- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1 ਨੰਬਰ ਦੀ ਲੀਡ-ਨਿਗਮ ਮੁਲਾਜ਼ਮਾਂ ਦੀ ਹੜਤਾਲ ਕਾਰਨ 32 ਸੈਕੰਡਰੀ ਪੁਆਇੰਟਾਂ ਤੋਂ ਨਹੀਂ ਚੁੱਕਿਆ ਕੂੜਾ

-ਕੌਂਸਲਰ ਤੇ ਨਿਗਮ ਯੂਨੀਅਨ ਵਿਚਾਲੇ ਗ਼ਲਤਫ਼ਹਿਮੀ ਦੂਰ, ‘ਆਪ’ ਨੇ ਕੌਂਸਲਰ ਨਿਧੀ ਗੁਪਤਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਮੰਗਿਆ ਜਵਾਬ
ਵਰਿੰਦਰ ਰਾਣਾ/ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ ਲੁਧਿਆਣਾ
ਨਿਗਮ ਦੇ ਹਾਊਸ ’ਚ ਸੋਮਵਾਰ ਨੂੰ ਸੱਤਾਧਾਰੀ ਧਿਰ ਦੀ ਕੌਂਸਲਰ ਨਿਧੀ ਗੁਪਤਾ ਅਤੇ ਨਿਗਮ ਅਧਿਕਾਰੀਆਂ ਵਿਚਕਾਰ ਹੋਈ ਤਕਰਾਰ ਦਾ ਅਸਰ ਮੰਗਲਵਾਰ ਨੂੰ ਸਫ਼ਾਈ ਵਿਵਸਥਾ ਤੇ ਨਿਗਮ ਦੇ ਕੰਮ-ਕਾਜ ’ਤੇ ਪਿਆ। ਮੁਲਾਜ਼ਮਾਂ ਦੇ ਵਿਰੋਧ ਕਾਰਨ ਸ਼ਹਿਰ ਦੇ 32 ਸੈਕੰਡਰੀ ਪੁਆਇੰਟਾਂ ਤੋਂ ਸਵੇਰੇ ਕੂੜਾ ਨਹੀਂ ਚੁੱਕਿਆ ਗਿਆ।
ਜ਼ੋਨ ਬੀ ਵਿੱਚ ਦੁਪਹਿਰ ਦੋ ਵਜੇ ਤੱਕ ਕੰਮਕਾਜ ਠੱਪ ਰਿਹਾ। ਇਸ ਕਾਰਨ ਕੂੜਾ ਚੁੱਕਣ ਵਾਲੀਆਂ ਰੇਹੜੀਆਂ ਦੀਆਂ ਕਤਾਰਾਂ ਲੱਗ ਗਈਆਂ। ਬਾਅਦ ਦੁਪਹਿਰ ਮੇਅਰ ਕੈਂਪ ਦਫ਼ਤਰ ਵਿੱਚ ਦੋਵਾਂ ਧਿਰਾਂ ਵਿਚਾਲੇ ਗਲਤਫ਼ਹਿਮੀ ਦੂਰ ਹੋਣ ਤੋਂ ਬਾਅਦ ਕੰਮ ਮੁੜ ਸ਼ੁਰੂ ਹੋ ਗਿਆ। ਇਸ ਦੌਰਾਨ ਆਮ ਆਦਮੀ ਪਾਰਟੀ (ਆਪ) ਨੇ ਵਾਰਡ ਨੰਬਰ 19 ਤੋਂ ਪਾਰਟੀ ਦੀ ਕੌਂਸਲਰ ਨਿਧੀ ਗੁਪਤਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ ਨੂੰ ਇਕ ਹਫ਼ਤੇ ਦੇ ਅੰਦਰ ਆਪਣਾ ਪੱਖ ਰੱਖਣ ਲਈ ਕਿਹਾ ਗਿਆ ਹੈ। ਜਵਾਬ ਨਾ ਦੇਣ ਦੀ ਸੂਰਤ ਵਿੱਚ ਪਾਰਟੀ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾ ਸਕਦੀ ਹੈ।
ਕੌਂਸਲਰ ਨਿਧੀ ਗੁਪਤਾ ਨੇ ਆਪਣੇ ਵਾਰਡ ਵਿੱਚ ਸਫ਼ਾਈ ਵਿਵਸਥਾ ਖ਼ਰਾਬ ਹੋਣ ਦਾ ਮੁੱਦਾ ਚੁੱਕਿਆ ਸੀ। ਕੁੱਝ ਸਮਾਂ ਪਹਿਲਾਂ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਸਫ਼ਾਈ ਦੀ ਮਾੜੀ ਹਾਲਤ ਬਾਰੇ ਦੱਸਿਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਨਿਗਮ ਕਮਿਸ਼ਨਰ ਵੱਲੋਂ ਮੌਕੇ ਦਾ ਦੌਰਾ ਕਰਨ ਦੇ ਬਾਵਜੂਦ ਸਫ਼ਾਈ ਨਹੀਂ ਹੋਈ। ਪਾਰਟੀ ਪੱਧਰ ’ਤੇ ਇਸ ਵੀਡੀਓ ਨੂੰ ਪਾਰਟੀ ਵਿਰੋਧੀ ਗਤੀਵਿਧੀ ਵਜੋਂ ਦੇਖਿਆ ਗਿਆ।
ਸੋਮਵਾਰ ਨੂੰ ਨਿਗਮ ਹਾਊਸ ਦੀ ਮੀਟਿੰਗ ਦੌਰਾਨ ਏਜੰਡਾ ਪੜ੍ਹੇ ਜਾਣ ਤੋਂ ਬਾਅਦ ਨਿਧੀ ਗੁਪਤਾ ਨੇ ਆਪਣੀ ਗੱਲ ਰੱਖਣ ਲਈ ਵਾਰ-ਵਾਰ ਜ਼ੋਰ ਦਿੱਤਾ। ਇਸ ਦੌਰਾਨ ਤਕਰਾਰ ਵਧ ਗਈ ਅਤੇ ਨਿਗਮ ਅਧਿਕਾਰੀ ਤੇ ਮੁਲਾਜ਼ਮ ਸਦਨ ਵਿੱਚੋਂ ਬਾਹਰ ਚਲੇ ਗਏ। ਮਾਮਲਾ ਪਾਰਟੀ ਦੇ ਚੰਡੀਗੜ੍ਹ ਅਤੇ ਦਿੱਲੀ ਸਥਿਤ ਸੀਨੀਅਰ ਆਗੂਆਂ ਤੱਕ ਪਹੁੰਚਣ ਤੋਂ ਬਾਅਦ ਕੌਂਸਲਰ ਨੂੰ ਨੋਟਿਸ ਜਾਰੀ ਕੀਤਾ।
ਹੜਤਾਲ ਦਾ ਸਭ ਤੋਂ ਵੱਧ ਅਸਰ ਜ਼ੋਨ ਬੀ ਵਿੱਚ ਦੇਖਣ ਨੂੰ ਮਿਲਿਆ, ਜਿੱਥੇ ਵਾਰਡ ਨੰਬਰ 19 ਵੀ ਪੈਂਦਾ ਹੈ। ਮੁਲਾਜ਼ਮਾਂ ਨੂੰ ਖ਼ਦਸ਼ਾ ਸੀ ਕਿ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸਿਹਤ ਸ਼ਾਖਾ ਸਮੇਤ ਵੱਖ-ਵੱਖ ਸ਼ਾਖਾਵਾਂ ਵਿੱਚ ਸਵੇਰ ਤੋਂ ਦੁਪਹਿਰ ਤੱਕ ਕੰਮਕਾਜ ਪ੍ਰਭਾਵਿਤ ਰਿਹਾ। ਇਸ ਕਾਰਨ ਆਪਣੇ ਕੰਮ ਕਰਵਾਉਣ ਆਏ ਕਈ ਲੋਕਾਂ ਨੂੰ ਖਾਲੀ ਹੱਥ ਪਰਤਣਾ ਪਿਆ। ਇਸਲਾਮਗੰਜ ਤੋਂ ਆਏ ਹਰੀ ਕ੍ਰਿਸ਼ਨ ਨੇ ਦੱਸਿਆ ਕਿ ਉਨ੍ਹਾਂ ਨੇ ਟੀਐੱਸ-1 ਸਰਟੀਫਿਕੇਟ ਲਈ ਅਰਜ਼ੀ ਦਿੱਤੀ ਸੀ ਅਤੇ ਉਨ੍ਹਾਂ ਨੂੰ ਇਸ ਦੀ ਜਲਦੀ ਲੋੜ ਸੀ, ਪਰ ਹੜਤਾਲ ਕਾਰਨ ਕੰਮ ਨਹੀਂ ਹੋ ਸਕਿਆ।
ਨਿਧੀ ਗੁਪਤਾ ਨੇ ਪਹਿਲਾਂ ਨਿਗਮ ਅਧਿਕਾਰੀਆਂ ਵਿਰੁੱਧ ਧਰਨਾ ਦੇਣ ਦਾ ਐਲਾਨ ਕੀਤਾ ਸੀ, ਪਰ ਬਾਅਦ ਵਿੱਚ ਇਹ ਫ਼ੈਸਲਾ ਵਾਪਸ ਲੈ ਲਿਆ। ਉਹ ਪਹਿਲਾਂ ਜ਼ੋਨ ਡੀ ਪਹੁੰਚੇ। ਇਸ ਤੋਂ ਬਾਅਦ ਨਿਗਮ ਯੂਨੀਅਨ ਦੇ ਅਹੁਦੇਦਾਰ ਮੇਅਰ ਕੈਂਪ ਦਫ਼ਤਰ ਪਹੁੰਚੇ, ਜਿੱਥੇ ਦੋਵਾਂ ਧਿਰਾਂ ਵਿਚਕਾਰ ਗੱਲਬਾਤ ਹੋਈ। ਗਲਤਫ਼ਹਿਮੀ ਦੂਰ ਹੋਣ ਤੋਂ ਬਾਅਦ ਯੂਨੀਅਨ ਨੇ ਹੜਤਾਲ ਖ਼ਤਮ ਕਰ ਦਿੱਤੀ। ਸਫ਼ਾਈ ਮੁਲਾਜ਼ਮ ਵੀ ਮੇਅਰ ਕੈਂਪ ਦਫ਼ਤਰ ਦੇ ਬਾਹਰ ਇਕੱਠੇ ਹੋਏ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਅਧਿਕਾਰੀਆਂ ਅਤੇ ਮੁਲਾਜ਼ਮਾਂ ਵਿਰੁੱਧ ਇਸ ਤਰ੍ਹਾਂ ਦੀ ਬਿਆਨਬਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
-ਬਾਕਸ-
-ਕੌਂਸਲਰ ਨਿਧੀ ਗੁਪਤਾ ਵੱਲੋਂ ਕਮਿਸ਼ਨਰ ਨਾਲ ਮੀਟਿੰਗ
ਕੌਂਸਲਰ ਨਿਧੀ ਗੁਪਤਾ ਨੇ ਅੱਜ ਨਿਗਮ ਕਮਿਸ਼ਨਰ ਓਜਸਵੀ ਅਲੰਕਾਰ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਵਾਰਡ ਵਿੱਚ ਸਫ਼ਾਈ ਨਾ ਹੋਣ ਅਤੇ ਚੀਫ਼ ਸੈਨਟਰੀ ਇੰਸਪੈਕਟਰ ਨੀਸ਼ੂ ਘਈ ਵੱਲੋਂ ਸਮੱਸਿਆ ਦਾ ਢੁੱਕਵਾਂ ਹੱਲ ਨਾ ਕੀਤੇ ਜਾਣ ਸਬੰਧੀ ਮਾਮਲੇ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਕੌਂਸਲਰ ਨਿਧੀ ਗੁਪਤਾ ਨੇ ਵਾਰਡ ਦੀ ਸਫ਼ਾਈ ਵਿਵਸਥਾ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਨਿਗਮ ਕਮਿਸ਼ਨਰ ਨੂੰ ਜਾਣੂੰ ਕਰਵਾਇਆ ਗਿਆ। ਪੂਰੇ ਮਾਮਲੇ ਦੀ ਜਾਣਕਾਰੀ ਲੈਣ ਤੋਂ ਬਾਅਦ ਕਮਿਸ਼ਨਰ ਓਜਸਵੀ ਅਲੰਕਾਰ ਨੇ ਸਬੰਧਤ ਚੀਫ਼ ਸੈਨਟਰੀ ਇੰਸਪੈਕਟਰ ਨੀਸ਼ੂ ਘਈ ਨੂੰ ਇਕ ਹਫ਼ਤੇ ਦਾ ਸਮਾਂ ਦਿੰਦਿਆਂ ਵਾਰਡ-19 ਵਿੱਚ ਸਫ਼ਾਈ ਸਬੰਧੀ ਆ ਰਹੀਆਂ ਸਮੱਸਿਆਵਾਂ ਦਾ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਨਿਗਮ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਨਿਰਧਾਰਤ ਸਮੇਂ ਅੰਦਰ ਸਫ਼ਾਈ ਵਿਵਸਥਾ ਵਿੱਚ ਸੁਧਾਰ ਕਰਕੇ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇ। ਜੇਕਰ ਇਕ ਹਫ਼ਤੇ ਬਾਅਦ ਵੀ ਸਮੱਸਿਆਵਾਂ ਦਾ ਹੱਲ ਨਾ ਹੋਇਆ ਤਾਂ ਸਬੰਧਤ ਅਧਿਕਾਰੀ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
-ਬਾਕਸ-
-ਨਿਗਮ ਕਮਿਸ਼ਨਰ ਦਾ ਤਬਾਦਲਾ, ਮਹਿੰਦਰੂ ਬਣੇ ਨਵੇਂ ਕਮਿਸ਼ਨਰ
ਸੂਬਾ ਸਰਕਾਰ ਵੱਲੋਂ ਦੇਰ ਰਾਤ ਲੁਧਿਆਣਾ ਨਿਗਮ ਦੇ ਕਮਿਸ਼ਨਰ ਆਈਏਐੱਸ ਅਧਿਕਾਰੀ ਓਜਸਵੀ ਅਲੰਕਾਰ ਦਾ ਤਬਾਦਲਾ ਕਰ ਦਿੱਤਾ ਹੈ। ਅਲੰਕਾਰ ਨੂੰ ਵਧੀਕ ਸਕੱਤਰ ਮਾਲ, ਪੁਨਰਵਾਸ ਤੇ ਆਫ਼ਤ ਪ੍ਰਬੰਧਨ ਵਿਭਾਗ ਲਗਾਇਆ ਗਿਆ ਹੈ। ਜਦਕਿ ਪੀਸੀਐਸ ਅਧਿਕਾਰੀ ਵਧੀਕ ਡਿਪਟੀ ਕਮਿਸ਼ਨਰ ਜਨਰਲ ਸੰਗਰੂਰ ਅੰਕੁਰ ਮਹਿੰਦਰੂ ਨੂੰ ਨਗਰ ਨਿਗਮ ਲੁਧਿਆਣਾ ਦਾ ਕਮਿਸ਼ਨਰ ਨਿਯੁਕਤ ਕੀਤਾ ਹੈ।