ਚੋਣ ਪ੍ਰਚਾਰ ਸਮੱਗਰੀ ਦੇ ਨਾਂ ’ਤੇ ਲੱਖਾਂ ਦੀ ਠੱਗੀ
ਚੋਣ ਪ੍ਰਚਾਰ ਸਮੱਗਰੀ ਦੇ ਨਾਮ ’ਤੇ ਲੱਖਾਂ ਦੀ ਠੱਗੀ, ਸਪਲਾਇਰ ਖ਼ਿਲਾਫ ਮਾਮਲਾ ਦਰਜ
Publish Date: Tue, 24 Mar 2026 10:40 PM (IST)
Updated Date: Wed, 25 Mar 2026 04:11 AM (IST)

ਸਪਲਾਇਰ ਖ਼ਿਲਾਫ ਮਾਮਲਾ ਦਰਜ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ ਮਹਾਨਗਰ ਲੁਧਿਆਣਾ ਵਿੱਚ ਸਾਲ 2025 ਵਿੱਚ ਹੋਈ ਵਿਧਾਨ ਸਭਾ ਹਲਕਾ ਪੱਛਮੀ ਦੀ ਜ਼ਿਮਨੀ ਚੋਣ ਦੌਰਾਨ ਪ੍ਰਚਾਰ ਸਮੱਗਰੀ ਮੁਹੱਈਆ ਕਰਵਾਉਣ ਦੇ ਨਾਂ ’ਤੇ ਇੱਕ ਉਮੀਦਵਾਰ ਨਾਲ ਲੱਖਾਂ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਦੋਸ਼ੀ ਖ਼ਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਮਾਮਲਾ ਸ੍ਰੋਮਣੀ ਅਕਾਲੀ ਦਲ (ਅ) ਵੱਲੋਂ ਚੋਣ ਮੈਦਾਨ ਵਿੱਚ ਉਤਾਰੇ ਉਮੀਦਵਾਰ ਨਵਨੀਤ ਕੁਮਾਰ ਵੱਲੋਂ ਦਰਜ ਕਰਵਾਇਆ ਗਿਆ ਹੈ। ਆਪਣੀ ਸ਼ਿਕਾਇਤ ਵਿੱਚ ਉਨ੍ਹਾਂ ਦੱਸਿਆ ਕਿ ਉਹ 2025 ਦੀ ਉਪ-ਚੋਣ ਦੌਰਾਨ ਲੁਧਿਆਣਾ ਪੱਛਮੀ ਹਲਕੇ ਤੋਂ ਵਿਧਾਇਕ ਦੇ ਉਮੀਦਵਾਰ ਸਨ। ਇਸ ਦੌਰਾਨ ਦੋਸ਼ੀ ਇੰਦਰਜੀਤ ਸਿੰਘ ਨੇ ਚੋਣ ਪ੍ਰਚਾਰ ਲਈ ਪੋਸਟਰ ਅਤੇ ਹੋਰ ਸਮੱਗਰੀ ਤਿਆਰ ਕਰਨ ਦੇ ਨਾਮ ’ਤੇ ਉਨ੍ਹਾਂ ਤੋਂ ਪੈਸੇ ਲੈ ਲਏ, ਪਰ ਨਾ ਸਮੱਗਰੀ ਦਿੱਤੀ ਅਤੇ ਨਾ ਹੀ ਢੰਗ ਦੀ ਬਿਲਿੰਗ ਕੀਤੀ। ਸ਼ਿਕਾਇਤਕਰਤਾ ਮੁਤਾਬਕ ਚੋਣਾਂ ਦੌਰਾਨ ਉਸ ਨੇ ਸ਼ਹੀਦ ਭਗਤ ਸਿੰਘ ਨਗਰ ਦੇ ਈ-ਬਲਾਕ ਮਾਰਕੀਟ ਵਿੱਚ ਆਪਣਾ ਚੋਣ ਦਫ਼ਤਰ ਬਣਾਇਆ ਹੋਇਆ ਸੀ। 2 ਜੂਨ 2025 ਨੂੰ ਦੋਸ਼ੀ ਉਸ ਦੇ ਦਫ਼ਤਰ ਆਇਆ ਅਤੇ ਪ੍ਰਚਾਰ ਸਮੱਗਰੀ ਦੀ ਲਾਗਤ 3 ਲੱਖ ਰੁਪਏ ਦੱਸੀ। ਸਹਿਮਤੀ ਅਨੁਸਾਰ ਨਵਨੀਤ ਕੁਮਾਰ ਨੇ 80 ਹਜ਼ਾਰ ਰੁਪਏ ਅਡਵਾਂਸ ਵਜੋਂ ਦੇ ਦਿੱਤੇ। ਬਾਅਦ ਵਿੱਚ ਜਦੋਂ ਚੋਣ ਕਮਿਸ਼ਨ ਦੇ ਨਿਯਮਾਂ ਅਨੁਸਾਰ ਖਰਚੇ ਦੀ ਬਿਲਿੰਗ ਮੰਗੀ ਗਈ ਤਾਂ ਦੋਸ਼ੀ ਟਾਲ-ਮਟੋਲ ਕਰਨ ਲੱਗ ਪਿਆ। ਨਾ ਸਮੱਗਰੀ ਦਿੱਤੀ ਗਈ ਅਤੇ ਨਾ ਹੀ ਪੈਸੇ ਵਾਪਸ ਕੀਤੇ ਗਏ। ਬਿਨ੍ਹਾਂ ਬਿਲਾਂ ਦੇ ਖਰਚੇ ਦਾ ਹਿਸਾਬ ਦੇਣਾ ਮੁਸ਼ਕਿਲ ਹੋ ਗਿਆ, ਜਿਸ ਨਾਲ ਇਹ ਸਪੱਸ਼ਟ ਹੋ ਗਿਆ ਕਿ ਦੋਸ਼ੀ ਨੇ ਜਾਣਬੁੱਝ ਕੇ ਉਸ ਨਾਲ ਠੱਗੀ ਕੀਤੀ ਹੈ। ਇਸ ਮਾਮਲੇ ਵਿੱਚ ਦੁਗਰੀ ਥਾਣਾ ਦੀ ਪੁਲਿਸ ਨੇ ਦੋਸ਼ੀ ਖ਼ਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ।