟਿੰਗ ਹੋਈ। ਇਸ ਮੀਟਿੰਗ ’ਚ ਸੰਪਰਦਾਇ ਦੇ ਸੰਤ ਬਾਬਾ ਘਾਲਾ ਸਿੰਘ, ਸੰਤ ਬਾਬਾ ਲੱਖਾ ਸਿੰਘ, ਸੰਤ ਬਾਬਾ ਗੁਰਜੀਤ ਸਿੰਘ ਅਤੇ ਸੰਤ ਬਾਬਾ ਗੁਰਚਰਨ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨੇ ਬਰਸੀ ਸਮਾਗਮਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ, ਜਿਸ ਵਿਚ ਹਰ ਸਾਲ ਦੀ ਤਰ੍ਹਾਂ ਦੇਸ਼ ਦੁਨੀਆਂ ਤੋਂ ਸੰਗਤਾਂ ਦੀ ਆਮਦ ਨੂੰ ਲੈ ਕੇ ਉਨ੍ਹਾਂ ਦੀ ਸਹੂਲਤ ਲਈ ਪ੍ਰਬੰਧਾਂ ’ਤੇ ਚਰਚਾ ਕੀਤੀ ਗਈ। ਇਸ ਦੇ ਨਾਲ ਹੀ 5 ਦਿਨ ਗੁਰਦੁਆਰਾ ਸਾਹਿਬ ਵਿਖੇ ਭਾਰੀ ਭੀੜ ਦੇ ਚੱਲਦਿਆਂ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵੀ ਗੱਲਬਾਤ ਕੀਤੀ ਗਈ। ਜਿਸ ਵਿਚ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਕਿ ਸੰਗਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਨਾਲ ਨਾਲ ਉਨ੍ਹਾਂ ਨੂੰ ਇਨ੍ਹਾਂ ਪ੍ਰਬੰਧਾਂ ਕਾਰਨ ਪਰੇਸ਼ਾਨੀ ਨਾ ਆਵੇ, ਦਾ ਵੀ ਧਿਆਨ ਰੱਖਿਆ ਜਾਵੇ। ਸੰਪਰਦਾਇ ਦੇ ਸੰਤਾਂ ਨੇ ਸੰਗਤਾਂ ਨੂੰ ਬਰਸੀ ਸਮਾਗਮਾਂ ਦੀਆਂ ਤਿਆਰੀਆਂ ਵਿਚ ਜੁਟ ਜਾਣ ਅਤੇ ਪੰਜੇ ਦਿਨ ਸੇਵਾਵਾਂ ਨਿਭਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ। ਇਸ ਮੌਕੇ ਸੰਤਾਂ ਨੇ ਦੱਸਿਆ ਕਿ 25 ਅਗਸਤ ਦਿਨ ਮੰਗਲਵਾਰ ਨੂੰ ਸਵੇਰੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਜਪੁਜੀ ਸਾਹਿਬ ਜੀ ਦੇ ਪਾਠਾਂ ਦੀ ਪਹਿਲੀ ਲੜੀ ਦੇ ਪਾਠ ਪ੍ਰਕਾਸ਼ ਹੋਣਗੇ। ਜਿਨ੍ਹਾਂ ਦੇ ਭੋਗ 27 ਅਗਸਤ ਦਿਨ ਵੀਰਵਾਰ ਨੂੰ ਸਵੇਰੇ ਪਾਏ ਜਾਣਗੇ। ਇਸ ਦੇ ਨਾਲ ਹੀ ਦੂਸਰੀ ਲੜੀ ਦੇ ਪਾਠ ਪ੍ਰਕਾਸ਼ ਹੋਣਗੇ, ਜਿਨ੍ਹਾਂ ਦੇ ਭੋਗ 29 ਅਗਸਤ ਸਾਲਾਨਾ ਸਮਾਗਮਾਂ ਦੀ ਸਮਾਪਤੀ ਵਾਲੇ ਦਿਨ ਪਾਏ ਜਾਣਗੇ। 28 ਅਗਸਤ ਨੂੰ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ। ਇਸ ਦੇ ਨਾਲ ਹੀ 27 ਅਤੇ 28 ਅਗਸਤ ਨੂੰ ਰੈਣ ਸੁਬਾਈ ਕੀਰਤਨ ਦਰਬਾਰ ਸਜਾਏ ਜਾਣਗੇ। ਜਿਸ ਵਿਚ ਪੰਥ ਦੇ ਪ੍ਰਸਿੱਧ ਕੀਰਤਨੀ, ਢਾਡੀ, ਕਵੀਸ਼ਰ ਜੱਥੇ ਗੁਰੂ ਮਹਿਮਾ ਦਾ ਗੁਣਗਾਨ ਕਰਨਗੇ।