- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਵਨ ਕਿਰਪਾਲ ਰੂਹਾਨੀ ਮਿਸ਼ਨ ਵਿਖੇ ਅੱਖਾਂ ਤੇ ਦੰਦਾਂ ਦੀ ਮੁਫ਼ਤ ਜਾਂਚ

-ਅੱਖਾਂ ਦੇ ਮਰੀਜ਼ਾਂ ਲਈ ਲਾਇਆ ਮੋਤੀਆਬਿੰਦ ਆਪ੍ਰੇਸ਼ਨ ਕੈਂਪ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਸਾਵਨ ਕਿਰਪਾਲ ਰੂਹਾਨੀ ਮਿਸ਼ਨ ਦੀ ਲੁਧਿਆਣਾ ਸ਼ਾਖਾ ਵੱਲੋਂ ਰੱਖ ਬਾਗ ਸਥਿਤ ਕਿਰਪਾਲ ਆਸ਼ਰਮ ਵਿਖੇ ਸੋਹਾਨਾ ਆਈ ਹਸਪਤਾਲ, ਅਰੋੜਾ ਡੈਂਟਲ ਕਲੀਨਿਕ ਤੇ ਸਨਾਤਨ ਧਰਮ ਮੰਦਿਰ ਨਿਊ ਮਾਡਲ ਟਾਊਨ ਦੀ ਡੈਂਟਲ ਕਲੀਨਿਕ ਦੇ ਸਹਿਯੋਗ ਨਾਲ ਅੱਖਾਂ ਤੇ ਦੰਦਾਂ ਦੀ ਮੁਫ਼ਤ ਜਾਂਚ ਤੇ ਮੋਤੀਆਬਿੰਦ ਆਪ੍ਰੇਸ਼ਨ ਕੈਂਪ ਲਾਇਆ। ਇਸ ਕੈਂਪ ਵਿੱਚ ਸੋਹਾਨਾ ਆਈ ਹਸਪਤਾਲ ਦੇ ਤਜਰਬੇਕਾਰ ਡਾਕਟਰਾਂ ਨੇ ਵੱਡੀ ਗਿਣਤੀ ਵਿੱਚ ਅੱਖਾਂ ਦੇ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਅਤੇ ਜਿਨ੍ਹਾਂ ਮਰੀਜ਼ਾਂ ਦੀਆਂ ਅੱਖਾਂ ਵਿੱਚ ਮੋਤੀਆਬਿੰਦ ਪਾਇਆ ਗਿਆ, ਉਨ੍ਹਾਂ ਦਾ ਮੋਤੀਆਬਿੰਦ ਆਪ੍ਰੇਸ਼ਨ ਮਿਸ਼ਨ ਵੱਲੋਂ ਸੋਹਾਨਾ ਆਈ ਹਸਪਤਾਲ ਵਿੱਚ ਮੁਫ਼ਤ ਕੀਤਾ ਜਾਵੇਗਾ।
ਕੈਂਪ ਵਿੱਚ ਅਰੋੜਾ ਡੈਂਟਲ ਕਲੀਨਿਕ ਅਤੇ ਸਨਾਤਨ ਧਰਮ ਮੰਦਿਰ ਨਿਊ ਮਾਡਲ ਟਾਊਨ ਦੀ ਡੈਂਟਲ ਕਲੀਨਿਕ ਦੇ ਡਾਕਟਰਾਂ ਨੇ ਆਏ ਹੋਏ ਮਰੀਜ਼ਾਂ ਦੇ ਦੰਦਾਂ ਦੀ ਜਾਂਚ ਕਰਕੇ ਉਨ੍ਹਾਂ ਦੇ ਦੰਦਾਂ ਵਿੱਚ ਲੱਗੀ ਕੈਵਿਟੀ, ਸੋਜ, ਪਾਇਰੀਆ ਅਤੇ ਠੰਡਾ-ਗਰਮ ਲੱਗਣ ਵਰਗੀਆਂ ਬਿਮਾਰੀਆਂ ਦਾ ਮੁਫ਼ਤ ਇਲਾਜ ਕੀਤਾ, ਤਾਂ ਜੋ ਉਨ੍ਹਾਂ ਨੂੰ ਖਾਣ-ਪੀਣ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ। ਕੈਂਪ ਵਿੱਚ ਆਏ ਅੱਖਾਂ ਤੇ ਦੰਦਾਂ ਦੇ ਸਾਰੇ ਮਰੀਜ਼ਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਕੈਂਪਾਂ ਵਿੱਚ ਇਲਾਜ ਕਰਵਾ ਕੇ ਉਨ੍ਹਾਂ ਨੂੰ ਕਾਫ਼ੀ ਰਾਹਤ ਅਤੇ ਸੰਤੁਸ਼ਟੀ ਮਿਲਦੀ ਹੈ।
ਕੈਂਪ ਦੇ ਅੰਤ ਵਿੱਚ ਹਾਜ਼ਰ ਸਾਰੇ ਭੈਣ-ਭਰਾਵਾਂ ਨੂੰ ਲੰਗਰ ਵੀ ਵਰਤਾਇਆ ਗਿਆ। ਸਾਵਨ ਕਿਰਪਾਲ ਰੂਹਾਨੀ ਮਿਸ਼ਨ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਮਿਸ਼ਨ ਦੀ ਰੱਖ ਬਾਗ ਸਥਿਤ ਲੁਧਿਆਣਾ ਸ਼ਾਖਾ ਵੱਲੋਂ ਕਈ ਤਰ੍ਹਾਂ ਦੇ ਮਾਨਵ-ਕਲਿਆਣ ਕਾਰਜ ਕੀਤੇ ਜਾ ਰਹੇ ਹਨ। ਬੇਸਹਾਰਾ ਬੱਚਿਆਂ ਨੂੰ ਸਰਦੀਆਂ ਵਿੱਚ ਕੰਮ ਆਉਣ ਵਾਲੀਆਂ ਜ਼ਰੂਰੀ ਵਸਤੂਆਂ ਮੁਫ਼ਤ ਵੰਡੀਆਂ ਗਈਆਂ। ਇਸ ਤੋਂ ਇਲਾਵਾ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਰੱਖਣ ਲਈ ਪੌਦੇ ਵੀ ਮੁਫ਼ਤ ਵੰਡੇ ਗਏ।
ਸਾਵਨ ਕਿਰਪਾਲ ਰੂਹਾਨੀ ਮਿਸ਼ਨ ਵੱਲੋਂ ਸਮੇਂ-ਸਮੇਂ ਤੇ ਖੂਨਦਾਨ ਕੈਂਪ, ਮੁਫ਼ਤ ਮੋਤੀਆਬਿੰਦ ਆਪ੍ਰੇਸ਼ਨ ਕੈਂਪ ਤੇ ਸਿਹਤ ਜਾਂਚ ਕੈਂਪ ਵੀ ਲਗਾਏ ਜਾਂਦੇ ਹਨ ਅਤੇ ਸਰੀਰਕ ਤੌਰ ’ਤੇ ਅਪਾਹਜ ਭੈਣ-ਭਰਾਵਾਂ ਨੂੰ ਸਹਾਇਤਾ ਲਈ ਉਪਕਰਨ ਵੀ ਵੰਡੇ ਜਾਂਦੇ ਹਨ। ਸੰਤ ਰਾਜਿੰਦਰ ਸਿੰਘ ਮਹਾਰਾਜ ਅੱਜ ਵਿਸ਼ਵ ਭਰ ਵਿੱਚ ਅਨੇਕਾਂ ਯਾਤਰਾਵਾਂ ਕਰ ਕੇ ਲੱਖਾਂ ਲੋਕਾਂ ਨੂੰ ਧਿਆਨ-ਅਭਿਆਸ ਦੀ ਵਿਧੀ ਸਿਖਾ ਰਹੇ ਹਨ, ਜਿਸ ਨਾਲ ਅਸੀਂ ਆਪਣੇ ਮਨੁੱਖਾ ਜੀਵਨ ਦੇ ਟੀਚੇ, ਜੋ ਕਿ ਆਪਣੇ ਆਪ ਨੂੰ ਜਾਣਨਾ ਤੇ ਪਿਤਾ-ਪਰਮੇਸ਼ਰ ਵਿੱਚ ਲੀਨ ਹੋਣਾ ਹੈ,ਉਸ ਨੂੰ ਇਸੇ ਜੀਵਨ ਵਿੱਚ ਪੂਰਾ ਕਰ ਸਕਦੇ ਹਾਂ।